ਕਿਸਾਨਾਂ ਨੇ ਅਜਿਹਾ ਕੀ ਕੀਤਾ, ਲੋਕਾਂ ਮਨਾ ਰਹੇ ਹਨ ਜੰਮ ਕੇ ਖੁਸ਼ੀਆਂ

ਕਿਸਾਨਾਂ ਵੱਲੋਂ ਟੋਲ ਪਲਾਜ਼ਾ ਬੰਦ ਕਰਨ ’ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਲੋਕ ਕਿਸਾਨਾਂ ਦਾ ਕਰ ਰਹੇ ਹਨ ਧੰਨਵਾਦ

  • ਵੱਖ-ਵੱਖ ਜਥੇਬੰਦੀਆਂ ਆਈਆਂ ਸਮਰਥਨ ਵਿਚ

(ਰਾਜਨ ਮਾਨ) ਅੰਮ੍ਰਿਤਸਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਾਰਪੋਰੇਟ ਘਰਾਣਿਆਂ ਵਿਰੁੱਧ ਪੰਜਾਬ ਭਰ ਵਿੱਚ ਇੱਕ ਮਹੀਨੇ ਲਈ ਸੜਕਾਂ ਨੂੰ ਟੋਲ ਮੁਕਤ ਕਰਨ ਤਹਿਤ ਟੋਲ ਪਲਾਜ਼ਾ ਬੰਦ ਕਰਨ ਕਾਰਨ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। (Toll Plaza) ਟੋਲ ਪਲਾਜ਼ਾ ਤੋਂ ਬਿਨਾਂ ਪਰਚੀ ਲੰਘ ਰਹੇ ਲੋਕ ਕਿਸਾਨਾਂ ਦੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ। ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਦੀ ਬਜਾਏ ਆਮ ਲੋਕਾਂ ਲਈ ਟੋਲ ਮੁਕਤ ਸੜਕਾਂ ਕਰਨ ਦੇ ਇਸ ਫੈਸਲੇ ਨੂੰ ਸਲਾਹਿਆ ਜਾ ਰਿਹਾ ਹੈ।

10 ਜ਼ਿਲ੍ਹਿਆਂ ਦੀਆਂ ਸੜਕਾਂ ਟੋਲ ਮੁਕਤ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ 26 ਨਵੰਬਰ ਤੋਂ, ਡੀਸੀ ਦਫਤਰਾਂ ਤੇ ਸ਼ੁਰੂ ਕੀਤੇ ਲੰਬੇ ਸਮੇਂ ਦੇ ਮੋਰਚੇ ਅੰਦੋਲਨ ਦਾ ਰੂਪ ਲੈ ਰਹੇ ਹਨ। ਇਸੇ ਕਵਾਇਦ ਤਹਿਤ 15 ਦਸੰਬਰ ਤੋਂ 9 ਜਿਲ੍ਹਿਆਂ ਵਿਚ ਡੀਸੀ ਦਫਤਰਾਂ ਦੇ ਨਾਲ ਨਾਲ 10 ਜਿਲ੍ਹਿਆਂ ਦੀਆਂ ਸੜਕਾਂ ਟੋਲ ਮੁਕਤ ਕਰ ਦਿੱਤੀਆਂ ਗਈਆਂ। (Toll Plaza)

ਕਿਸਾਨ ਮਜ਼ਦੂਰ ਆਗੂਆਂ ਨੇ ਮੀਡੀਆ ਨੂੰ ਜਾਣਕਰੀ ਦਿੰਦੇ ਦੱਸਿਆ ਕਿ ਕਾਰਪੋਰੇਟ ਜਗਤ ਅੱਜ ਸਰਕਾਰਾਂ ਨੂੰ ਕੰਟਰੋਲ ਕਰ ਰਿਹਾ ਹੈ ਜਿਸ ਕਰਕੇ ਆਮ ਨਾਗਰਿਕ ਦੀਆਂ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਿੱਜੀਕਰਨ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਜਿਸਦੇ ਚੱਲਦੇ ਹੁਣ ਟੋਲ ਪਲਾਜ਼ੇ ਬੰਦ ਕਰਕੇ ਕਾਰਪੋਰੇਟ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਰੋਡਵੇਜ਼ ਪਨ ਬੱਸ ਪੀ ਆਰ ਟੀ ਸੀ ਕਾਂਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਆਗੂ ਯੋਧ ਸਿੰਘ ਅਤੇ ਹੀਰਾ ਸਿੰਘ ਅਤੇ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਦਿਲਬਾਗ ਸਿੰਘ ਚਾਟੀਵਿੰਡ, ਮੇਜਰ ਸਿੰਘ ਵਰਪਾਲ, ਦਇਆ ਸਿੰਘ ਮਾਛੀਕੇ ਅਤੇ ਹੋਰ ਭਰਾਤਰੀ ਜਥੇਬੰਦੀਆਂ ਮੋਰਚਿਆਂ ਨੂੰ ਪੂਰਨ ਸਮਰਥਨ ਦੇਣ ਲਈ ਪਹੁੰਚੀਆਂ।

ਉਨ੍ਹਾਂ ਕਿਹਾ ਅੰਦੋਲਨ ਆਪਣੀ ਰਫ਼ਤਾਰ ਫੜ ਚੁੱਕਿਆ ਹੈ ਅਤੇ ਹੁਣ ਕਾਰਪੋਰੇਟ ਪੱਖੀ ਤਾਕਤਾਂ ਅੰਦੋਲਨ ਨੂੰ ਬਦਨਾਮ ਕਰਕੇ ਡੀਰੇਲ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਣਗੀਆਂ ਅਤੇ ਵੱਖ ਵੱਖ ਤਰ੍ਹਾਂ ਨਾਲ ਲੋਕਾਂ ਦੇ ਧਿਆਨ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਭਾਵੇਂ ਉਹ ਧਾਰਮਿਕ ਭਾਵਨਾਵਾਂ ਭੜਕਾ ਕੇ, ਕਿਸੇ ਤਰੀਕੇ ਨਾਲ ਦੂਜੇ ਦੇਸ਼ਾਂ ਨਾਲ ਮਾਹੌਲ ਖਰਾਬ ਕਰਕੇ, ਅੰਦੋਲਨਕਾਰੀਆਂ ਨੂੰ ਅੱਤਵਾਦੀ ਜਾ ਅੜੀਅਲ ਦੱਸ ਕੇ ਜਾਂ ਪੰਜਾਬ ਦੇ ਆਰਥਿਕ ਨੁਕਸਾਨ ਦਾ ਬਹਾਨਾ ਬਣਾ ਕੇ ਕੀਤੀਆਂ ਜਾਣ। (Toll Plaza)

ਲੋਕਾਂ ਨੂੰ ਅੰਦੋਲਨ ਦਾ ਸਮਰੱਥਨ ਕਰਨ ਦੀ ਕੀਤੀ ਅਪੀਲ

ਉਹਨਾਂ ਕਿਹਾ ਕਿ ਅਸੀਂ ਪੰਜਾਬ ਵਾਸੀਆਂ ਨੂੰ ਅਡਵਾਂਸ ਵਿਚ ਅਗਾਂਹ ਕਰ ਰਹੇ ਹਾਂ ਕਿ ਅਜਿਹੀਆਂ ਸਾਜ਼ਿਸ਼ਾਂ ਪ੍ਰਤੀ ਜਾਗ੍ਰਿਤ ਰਹਿਣ ਤੇ ਅਸਲੀ ਸਰੋਕਾਰਾਂ ਦੇ ਸੰਘਰਸ਼ ਨਾਲ ਜੁੜੇ ਰਹਿਣ। ਅੱਜ ਅੰਦੋਲਨ ਦੀ ਰਾਖੀ ਕਰਨ ਦਾ ਸਮਾਂ ਹੈ ਤਾਂ ਕਿ ਲੋਕ ਹਿੱਤਾਂ ਦੀ ਲੜਾਈ ਸਫਲਤਾ ਪੂਰਵਕ ਲੜੀ ਜਾ ਸਕੇ। ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਸਾਰੇ ਕਲਾਕਾਰਾਂ, ਫ਼ਿਲਮੀ ਹਸਤੀਆਂ, ਬੁੱਧੀਜੀਵੀਆਂ ,ਸਮਾਜਿਕ ਕਾਰਕੁਨਾਂ ਅਤੇ ਦੇਸ਼ ਪ੍ਰਤੀ ਸੁਹਿਰਦ ਲੋਕਾਂ ਨੂੰ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਕਿਹਾ ਕਿ ਇਹ ਲੜਾਈ ਪੂਰੇ ਸਮਾਜ ਦੀ ਹੈ, ਸੋ ਸਭ ਨੂੰ ਮੈਦਾਨ ਵਿਚ ਉਤਰਨਾ ਚਾਹੀਦਾ।

ਮੰਗਾਂ ਨੇ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ

ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਹੱਕੀ ਮੰਗਾਂ ਜਿਵੇ 17 ਫਸਲ਼ਾਂ ’ਤੇ ਗਰੰਟੀ ਕਨੂੰਨ ਬਣਾਉਣ, ਨਸ਼ੇ ਨੂੰ ਕੰਟਰੋਲ ਕਰਕੇ ਪੀੜਿਤ ਨੌਜਵਾਨਾਂ ਨੂੰ ਮੁਖ ਧਾਰਾ ਵਿਚ ਲਿਆਉਣ ਲਈ ਪ੍ਰਬੰਧ ਕਰਨੇ, ਮਜਦੂਰਾਂ ਕਿਸਾਨਾਂ ਦੀ ਪੂਰਨ ਕਰਜ਼ਾ ਮੁਕਤੀ, ਮਨਰੇਗਾ ਮਜਦੂਰਾਂ ਦੇ ਬਕਾਏ, ਪਾਣੀ ਸੰਬੰਧੀ ਨੀਤੀ ਆਦਿ ਅਤੇ ਭਰਾਤਰੀ ਜਥੇਬੰਦੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਵੱਲ ਕਦਮ ਨਹੀਂ ਚਕਦੀ ਤਾਂ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖੇ ਕੀਤੇ ਜਾਣਗੇ। ਓਹਨਾ ਕਿਹਾ ਕਿ ਜਥੇਬੰਦੀ ਪੰਜਾਬ ਵਾਸੀਆਂ ਨੂੰ ਸੱਦਾ ਦਿੰਦੀ ਹੈ ਕਿ ਅਗਰ ਪੰਜਾਬ ਦੇ ਕਿਸੇ ਵੀ ਇਲਾਕੇ ਵਿਚ ਟੋਲ ਲੱਗ ਰਹੇ ਹਨ ਤਾਂ ਓਥੋਂ ਦੇ ਲੋਕਲ ਲੋਕ ਆਪਸ ਵਿਚ ਸਲਾਹ ਕਰਕੇ ਜਥੇਬੰਦੀ ਨਾਲ ਸੰਪਰਕ ਕਰਨ, ਜਥੇਬੰਦੀ ਟੋਲ ਫ੍ਰੀ ਕਰਵਾਉਣ ਵਿਚ ਓਹਨਾ ਦੀ ਮਦਦ ਕਰੇਗੀ।

ਇਸ ਦੇ ਨਾਲ ਨਾਲ ਡੀਸੀ ਦਫਤਰਾਂ ਤੇ ਚੱਲਦੇ ਮੋਰਚੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਦੀ ਅਗਵਾਹੀ ਵਿਚ 21ਵੇਂ ਦਿਨ ਜਾਰੀ ਰਹੇ। ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲ਼ਾ, ਕੰਵਰਦਲੀਪ ਸੈਦੋਲੇਹਲ, ਸੁਖਦੇਵ ਸਿੰਘ ਚਾਟੀਵਿੰਡ, ਗੁਰਵੇਲ ਸਿੰਘ ਨਵਾਂ ਕੋਟ, ਦਲਜੀਤ ਸਿੰਘ ਜੰਡਿਆਲਾ, ਹਰਕੀਰਤ ਸਿੰਘ ਜੰਡਿਆਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜਦੂਰ ਹਾਜ਼ਿਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ