ਹੁਣ ਪੰਜਾਬ ’ਚ ਜੈਮਰਾਂ ਦੇ ਪਰਛਾਵੇਂ ਹੇਠ ਹੋਣਗੀਆਂ ਭਰਤੀ ਪ੍ਰੀਖਿਆਵਾਂ

Exams

ਪੰਜਾਬ ਦੇ ਚੀਫ਼ ਸੈਕਟਰੀ ਦੀ ਵੱਖ-ਵੱਖ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਲਿਆ ਫੈਸਲਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਵੱਲੋਂ ਨਾਇਬ ਤਹਿਸਲੀਦਾਰਾਂ ਦੇ ਲਏ ਗਏ ਪੇਪਰਾਂ ਵਿੱਚ ਹੋਈ ਵੱਡੀ ਘਪਲੇਬਾਜ਼ੀ ਤੋਂ ਬਾਅਦ ਸਰਕਾਰ ਜਾਗੀ ਹੈ। ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨੌਕਰੀਆਂ ਲਈ ਵੱਖ-ਵੱਖ ਵਿਭਾਗਾਂ ਦੀਆਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ (Exams) ਵਿੱਚ ਜੈਮਰਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਦੁਬਾਰਾ ਕਿਸੇ ਪ੍ਰਕਾਰ ਦੀ ਗੜਬੜੀ ਸਾਹਮਣੇ ਨਾ ਆ ਸਕੇ। ਨਾਇਬ ਤਹਿਸੀਲਦਾਰਾਂ ਦੇ ਪੇਪਰਾਂ ਦਾ ਸੌਦਾ 20-20 ਲੱਖ ’ਚ ਹੋਇਆ ਸੀ।

ਦੱਸਣਯੋਗ ਹੈ ਕਿ ਮਈ ਮਹੀਨੇ ਦੌਰਾਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਬੰਧੀ ਪ੍ਰੀਖਿਆ ਲਈ ਗਈ ਸੀ ਅਤੇ ਸਤੰਬਰ ਮਹੀਨੇ ਦੌਰਾਨ ਨਤੀਜੇ ਆਉਣ ਤੋਂ ਬਾਅਦ ਇਸ ਪ੍ਰੀਖਿਆ (Exams) ਵਿੱਚ ਘਪਲੇਬਾਜ਼ੀ ਦਾ ਮਾਮਲਾ ਤੂਲ ਫੜ ਗਿਆ। ਕਈ ਉਮੀਦਵਾਰਾਂ ਵੱਲੋਂ ਮਾਮਲਾ ਚੁੱਕਦਿਆਂ ਆਖਿਆ ਗਿਆ ਕਿ ਇਸ ਪੇਪਰ ਵਿੱਚ ਅਜਿਹੇ ਉਮੀਦਵਾਰਾਂ ਨੇ ਪਹਿਲੇ ਰੈਂਕਾਂ ਵਿੱਚ ਥਾਂ ਬਣਾਈ ਹੈ, ਜੋ ਕਿ ਕਲਰਕਾਂ ਸਮੇਤ ਛੋਟੇ ਲੈਵਲ ਦੇ ਹੋਏ ਪੇਪਰਾਂ ਵਿੱਚ ਪਾਸ ਵੀ ਨਾ ਹੋ ਸਕੇ।


ਵਿਰੋਧੀ ਸਿਆਸੀ ਧਿਰਾਂ ਵੱਲੋਂ ਮਾਮਲਾ ਚੁੱਕਿਆ ਗਿਆ

ਵਿਰੋਧੀ ਰਾਜਨੀਤਿਕ ਧਿਰਾਂ ਵੱਲੋਂ ਮਾਮਲਾ ਉਠਾਉਣ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾ ਬਹੁਤ ਕੁਝ ਸਾਹਮਣੇ ਆਇਆ ਅਤੇ ਪੁਲਿਸ ਵੱਲੋਂ ਹੁਣ ਤੱਕ ਦਰਜ਼ਨ ਦੇ ਕਰੀਬ ਨਾਇਬ ਤਹਿਸੀਦਾਰਾਂ ਸਮੇਤ ਹੋਰਨਾਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਦੇ ਬੇਪਰਦ ਹੋਣ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਕਾਰਗੁਜ਼ਾਰੀ ਵਿੱਚ ਸਵਾਲਾਂ ਵਿੱਚ ਆ ਗਈ ਸੀ।

ਪਤਾ ਲੱਗਾ ਹੈ ਕਿ ਪਿਛਲੇ ਦਿਨੀ ਹੀ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਸ੍ਰੀ ਵੀਕੇ ਜੰਜੂਆ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ,ਐਸਐਸਬੋਰਡ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ’ਚ ਹੋਣ ਵਾਲੀਆਂ ਭਰਤੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸੇ ਦੌਰਾਨ ਮੀਟਿੰਗ ਵਿੱਚ ਫੈਸਲਾ ਲੈਂਦਿਆਂ ਚੀਫ਼ ਸੈਕਟਰੀ ਵੱਲੋਂ ਪੀਪੀਐਸਸੀ, ਐਸਐਸਬੋਰਡ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਅਗਲੀਆਂ ਹੋਣ ਵਾਲੀਆਂ ਹਰੇਕ ਵਿਭਾਗਾਂ ਦੀਆਂ ਭਰਤੀ ਪ੍ਰੀਖਿਆਵਾਂ (Exams) ਸਬੰਧੀ ਪ੍ਰੀਖਿਆਂ ਸੈਂਟਰਾਂ ਵਿੱਚ ਲਾਜ਼ਮੀ ਤੌਰ ’ਤੇ ਜੈਮਰਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਇਲੈਟ੍ਰੋਨਿਕ ਯੰਤਰਾਂ ਆਦਿ ਰਾਹੀਂ ਕਿਸੇ ਪ੍ਰਕਾਰ ਦੀ ਗੜਬੜੀ ਤੋਂ ਬਚਿਆ ਜਾ ਸਕੇ ਅਤੇ ਪ੍ਰੀਖਿਆਵਾਂ ਵਿੱਚ ਪੂਰੀ ਪਾਰਦਰਸ਼ਤਾ ਬਣੀ ਰਹੇ। ਕਿਸੇ ਤੀਜੀ ਧਿਰ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਵਿੱਚ ਵੀ ਇਹ ਹੁਕਮ ਲਾਗੂ ਹੋਵੇਗਾ। ਅਗਲੇ ਮਹੀਨਿਆਂ ਦੌਰਾਨ ਸਿੱਖਿਆ ਵਿਭਾਗ, ਬਿਜਲੀ ਵਿਭਾਗ, ਸਿਹਤ ਵਿਭਾਗ, ਟੈਕਨੀਕਲ ਐਜੂਕੇਸ਼ਨ, ਹੋਮ ਆਦਿ ਦਰਜ਼ਨ ਤੋਂ ਵੱਧ ਵਿਭਾਗਾਂ ਵਿੱਚ ਭਰਤੀ ਪ੍ਰੀਖਿਆਵਾਂ ਹੋਣੀਆਂ ਹਨ।

ਨਾਇਬ ਤਹਿਸੀਲਦਾਰਾਂ ਦੇ ਪੇਪਰਾਂ ’ਚ ਇੰਜ ਹੋਈ ਸੀ ਘਪਲੇਬਾਜ਼ੀ

ਨਾਇਬ ਤਹਿਸੀਲਦਾਰਾਂ ਦੀ ਭਰਤੀ ਘਪਲੇਬਾਜ਼ੀ ਵਿੱਚ 11 ਜੀਸੀਐਮ ਡਿਵਾਈਸਾਂ, 7 ਮਿੰਨੀ ਬਲੂਟੁੱਥ ਈਅਰ ਬਡਸ, 12 ਮੋਬਾਈਲ, 1 ਲੈਪਟਾਪ, 2 ਪੈੱਨ ਡਰਾਈਵ ਆਦਿ ਬਰਾਮਦ ਕੀਤੇ ਜਾ ਚੁੱਕੇ ਹਨ, ਜੋ ਕਿ ਪ੍ਰੀਖਿਆ ਪ੍ਰਕਿਰਿਆ ਦੌਰਾਨ ਘਪਲੇਬਾਜ਼ਾਂ ਵੱਲੋਂ ਵਰਤੇ ਗਏ ਸਨ ਉਮੀਦਵਾਰਾਂ ਨੂੰ ਜੀਸੀਐੱਮ ਉਪਕਰਨ ਪ੍ਰਦਾਨ ਕੀਤੇ ਗਏ ਸਨ, ਜਿਸ ਵਿੱਚ ਸਿੰਮ ਕਾਰਡ ਪਾਏ ਜਾਂਦੇ ਸਨ ਅਤੇ ਕੁਨੈਕਟੀਵਿਟੀ ਲਈ ਬਹੁਤ ਛੋਟੇ ਬਲੂਟੁੱਥ ਈਅਰ ਬਡ ਹੁੰਦੇ ਸਨ ਉਮੀਦਵਾਰ ਜੀਸੀਐਮ ਉਪਕਰਨਾਂ ਨੂੰ ਜੁੱਤੀਆਂ, ਜ਼ੁਰਾਬਾਂ ਆਦਿ ਵਿੱਚ ਛੁਪਾਏ ਜਾਂਦੇ ਸਨ , ਇਨ੍ਹਾਂ ਡਿਵਾਇਸਾਂ ਦੀ ਮੱਦਦ ਨਾਲ ਹੀ ਉਮੀਦਵਾਰਾਂ ਵੱਲੋਂ ਆਪਣੇ ਪ੍ਰਸ਼ਨ ਪੱਤਰ ਹੱਲ ਕੀਤੇ ਗਏ ਸਨ ਅਤੇ ਇਹ ਸੌਦਾ 20-20 ਲੱਖ ਨੂੰ ਪਾਰ ਕਰ ਗਿਆ ਸੀ।

ਜੈਮਰਾਂ ਦੀ ਕੀਤੀ ਜਾਵੇਗੀ ਵਰਤੋਂ : ਸਿਮਰਨਪ੍ਰੀਤ ਕੌਰ

ਇਸ ਸਬੰਧੀ ਜਦੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਕੱਤਰ ਸ੍ਰੀਮਤੀ ਸਿਮਰਨਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਦੱਸਿਆ ਕਿ ਪੀਪੀਐਸਸੀ ਵੱਲੋਂ ਹਰੇਕ ਪ੍ਰੀਖਿਆ ਸੈਂਟਰਾਂ ਵਿੱਚ ਜੈਮਰਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਇੱਕ ਹੋਈ ਪ੍ਰੀਖਿਆ ਵਿੱਚ ਜੈਮਰ ਦੀ ਵਰਤੋਂ ਕੀਤੀ ਵੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੈਮਰਾਂ ਦੀ ਵਰਤੋਂ ਨਾਲ ਕਿਸੇ ਪ੍ਰਕਾਰ ਦੇ ਇਲੈਕਟੋ੍ਰਨਿਕ ਯੰਤਰਾਂ ਰਾਹੀਂ ਗੜਬੜੀ ਦਾ ਕੋਈ ਸ਼ੰਕਾ ਨਹੀਂ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ