ਖ਼ੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ

Life

ਮਨੁੱਖੀ ਜੀਵਨ ਪਰਮਾਤਮਾ ਵੱਲੋਂ ਬਖ਼ਸ਼ੀ ਇੱਕ ਅਦੁੱਤੀ ਸੌਗਾਤ ਹੈ ਪਰ ਇਸ ਪਰਮਾਤਮਾ ਦੀ ਬਖਸ਼ਿਸ਼ ਨੂੰ ਅਦਾ ਨਾਲ ਜਿਊਣਾ ਕੁਝ ਲੋਕ ਹੀ ਜਾਣਦੇ ਹਨ। ਅਦਾ ਭਰਪੂਰ ਜ਼ਿੰਦਗੀ ਜਿਊਣ ਵਾਲੇ ਵਿਅਕਤੀ ਨੂੰ ਕਾਇਨਾਤ ਦੀ ਹਰ ਸ਼ੈਅ ਕਿਸੇ ਆਹਰੇ ਲੱਗੀ ਨਜ਼ਰ ਆਉਂਦੀ ਹੈ। ਸਾਰੇ ਮਨੁੱਖਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਤੇ ਨਾ ਹੀ ਜ਼ਿੰਦਗੀ ਜਿਊਣ ਦੀ ਅਦਾ ਇੱਕ ਤਰ੍ਹਾਂ ਦੀ ਹੁੰਦੀ ਹੈ। ਹਰ ਇੱਕ ਮਨੁੱਖ ਦਾ ਜ਼ਿੰਦਗੀ ਜਿਊਣ ਜਾਂ ਦੇਖਣ ਦਾ ਆਪਣਾ-ਆਪਣਾ ਨਜ਼ਰੀਆ ਹੁੰਦਾ ਹੈ। ਕੁਝ ਲੋਕ ਆਪਣੀ ਜ਼ਿੰਦਗੀ ਲਈ ਬਹੁਤ ਹੀ ਸਖ਼ਤ ਨਿਯਮ ਰੱਖਦੇ ਹਨ, ਜੋ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਰਸ ਤੇ ਖ਼ੁਸ਼ੀਆਂ ਨਹੀਂ ਰਹਿਣ ਦਿੰਦੇ। ਮਨੁੱਖ ਨੂੰ ਆਪਣੇ-ਆਪ ਨੂੰ ਉਨੇ ਕੁ ਹੀ ਨਿਯਮਾਂ ਵਿੱਚ ਬੰਨ੍ਹ ਕੇ ਰੱਖਣਾ ਚਾਹੀਦਾ ਹੈ, ਜਿੰਨਾ ਕਿ ਉਸਦੀ ਜ਼ਿੰਦਗੀ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ। ਆਪਣੀ ਜ਼ਿੰਦਗੀ ਵਿੱਚ ਬਣਾਏ ਨਿਯਮਾਂ ਨੂੰ ਦੂਸਰਿਆਂ ਉੱਪਰ ਥੋਪਣਾ ਨਹੀਂ ਚਾਹੀਦਾ।

ਜੇ ਅਸੀਂ ਆਪਣੇ ਆਲੇ-ਦੁਆਲੇ ਝਾਤੀ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਸ਼ੂ-ਪੰਛੀ ਅਤੇ ਬਾਕੀ ਜੀਵ ਵੀ ਆਪਸ ਵਿੱਚ ਕਿੰਨੇ ਮੋਹ ਤੇ ਪਿਆਰ ਦੇ ਰਿਸ਼ਤੇ ਨਿਭਾਉਂਦੇ ਹਨ। ਉਨ੍ਹਾਂ ਦਾ ਇਹ ਮੋਹ ਕੇਵਲ ਆਪਣੀ ਨਸਲ ਲਈ ਹੀ ਨਹੀਂ ਹੁੰਦਾ, ਸਗੋਂ ਉਹ ਜਦ ਕਿਸੇ ਦੂਸਰੀ ਨਸਲ ਵਾਲੇ ਜੀਵ ਨੂੰ ਵੀ ਮੁਸੀਬਤ ਵਿੱਚ ਦੇਖਦੇ ਹਨ ਤਾਂ ਉਸ ਦੀ ਸਹਾਇਤਾ ਲਈ ਪਹੁੰਚ ਜਾਂਦੇ ਹਨ। ਦੂਜੇ ਪਾਸੇ ਇਨਸਾਨ ਇੱਕ-ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਰਹਿੰਦੇ ਹਨ ਤੇ ਬਿਨਾਂ ਮਤਲਬ ਤੋਂ ਦੂਜਿਆਂ ਦੀ ਜ਼ਿੰਦਗੀ ਵਿੱਚ ਦਖ਼ਲਅੰਦਾਜੀ ਕਰਕੇ ਰੁਕਾਵਟਾਂ ਪੈਦਾ ਕਰਦੇ ਹਨ ਪਰ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਸਗੋਂ ਇਨ੍ਹਾਂ ਰੁਕਾਵਟਾਂ ਦਾ ਸੱਚ ਦੇ ਰਾਹ ’ਤੇ ਚੱਲ ਕੇ ਸਾਹਮਣਾ ਕਰਨਾ ਚਾਹੀਦਾ ਹੈ।

ਮਨੁੱਖ ਆਪਣੀ ਸ਼ਖ਼ਸੀਅਤ ਆਪ ਬਣਾਉਂਦਾ ਹੈ। ਸਾਡੇ ਚੰਗੇ-ਮਾੜੇ ਕਰਮਾਂ ਦਾ ਫ਼ਲ ਸਾਨੂੰ ਇੱਥੇ ਹੀ ਮਿਲਣਾ ਹੈ। ਅਸੀਂ ਜੈਸਾ ਕਰਾਂਗੇ, ਵੈਸਾ ਹੀ ਕੱਟਾਂਗੇ। ਜੇ ਮਿੱਠੇ ਫ਼ਲ ਖਾਣੇ ਹਨ ਤਾਂ ਸਾਨੂੰ ਉਹ ਹੀ ਬੀਜਣੇ ਪੈਣਗੇ। ਜ਼ਿੰਦਗੀ ਸਾਨੂੰ ਖ਼ੁਸ਼ ਹੋਣ ਦੇ ਬੇਅੰਤ ਮੌਕੇ ਦਿੰਦੀ ਹੈ। ਖ਼ੁਸ਼ੀ ਦਾ ਇੱਕ ਮੌਕਾ ਹੱਥੋਂ ਨਿੱਕਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਜਿਹਾ ਮੌਕਾ ਦੁਬਾਰਾ ਨਹੀਂ ਮਿਲੇਗਾ। ਚੰਗੀ ਜ਼ਿੰਦਗੀ ਜਿਊਣ ਲਈ ਦੁਨੀਆਂ ਦੀ ਪਰਵਾਹ ਨਾ ਕਰੋ, ਆਪਣੇ ਹਿਸਾਬ ਨਾਲ ਜ਼ਿੰਦਗੀ ਜੀਓ। ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ। ਪਰ ਨੈਤਿਕ ਕਦਰਾਂ ਕੀਮਤਾਂ ਨੂੰ ਨਾ ਭੁੱਲੋ ਪਹਿਲਾਂ ਹੱਕ ਤੁਹਾਡਾ ਬਣਦਾ ਹੈ ਕਿ ਤੁਸੀਂ ਖ਼ੁਦ ਖ਼ੁਸ਼ ਰਹੋ ਪਰ ਕਿਸੇ ਨੂੰ ਦੁਖੀ ਕਰਕੇ ਖ਼ੁਸ਼ ਹੋਣਾ ਗਲਤ ਹੈ।

ਆਪਣੇ-ਆਪ ਨਾਲ ਪਿਆਰ ਕਰੋ। ਦੂਸਰਿਆਂ ਦੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਨਾ ਕਰੋ। ਤੁਹਾਨੂੰ ਕੋਈ ਖ਼ੁਸ਼ ਨਹੀਂ ਰੱਖ ਸਕਦਾ ਜਿੰਨਾ ਤੁਸੀਂ ਆਪਣੇ-ਆਪ ਨੂੰ ਖ਼ੁਸ਼ ਰੱਖ ਸਕਦੇ ਹੋ। ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ। ਜੇਕਰ ਤੁਸੀਂ ਆਪਣੇ-ਆਪ ਨੂੰ ਸੰਪੂਰਨ ਸਮਝਣ ਲੱਗ ਪਏ ਤਾਂ ਸਿੱਖਣ ਦੇ ਸਾਰੇ ਮੌਕੇ ਗਵਾ ਦੇਵੋਗੇ। ਸਿੱਖਣ ਦੀ ਕੋਈ ਉਮਰ ਜਾਂ ਸੀਮਾ ਨਹੀਂ ਹੁੰਦੀ। ਕਿਤਾਬਾਂ, ਮੈਗਜ਼ੀਨ, ਅਖ਼ਬਾਰ ਪੜ੍ਹਨ ਦੀ ਆਦਤ ਬਣਾਓ। ਹੋ ਸਕੇ ਤਾਂ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰ ਦਿਓ। ਜੇਕਰ ਕੋਈ ਫਿਰ ਵੀ ਜਾਣ-ਬੁੱਝ ਕੇ ਤੁਹਾਡਾ ਗਲਤ ਕਰਦਾ ਹੈ ਤਾਂ ਉਸ ਨਾਲ ਉਲਝਣ ਦੀ ਬਜਾਇ ਉਸ ਤੋਂ ਕਿਨਾਰਾ ਕਰ ਲਓ। ਕੁਝ ਇਨਸਾਨ ਅਜਿਹੇ ਹੁੰਦੇ ਹਨ, ਜੋ ਦੂਸਰੇ ਇਨਸਾਨਾਂ ਵਿੱਚ ਸਿਰਫ਼ ਕਮੀਆਂ ਹੀ ਕੱਢਦੇ ਹਨ। ਦੂਸਰਿਆਂ ਵਿੱਚ ਕਮੀਆਂ ਕੱਢਣ ਦੀ ਬਜਾਇ ਆਪਣੇ-ਆਪ ਨੂੰ ਬਦਲਣਾ ਚਾਹੀਦਾ ਹੈ। ਜ਼ਿੰਦਗੀ ਬਹੁਤ ਅਸਾਨ ਹੁੰਦੀ ਹੈ ਜਦੋਂ ਲੋਕਾਂ ਦੀਆਂ ਬੁਰਾਈਆਂ ਦੇਖਣ ਦੀ ਬਜਾਇ ਚੰਗਿਆਈਆਂ ਵੇਖਦੇ ਹੋ। ਛੋਟੇ-ਛੋਟੇ ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਮਿਲਦੀ ਹੈ।

ਇਕੱਲਾ ਪੈਸਾ ਖ਼ੁਸ਼ਨੁਮਾ ਜ਼ਿੰਦਗੀ ਬਤੀਤ ਕਰਨ ਦਾ ਸਾਧਨ ਨਹੀਂ ਹੈ। ਹਜ਼ਾਰਾਂ ਉਹ ਲੋਕ ਹਨ ਜਿੰਨ੍ਹਾਂ ਕੋਲ ਪੈਸਾ ਬਹੁਤ ਹੈ ਪਰ ਖ਼ੁਸ਼ੀਆਂ ਭਰੀ ਜ਼ਿੰਦਗੀ ਨਹੀਂ। ਕਦੇ ਵੀ ਆਪਣੇ ਪੈਸੇ, ਰੁਤਬੇ ਦਾ ਹੰਕਾਰ ਨਾ ਕਰੋ। ਹਮੇਸ਼ਾ ਸੱਚਾਈ ਦੇ ਰਾਹ ’ਤੇ ਚੱਲਣ ਦੀ ਕੋਸ਼ਿਸ਼ ਕਰੋ। ਛੋਟੀ ਤੋਂ ਛੋਟੀ ਖ਼ੁਸ਼ੀ ਦਾ ਵੀ ਆਨੰਦ ਮਾਣੋ ਕਿਉਂਕਿ ਇੱਕ ਦਿਨ ਪਿੱਛੇ ਮੁੜ ਕੇ ਦੇਖੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਖ਼ੁਸ਼ੀਆਂ ਕਿੰਨੀਆਂ ਵੱਡੀਆਂ ਸਨ। ਜ਼ਿੰਦਗੀ ਬਹੁਤ ਹੀ ਕਠਿਨਾਈਆਂ ਅਤੇ ਉਤਰਾਅ-ਚੜ੍ਹਾਅ ਨਾਲ ਭਰਪੂਰ ਹੁੰਦੀ ਹੈ। ਜ਼ਿੰਦਗੀ ਵਿੱਚ ਜੇਕਰ ਖ਼ੁਸ਼ੀਆਂ ਹਨ ਤਾਂ ਦੁੱਖ ਵੀ ਹਨ। ਜਿੱਤ ਹੈ ਤਾਂ ਹਾਰ ਵੀ ਹੈ। ਆਪਣੇ ਅਤੀਤ ਅਤੇ ਭਵਿੱਖ ਬਾਰੇ ਜ਼ਿਆਦਾ ਨਾ ਸੋਚੋ। ਵਰਤਮਾਨ ਵਿੱਚ ਜੀਓ। ਇਮਾਨਦਾਰ ਬਣੋ। ਕੁਦਰਤ ਨਾਲ ਪੰਛੀਆਂ ਨਾਲ ਪਿਆਰ ਕਰੋ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੰਦੇ ਨੂੰ ਆਪਣੀਆਂ ਪਰਿਵਾਰਕ ਜ਼ਰੂਰਤਾਂ ਅਤੇ ਜਿੰਮੇਵਾਰੀਆਂ ਪੂਰੀਆਂ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਖਪਤ ਹੋ ਜਾਂਦਾ ਹੈ ਪਰ ਪੈਸਾ ਸਾਰਾ ਕੁਝ ਹੀ ਤਾਂ ਨਹੀਂ ਹੁੰਦਾ। ਸਾਨੂੰ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦਾ ਅਨੰਦ ਵੀ ਮਾਣਨਾ ਚਾਹੀਦਾ ਹੈ। ਅਸੀਂ ਪੈਸਾ ਕਮਾਉਣ ਲਈ ਬੁਰੀ ਤਰ੍ਹਾਂ ਰੁੱਝ ਗਏ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਜਿਊਣੀ ਹੀ ਭੁੱਲ ਗਈ ਹੈ। ਸਾਡੇ ਕੋਲ ਆਪਣੇ ਪਰਿਵਾਰ ਦੇ ਜੀਆਂ ਨਾਲ ਮੋਹ ਭਰਿਆ ਸਬੰਧ ਰੱਖਣ ਦਾ ਸਮਾਂ ਹੀ ਨਹੀਂ। ਸਾਡੀ ਜ਼ਿੰਦਗੀ ਇੱਕ ਮਸ਼ੀਨ ਦੀ ਤਰ੍ਹਾਂ ਬਣ ਕੇ ਰਹਿ ਗਈ ਹੈ। ਸਾਡੇ ਕੋਲ ਸਹਿਜ ਨਾਲ ਖਾਣਾ ਖਾਣ ਦੀ ਵੀ ਫੁਰਸਤ ਨਹੀਂ। ਸਾਨੂੰ ਕੁਦਰਤ ਦੀ ਸੁੰਦਰਤਾ ਮਾਣਨ ਦੀ ਵੀ ਫੁਰਸਤ ਨਹੀਂ। ਸਾਨੂੰ ਆਪਣੇ ਲਈ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ।

ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੁੱਖ ਦੀਆਂ ਘੜੀਆਂ ਵਿੱਚ ਵੀ ਖ਼ੁਸ਼ੀਆਂ ਲੱਭੇ। ਇਸ ਤਰ੍ਹਾਂ ਕਰਨ ਨਾਲ ਇਹ ਧਰਤੀ ਹੀ ਉਸ ਨੂੰ ਸਵਰਗ ਲੱਗਣ ਲੱਗੇਗੀ। ਜੋ ਲੋਕ ਆਪਣੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਜਿਊਂਦੇ ਹਨ, ਉਹ ਆਪ ਵੀ ਖ਼ੁਸ਼ ਰਹਿੰਦੇ ਹਨ ਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖਦੇ ਹਨ। ਉਹ ਸਦਾ ਆਸ਼ਾਵਾਦੀ ਰਹਿੰਦੇ ਹਨ। ਉਨ੍ਹਾਂ ’ਤੇ ਜ਼ਿੰਦਗੀ ਵਿੱਚ ਜਿੰਨੀ ਮਰਜੀ ਮੁਸੀਬਤ ਆਏ, ਉਹ ਕਦੀ ਹੌਂਸਲਾ ਨਹੀਂ ਹਾਰਦੇ। ਉਹ ਇਨਸਾਨ ਜਿੰਨ੍ਹਾਂ ਨੇ ਖ਼ੁਸ਼ੀ ਨੂੰ ਆਪਣੇ ਅੰਦਰੋਂ ਹੀ ਲੱਭ ਲਿਆ ਹੈ, ਉਹ ਬਹੁਤ ਹੀ ਕਿਸਮਤ ਵਾਲੇ ਹਨ। ਜੇਕਰ ਅਸੀਂ ਇਨ੍ਹਾਂ ਕੁਝ ਕੁ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਾਂਗੇ ਤਾਂ ਇਹ ਜ਼ਿੰਦਗੀ ਸਾਨੂੰ ਬੋਝ ਨਹੀਂ ਲੱਗੇਗੀ ਸਗੋਂ ਇਹ ਸਾਨੂੰ ਖ਼ੁਸ਼ੀ ਮਾਨਣ ਲਈ ਵੀ ਬਹੁਤ ਥੋੜ੍ਹੀ ਤੇ ਕੀਮਤੀ ਲੱਗੇਗੀ।

ਮੋ. 97816-60021
ਸੰਦੀਪ ਕੌਰ ਹਿਮਾਯੂੰਪੁਰਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ