ਚਾਲ੍ਹੀ ਮੁਕਤਿਆਂ ਦੀ ਯਾਦ ’ਚ ਮਨਾਇਆ ਜਾਂਦੈ ਮਾਘੀ ਮੇਲਾ

ਚਾਲ੍ਹੀ ਮੁਕਤਿਆਂ ਦੀ ਯਾਦ ’ਚ ਮਨਾਇਆ ਜਾਂਦੈ ਮਾਘੀ ਮੇਲਾ

ਸ੍ਰੀ ਮੁਕਤਸਰ ਸਾਹਿਬ ਦਾ ਮੇਲਾ ਮਾਘੀ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਮੁਗਲਾਂ ਦੇ ਜਬਰ ਤੇ ਜ਼ੁਲਮ ਖਿਲਾਫ ਸਮਾਜ ਤੇ ਦੇਸ਼ ਲਈ ਲੜਦੇ ਹੋਏ ਇਸ ਜਗ੍ਹਾ ’ਤੇ ਸ਼ਹਾਦਤ ਦਾ ਜਾਮ ਪੀ ਗਏ ਸਨ। ਗੁਰੁੂਆਂ, ਪੀਰਾਂ, ਸੂਰਬੀਰਾਂ ਤੇ ਦੇਸ਼ ਭਗਤਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਅਤੇ ਤਿਉਹਾਰ ਸਾਨੂੰ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਤ ਕਰਦੇ ਹਨ। ਮਹਾਂਪੁਰਸ਼ਾਂ ਦੀ ਜੀਵਨ ਜਾਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰਨ ਕਰ ਲੈਂਦੀ ਹੈ।

ਸ੍ਰੀ ਮੁਕਤਸਰ ਸਾਹਿਬ ਵਾਲੀ ਅੱਜ ਦੀ ਮੌਜੂਦਾ ਜਗ੍ਹਾ ਉਸ ਸਮੇਂ ਖਿਦਰਾਣੇ ਦੀ ਢਾਬ ਕਰਕੇ ਮਸ਼ਹੂਰ ਸੀ। ਜਦੋਂ ਇਸ ਜਗ੍ਹਾ ’ਤੇ 40 ਸਿੱਖ ਮੁਗਲਾਂ ਦੇ ਜ਼ੁਲਮਾਂ ਖਿਲਾਫ ਲੜਦੇ ਹੋਏ ਜੰਗ ਵਿਚ ਸ਼ਹੀਦ ਹੋ ਗਏ, ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਜਗ੍ਹਾ ਦਾ ਨਾਂਅ 40 ਮੁਕਤਿਆਂ ਦੀ ਯਾਦ ਵਿਚ ਮੁਕਤੀਸਰ ਭਾਵ ਮੁਕਤਸਰ ਰੱਖ ਦਿੱਤਾ, ਜਿਸ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਬਾਰੇ ਜੋ ਇਤਿਹਾਸ ਵਿਚੋਂ ਲਿਖਿਆ ਮਿਲਦਾ, ਦੇ ਅਨੁਸਾਰ ਗੁਰੂ ਸਾਹਿਬ ਉਨ੍ਹੀ ਦਿਨੀਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਦੁਸ਼ਮਣਾਂ ਵਿਰੁੱਧ ਲੜਾਈ ਲੜ ਰਹੇ ਸਨ। ਗੁਰੂ ਸਾਹਿਬ ਨੂੰ ਜੰਗ ਵਿਚ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹੰਦ ਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲੇ ਵਿਚ ਮੌਜੂਦ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ। ਆਖਰ ਪਹਾੜੀ ਰਾਜਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜੇਬ ਤੋਂ ਸਹਾਇਤਾ ਮੰਗੀ। ਔਰੰਗਜੇਬ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ।

ਇੱਧਰ ਕਿਲ੍ਹੇ ਵਿਚੋਂ ਵੀ ਹੌਲੀ-ਹੌਲੀ ਰਾਸ਼ਨ-ਪਾਣੀ ਮੁੱਕਦਾ ਜਾ ਰਿਹਾ ਸੀ, ਪਰੰਤੂ ਕਿਲੇ ਵਿਚੋਂ ਸਿੱਖ ਬਹਾਦਰੀ ਨਾਲ ਲੜ ਰਹੇ ਸਨ। ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ

ਪਰੰਤੂ ਉਨ੍ਹਾਂ ਦਾ ਆਤਮਬਲ ਐਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ, ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ, ਤੇ ਘਰਾਂ ਨੂੰ ਚਲੇ ਗਏ। ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਇਹ ਸਿੱਖ ਜਦ ਆਪਣੇ ਘਰਾਂ ਵਿਚ ਪਹੁੰਚੇ ਤਾਂ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਲਾਹਨਤਾਂ ਪਾਈਆਂ ਤੇ ਕਿਹਾ ਕਿ ਤੁਸੀਂ ਚੂੜੀਆਂ ਪਾ ਕੇ ਘਰ ਬੈਠੋ, ਅਸੀਂ ਜਾਂਦੀਆਂ ਹਾਂ ਜੰਗ ਦੇ ਮੈਦਾਨ ਵਿਚ ਗੁਰੂ ਜੀ ਦਾ ਸਾਥ ਦੇਣ ਮਾਈ ਭਾਗੋ ਅਤੇ ਹੋਰ ਬੀਬੀਆਂ ਤੋਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਨ ਤੋਂ ਇਲਾਵਾ ਜਦੋਂ ਇਨ੍ਹਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਮੁਗ਼ਲ ਫੌਜਾਂ ਬਾਰੇ ਪਤਾ ਲੱਗਾ ਤਾਂ ਇਨ੍ਹਾਂ ਸਿੱਖਾਂ ਦੀ ਜ਼ਮੀਰ ਨੇ ਹਲੂਣਾ ਖਾਧਾ, ਤੇ ਔਖੀ ਘੜੀ ਵਿਚ ਗੁਰੂ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ।

ਇਹ ਸਿੱਖ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਨਾਲ ਲੜਨ ਲਈ ਚੱਲ ਪਏ। ਇਸ ਮੌਕੇ ਮਾਈ ਭਾਗੋ ਵੀ ਮਰਦਾਵੇਂ ਭੇਸ ਵਿਚ ਉਨ੍ਹਾਂ ਦੇ ਨਾਲ ਸੀ। ਰਸਤੇ ਵਿਚ ਇਨ੍ਹਾਂ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਛੋਟੇ ਤੇ ਵੱਡੇ ਸ਼ਾਹਿਬਜਾਦਿਆਂ ਦੀ ਸ਼ਹਾਦਤ, ਦੇ ਸਮਾਚਾਰ ਜਦੋਂ ਮਿਲੇ ਤਾਂ ਇਨ੍ਹਾਂ ਦਾ ਖੂਨ ਹੋਰ ਵੀ ਖੌਲਣ ਲੱਗ ਪਿਆ। ਉਹ ਸਾਰੇ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਉੱਧਰ ਨੂੰ ਚੱਲ ਪਏ। ਉਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ।

ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇੱਧਰ ਮਾਝੇ ਦੇ ਸਿੱਖਾਂ ਦਾ ਜਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ’ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇੱਥੇ ਪਹੁੰਚਣ ਦੀ ਖਬਰ ਮਿਲੀ, ਤਾਂ ਇਨ੍ਹਾਂ ਮੁਗ਼ਲ ਫੌਜ ਦੇ ਖਿਲਾਫ ਲੜਨ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰ੍ਹਾਂ ਸਫ਼ਲ ਰਹੀ, ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ। ਦੂਸਰੇ ਪਾਸੇ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜ ’ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ।

ਸਿੱਖ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਵਿਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਕੇ ਭੱਜ ਉੱਠੇ ਤੇ ਖਾਲਸੇ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ। ਪਰ ਬੇਦਾਵਾ ਦੇ ਗਏ 40 ਸਿੱਖਾਂ ਸਮੇਤ ਬਹੁਤ ਸਾਰੇ ਸਿੱਖ ਲੜਾਈ ਦੇ ਮੈਦਾਨ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ। ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ਵਿਚ ਦੇਖਿਆ ਕਿ ਢਾਬ ਕੰਢੇ ਜਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜਖ਼ਮਾਂ ਨੂੰ ਧੋ ਰਹੀ ਸੀ।

ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ। ਉਸ ਨੇ ਦਸ਼ਵੇਂ ਪਾਤਸ਼ਾਹ ਨੂੰ ਸੂਰਬੀਰ ਸਿੱਖ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਗੁਰੂ ਸਾਹਿਬ ਨੇ ਜੰਗ ਵਿਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜਾਰੀ, ਸੱਤ ਹਜਾਰੀ ਤੇ ਦਸ ਹਜਾਰੀ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਿਆਰ ਬਖਸ਼ਿਆ। ਜੰਗ ਦੇ ਮੈਦਾਨ ਵਿਚ ਪਈਆਂ ਸਿੱਖਾਂ ਦੀਆਂ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਹਰ ਇੱਕ ਨੂੰ ਛਾਤੀ ਨਾਲ ਲਾ ਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ।

ਐਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀਂ ਪਿਆ। ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿਚ ਲੈ ਕੇ ਉਸ ਦੇ ਮੂੰਹ ਨੂੰ ਸਾਫ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਕਲਗ਼ੀਧਰ ਪਾਤਸ਼ਾਹ ਨੇ ਗੋਦੀ ਵਿਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘‘ਉੱਤਮ ਭਾਗ ਹਨ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ।

ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੱਖ ਆਪ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੋ।’’ ਭਾਈ ਸਾਹਿਬ ਦੇ ਮੁੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ ਉਨ੍ਹਾਂ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੁੂਰਾ ਕਰਦਿਆਂ ਆਪਣੇ ਕਮਰਕੱਸੇ ਵਿਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ।

ਇਸ ਤੋਂ ਬਾਅਦ ਗੁਰੂ ਜੀ ਨੇ ਭਾਈ ਮਹਾਂ ਸਿੰਘ ਨੂੰ ਨਾਮਦਾਨ ਬਖ਼ਸ਼ ਕੇ ਅੰਤਲੀ ਮਨੋਭਾਵਨਾ ਪੂਰੀ ਕੀਤੀ, ਤੇ ਇਸ ਜਗ੍ਹਾ ਦਾ ਨਾਂਅ ਖਿਦਰਾਣੇ ਦੀ ਢਾਬ ਤੋਂ ਬਦਲਕੇ ਮੁਕਤਸਰ ਰੱਖਿਆ, ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਆਖਿਆ ਜਾਂਦਾ। ਇਸ ਤੋਂ ਬਾਅਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਸਾਹਿਬ ਨੇ ਰਣਭੂਮੀ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਸੇ ਥਾਂ ਲੱਕੜੀਆਂ ਇਕੱਠੀਆਂ ਕਰਕੇ ਇੱਕ ਵੱਡੀ ਚਿਖਾ ਬਣਾ ਕੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਜਿਸ ਜਗ੍ਹਾ ’ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢੀ, ਉੱਥੇ ਅੱਜ-ਕੱਲ੍ਹ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ।

ਇਸੇ ਤਰ੍ਹਾਂ ਜਿੱਥੇ 40 ਮੁਕਤੇ ਸ਼ਹੀਦ ਹੋਏ ਉਸ ਜਗ੍ਹਾ ਦਾ ਨਾਂਅ ਉਸ ਸਮੇਂ ਤੋਂ ਮੁਕਤਸਰ ਅਤੇ ਜਿਸ ਜਗ੍ਹਾ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਉਸ ਜਗ੍ਹਾ ’ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਰੱਖਿਆ ਖਾਤਰ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਵਿਚ ਉਸ ਅਕਾਲਪੁਰਖ ਦੇ ਭਾਣੇ ਵਿਚ ਰਹਿੰਦਿਆਂ ਗਰੀਬਾਂ, ਨਿਆਸਰਿਆਂ, ਮਜ਼ਲੂਮਾਂ ਨੂੰ ਲਤਾੜਨ ਵਾਲੇ ਜਾਬਰਾਂ ਦਾ ਬਹਾਦਰੀ ਨਾਲ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਦੇ ਜੀਵਨ ਦਾ ਹਰ ਝਲਕਾਰਾ ਮਨੁੱਖ ਨੂੰ ਹਨ੍ਹੇਰੀਆਂ ਖੱਡਾਂ ’ਚੋਂ ਕੱਢ ਕੇ ਸੱਚ ਦੇ ਪ੍ਰਕਾਸ਼ ਨਾਲ ਮਿਲਾਉਂਦਾ ਹੈ। ਇਹੀ ਪ੍ਰਕਾਸ਼ ਇਨਸਾਨ ਨੂੰ ਅੱਗੇ ਇਨਸਾਨੀਅਤ ਦੇ ਰਸਤੇ ਚੱਲਣ ਲਈ ਰਾਹ ਦਸੇਰਾ ਬਣਦਾ ਹੈ।

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈਅਤੇ ਮਨੁੱਖੀ ਸਿਧਾਂਤਾਂ ਦੀ ਰਾਖੀ ਕਰਦਿਆਂ ਆਪਾ ਵਾਰਨ ਦੀ ਪ੍ਰੇਰਨਾ ਦਿੰਦਾ ਹੈ ਮਾਘੀ ਦਾ ਜੋੜ ਮੇਲਾ ਦੇਸੀ ਮਹੀਨੇ ਦੀ ਸੰਗਰਾਂਦ ਅਤੇ ਲੋਹੜੀ ਦੇ ਤਿਉਹਾਰ ਤੋਂ ਅਗਲੇ ਦਿਨ ਸੀ੍ਰ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ। ਇਸ ਦਿਨ ਦੇਸ਼ ਤੇ ਵਿਦੇਸ਼ ਤੋਂ ਸੰਗਤਾਂ ਆ ਕੇ 40 ਮੁਕਤਿਆਂ ਦੀ ਲਹੂ ਭਿੱਜੀ ਧਰਤੀ ਨੂੰ ਸਜਦਾ ਕਰਦੀਆਂ ਹਨ। ਪੁਰਾਣੇ ਸਮਿਆਂ ਵਿਚ ਇਹ ਮੇਲਾ ਮਹੀਨਾ-ਮਹੀਨਾ ਚੱਲਦਾ ਰਹਿੰਦਾ ਸੀ। ਪਰੰਤੂ ਅੱਜ ਦੇ ਆਧੁਨਿਕ ਯੁੱਗ ਵਿਚ ਇਹ ਮੇਲਾ ਹਫਤਾ ਕੁ ਹੀ ਚੱਲਦਾ ਹੈ।
ਅਬੁੱਲਖੁਰਾਣਾ, ਸੀ੍ਰ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.