ਦੇਸੀ ਜੜ੍ਹੀ-ਬੂਟੀਆਂ ਨੂੰ ਕਰੋ ਆਪਣੇ ਖਾਣੇ ਦੀਆਂ ਆਦਤਾਂ ‘ਚ ਸ਼ਾਮਲ

ਦੇਸੀ ਜੜ੍ਹੀ-ਬੂਟੀਆਂ ਨੂੰ ਕਰੋ ਆਪਣੇ ਖਾਣੇ ਦੀਆਂ ਆਦਤਾਂ ‘ਚ ਸ਼ਾਮਲ

ਸੰਸਾਰ ਦੀਆਂ ਸਭ ਪੱਤੇਦਾਰ ਸਬਜ਼ੀਆਂ ‘ਚੋਂ ਕੁਲਫਾ ਵਿੱਚ ਸਭ ਤੋਂ ਵੱਧ ਓਮੇਗਾ-3 ਫੈਟੀ ਐਸਿਡਜ਼ ਹੁੰਦੇ ਹਨ। ਸ਼ਾਇਦ ਇਸੇ ਲਈ ਕੁਦਰਤ ਇਹਨੂੰ ਹੋਰ ਸਭ ਸਬਜ਼ੀਆਂ, ਸਲਾਦਾਂ, ਫਲਾਂ ਆਦਿ ਤੋਂ ਜ਼ਲਦੀ ਉਗਾਉਂਦੀ ਹੈ। ਲੇਕਿਨ ਇੱਕ ਡੂੰਘੀ ਸਾਜਿਸ਼ ਤਹਿਤ ਅਜਿਹੀਆਂ ਫਾਇਦੇਮੰਦ ਜੜ੍ਹੀ-ਬੂਟੀਆਂ ਬਾਰੇ ਲੋਕਾਂ ਨੂੰ ਦੱਸਿਆ ਹੀ ਨਹੀਂ ਜਾਂਦਾ। ਬਲਕਿ ਲੋਕਾਂ ਨੂੰ ਵੰਨ-ਸੁਵੰਨੇ ਮਹਿੰਗੇ ਸਪਲੀਮੈਂਟਸ ਖਾਣ ਲਈ ਪ੍ਰੇਰਿਆ ਜਾਂਦਾ ਹੈ।

ਇਸ ਵਿੱਚ ਰਾਇਬੋਫਲੇਵਿਨ, ਐਸਕੌਰਬਿਕ ਐਸਿਡ, ਨਾਇਸਿਨ, ਪਾਇਰੀਡੌਕਸਿਨ, ਕੈਰੋਟੈੱਨੋਇਡਜ਼ ਬੀਟਾ ਜ਼ੈਂਥਿਨਜ਼ ਤੇ ਬੀਟਾ ਸਿਆਨਿਨਜ਼ ਵਰਗੇ ਰੋਜ਼ਾਨਾ ਲੋੜੀਂਦੇ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਕੁਲਫਾ ਵਿਚ ਮੈਗਨੀਸ਼ੀਅਮ, ਕਾਪਰ, ਆਇਰਨ, ਪੁਟਾਸ਼ੀਅਮ, ਡੋਪਾਮਾਈਨ, ਸਿਟਰਿਕ ਐਸਿਡ, ਅਲੈਨਿਨ, ਮੈਲਿਕ ਐਸਿਡ ਆਦਿ ਬੇਹੱਦ ਸਿਹਤਵਰਧਕ ਤੱਤ ਵੀ ਕਾਫੀ ਮਾਤਰਾ ਵਿੱਚ ਹੁੰਦੇ ਹਨ।

ਕੁਲਫਾ ਨੂੰ ਪੰਜਾਬੀ ਵਿੱਚ ਲੋਣੀ ਜਾਂ ਲੂਣੀ ਵੀ ਕਹਿੰਦੇ ਹਨ। ਇਸਦਾ ਅੰਗਰੇਜ਼ੀ ਵਿੱਚ ਨਾਂਅ purslane ਹੈ। ਚੀਨ ਵਿੱਚ ਇਸਦੀ ਦਵਾਈ ਵਜੋਂ ਵਰਤੋਂ ਅੱਜ ਤੋਂ 4500 ਸਾਲ ਪਹਿਲਾਂ ਹੀ ਹੋਣ ਲੱਗ ਪਈ ਸੀ। ਅੱਜ ਵੀ ਚੀਨ, ਮੰਗੋਲੀਆ, ਉਜ਼ਬੇਕਿਸਤਾਨ, ਜਾਰਜੀਆ, ਤਿੱਬਤ, ਭੂਟਾਨ, ਨੇਪਾਲ ਆਦਿ ਮੁਲਕਾਂ ਵਿੱਚ ਇਸਦੀ ਵਰਤੋਂ ਬਵਾਸੀਰ, ਦਸਤ, ਖੂਨ ਘਾਟ, ਕਮਜ਼ੋਰ ਨਜ਼ਰ, ਮਾਹਵਾਰੀ ਵੱਧ-ਘੱਟ ਜਾਂ ਦਰਦ ਆਦਿ ਰੋਗਾਂ ‘ਚ ਕੀਤੀ ਜਾਂਦੀ ਹੈ।

ਇਸਦੇ 100 ਗ੍ਰਾਮ ਪੱਤਿਆਂ ‘ਚ ਕਰੀਬ 353 ਮਿਲੀਗ੍ਰਾਮ ਐਲਫਾ-ਲਿਨੋਲੈਨਿਕ ਐਸਿਡ ਹੁੰਦਾ ਹੈ ਜੋ  atherosclerosis ਨਹੀਂ ਹੋਣ ਦਿੰਦਾ। ਇਸ ਨੁਕਸ ਕਾਰਨ ਵਿਅਕਤੀ ਦੀਆਂ ਖੂਨ ਨਾੜੀਆਂ ਸਖ਼ਤ ਹੋ ਜਾਂਦੀਆਂ ਹਨ, ਬੀਪੀ ਅਤੇ ਕੋਲੈਸਟਰੋਲ ਵਧਣ ਲੱਗ ਪੈਂਦਾ ਹੈ, ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। ਕੁਲਫਾ ਖਾਂਦੇ ਰਹਿਣ ਵਾਲਿਆਂ ਦੇ coronary heart disease ਨਹੀਂ ਬਣਦੀ। ਇਹ ਬਿਮਾਰੀ ਉਦੋਂ ਬਣਦੀ ਹੈ ਜਦੋਂ ਦਿਲ ਵੱਲ ਖੂਨ ਤੇ ਆਕਸੀਜ਼ਨ ਲੈ ਜਾਣ ਵਾਲੀਆਂ ਨਾੜੀਆਂ ਵਿੱਚ ਕੋਲੈਸਟਰੋਲ ਜੰਮ ਜਾਂਦਾ ਹੈ ਤੇ ਦਿਲ ਨੂੰ ਖੁਰਾਕ ਘੱਟ ਮਿਲਣ ਲੱਗਦੀ ਹੈ।

ਵਿਟਾਮਿਨ ਏ ਇਸ ਵਿੱਚ ਸਭ ਸਬਜ਼ੀਆਂ ਤੋਂ ਵੱਧ ਹੁੰਦਾ ਹੈ। ਇਸਦੇ 100 ਗ੍ਰਾਮ ਪੱਤਿਆਂ ‘ਚੋਂ 1320 ਇੰਟਰਨੈਸ਼ਨਲ ਯੂਨਿਟਸ ਵਿਟਾਮਿਨ ਏ ਮਿਲਦਾ ਹੋਣ ਕਰਕੇ ਇਹ ਅੱਖਾਂ, ਚਮੜੀ ਤੇ ਵਾਲਾਂ ਦੀ ਸੁੰਦਰਤਾ ਵਧਾਉਣ ਵਾਲਾ ਸਭ ਤੋਂ ਸਸਤਾ ਤੇ ਵਧੀਆ ਇਲਾਜ ਹੈ। ਇਹ ਕਿਸੇ ਵੀ ਕਾਰਨ ਕਿਸੇ ਵੀ ਅੰਗ ਦੀ ਸੋਜ਼ ਬਹੁਤ ਜਲਦੀ ਉਤਾਰਨ ‘ਚ ਮੱਦਦ ਕਰਦਾ ਹੈ। ਕੈਂਸਰ ਤੋਂ ਬਚਾਉਣ, ਨਜ਼ਰ ਵਧਾਉਣ, ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਤੇ ਹਰ ਤਰ੍ਹਾਂ ਦੇ ਦਿਲ ਰੋਗਾਂ ਤੋਂ ਬਚਾਉਣ ‘ਚ ਵੀ ਕੁਲਫਾ ਬੇਹੱਦ ਜ਼ਰੂਰੀ ਤੱਤਾਂ ਨਾਲ ਭਰਪੂਰ ਹੈ।

ਜਲਦੀ ਬੁੱਢੇ ਹੋਣ ਦੀ ਸਪੀਡ ਘਟ ਜਾਂਦੀ ਹੈ

ਅਕਸਰ ਕੁਲਫਾ ਦੇ ਕੁੱਝ ਕੁ ਪੱਤੇ ਰੋਜ਼ਾਨਾ ਖਾਂਦੇ ਰਹਿਣ ਨਾਲ ਹੀ ਵਿਅਕਤੀ ਦੀ ਜਲਦੀ ਬੁੱਢੇ ਹੋਣ ਦੀ ਸਪੀਡ ਘਟ ਜਾਂਦੀ ਹੈ। ਇਹ ਬਹੁਤ ਸਾਰੀਆਂ ਬਿਮਾਰੀਆਂ ਬਣਨ ਹੀ ਨਹੀਂ ਦਿੰਦਾ ਤੇ ਅਨੇਕਾਂ ਇਨਫੈਕਸ਼ਨਜ਼ ਨੂੰ ਹੋਣ ਸਾਰ ਹੀ ਠੀਕ ਕਰਨ ‘ਚ ਦਵਾਈ ਵਾਂਗ ਕੰਮ ਕਰਦਾ ਹੈ।
2005 ਤੋਂ 2009 ਤੱਕ ਅਸੀਂ ਅਨੇਕਾਂ ਔਰਤ ਮਰੀਜ਼ਾਂ ਨੂੰ ਕੁਲਫਾ ਸਲਾਦ ਵਜੋਂ ਰੋਜ਼ਾਨਾ ਥੋੜ੍ਹਾ-ਥੋੜ੍ਹਾ ਕੁੱਝ ਕੁ ਹਫ਼ਤਿਆਂ ਤੱਕ ਖਾਣ ਲਈ ਕਿਹਾ ਸੀ। ਉਦੋਂ ਅਸੀਂ ਲੁਧਿਆਣਾ ਰਹਿੰਦੇ ਸੀ। ਉੱਥੇ ਸਾਡਾ ਨੈਚੁਰਲ ਹਸਪਤਾਲ ਸੀ।  ਅਸਲ ਵਿੱਚ Purslane ਵਿੱਚ omega-੩ fatty acids ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਚਮੜੀ ਦੀ ਖੁਸ਼ਕੀ ਕਾਰਨ ਹੋਣ ਵਾਲੀ ਖਾਰਸ਼, ਹਾਰਮੋਨਲ ਇੰਬੈਲੈਂਸ ਆਦਿ ਨੁਕਸਾਂ ਤੋਂ ਬੇਹੱਦ ਫਾਇਦੇਮੰਦ ਰਹਿੰਦਾ ਹੈ। ਅਸੀਂ ਅਜਿਹੇ ਨੁਕਸ ਵਾਲੀਆਂ ਔਰਤਾਂ ਨੂੰ ਹੀ ਇਹ ਰੋਜ਼ਾਨਾ ਦਸ-ਪੰਦਰਾਂ ਗ੍ਰਾਮ ਖਾਣ ਲਈ ਕਿਹਾ ਸੀ। ਅਸੀਂ ਸਿਰਫ਼ ਉਮੇਗਾ-3 ਫੈਟੀ ਐਸਿਡਜ਼ ਦਾ ਹੀ ਰਿਜ਼ਲਟ ਲੈਣਾ ਚਾਹੁੰਦੇ ਸੀ।

ਅਸੀਂ ਆਪ ਵੀ ਉਦੋਂ ਰੋਜ਼ਾਨਾ ਕੁਲਫਾ ਪੱਤੇ ਖਾਇਆ ਕਰਦੇ ਸੀ। ਉਦੋਂ ਵੀ ਅਸੀਂ ਗਮਲਿਆਂ ਵਿੱਚ ਵੱਖ-ਵੱਖ ਜੜ੍ਹੀ-ਬੂਟੀਆਂ ਉਗਾਇਆ ਕਰਦੇ ਸਾਂ। ਅਸੀਂ ਉਹਨਾਂ ਨੂੰ ਕੁਲਫਾ ਘਰ ਉਗਾਉਣ ਲਈ ਵੀ ਦਿੱਤਾ ਸੀ। ਸਾਡੇ ਕਹਿਣ ‘ਤੇ ਉਹ ਕਾਫ਼ੀ ਹਫ਼ਤਿਆਂ ਤੱਕ ਘਰ ਉਗਾਏ ਕੁਲਫਾ ਪੱਤੇ ਰੋਜ਼ਾਨਾ ਖਾਂਦੀਆਂ ਰਹੀਆਂ। ਜਲਦੀ ਹੀ ਉਹਨਾਂ ਦੇ ਸੁਭਾਅ ‘ਚ ਤਬਦੀਲੀ ਆਈ, ਕਮਜ਼ੋਰ ਨਜ਼ਰ ਵਧਣ ਲੱਗ ਪਈ ਸੀ, ਵਾਲ ਝੜਨੋਂ ਰੁਕ ਗਏ ਸੀ। ਕੁੱਝ ਹੀ ਹਫਤਿਆਂ ਵਿੱਚ ਉਹਨਾਂ ਦੇ ਬਹੁਤ ਪੁਰਾਣੀਆਂ ਛਾਹੀਆਂ, ਝੁਰੜੀਆਂ, ਦਾਗ ਤੇ ਅੱਖਾਂ ਥੱਲੇ ਕਾਲੇ ਘੇਰੇ ਵੀ ਠੀਕ ਹੋ ਗਏ ਸੀ।

ਵਾਰ-ਵਾਰ ਗਲਾ ਪੱਕਣੋਂ ਹਟ ਗਿਆ

ਉਨ੍ਹਾਂ ‘ਚੋਂ ਕੁੱਝ ਦੀ ਬਹੁਤ ਪੁਰਾਣੀ ਖੰਘ ਹਟ ਗਈ ਸੀ, ਵਾਰ-ਵਾਰ ਗਲਾ ਪੱਕਣੋਂ ਹਟ ਗਿਆ ਸੀ ਤੇ ਉਹ ਕੁੱਝ ਕੁ ਮਹੀਨਿਆਂ ਵਿੱਚ ਹੀ ਅਪਣੀ ਅਸਲ ਉਮਰ ਤੋਂ ਪੰਜ-ਸੱਤ ਸਾਲ ਛੋਟੀਆਂ ਲੱਗਣ ਲੱਗ ਪਈਆਂ ਸੀ। ਪੰਜਾਬ ਵਿੱਚ ਸਦੀਆਂ ਤੋਂ ਹੀ ਅਜਿਹੇ ਪਸ਼ੂ ਪਾਲੇ ਜਾਂਦੇ ਸੀ ਜੋ ਬਾਹਰੋਂ ਚਰਨਾ ਪਸੰਦ ਕਰਦੇ ਸੀ। ਲੋਕ ਵੀ ਅਜਿਹੇ ਪਸ਼ੂਆਂ ਦਾ ਦੁੱਧ ਹੀ ਜ਼ਿਆਦਾ ਪੀਣਾ ਪਸੰਦ ਕਰਦੇ ਸੀ ਜੋ ਵੰਨ-ਸੁਵੰਨੀਆਂ ਜੜ੍ਹੀ-ਬੂਟੀਆਂ ਚਰ ਕੇ ਦੁੱਧ ਦਿੰਦੇ ਸੀ। ਜ਼ਿਆਦਾਤਰ ਜੰਗਲੀ ਪਸ਼ੂ ਇਸੇ ਬੂਟੀ ਨੂੰ ਹੀ ਖਾਣਾ ਪਸੰਦ ਕਰਦੇ ਹਨ।

ਬਹੁਤ ਪੁਰਾਣੇ ਸਮਿਆਂ ਵਿੱਚ ਕਿਸਾਨ ਪਰਿਵਾਰਾਂ ਵਿੱਚ ਮੱਝ ਨੂੰ ਹੀ ਦੁੱਧ ਲੈਣ ਲਈ ਸਭ ਪਸ਼ੂਆਂ ਤੋਂ ਵੱਧ ਪਾਲ਼ਿਆ ਜਾਂਦਾ ਸੀ। ਪੂਰਬੀ ਅਤੇ ਪੱਛਮੀ ਪੰਜਾਬ, ਹਰਿਆਣਾ, ਦਿੱਲੀ ਆਦਿ ਇਲਾਕਿਆਂ ਵਿੱਚ ਮੱਝ ਦਾ ਦੁੱਧ ਹੀ ਜ਼ਿਆਦਾ ਪੀਤਾ ਜਾਂਦਾ ਸੀ। ਉਦੋਂ ਮੱਝਾਂ ਨੂੰ ਖੁੱਲ੍ਹੇ ‘ਚ ਹੀ ਚਰਾਇਆ ਜਾਂਦਾ ਸੀ। ਇਉਂ ਮੱਝਾਂ ਅਨੇਕ ਜੜ੍ਹੀ-ਬੂਟੀਆਂ ਵੀ ਰੋਜ਼ਾਨਾ ਚਰਦੀਆਂ ਸੀ। ਇਹਨਾਂ ਜੜ੍ਹੀ- ਬੂਟੀਆਂ ‘ਚ ਕੁਲਫਾ ਵੀ ਮੱਝਾਂ ਰੋਜ਼ਾਨਾ ਖਾਂਦੀਆਂ ਸੀ। ਉਹਨਾਂ ਮੱਝਾਂ ਦਾ ਦੁੱਧ ਵੀ ਇਸੇ ਕਾਰਨ ਬੇਹੱਦ ਪੌਸ਼ਟਿਕ ਸੀ। ਉਂਜ ਵੀ ਮੱਝ ਦੇ ਦੁੱਧ ‘ਚ ਗਾਂ ਜਾਂ ਕਿਸੇ ਵੀ ਹੋਰ ਪਸ਼ੂ ਦੇ ਦੁੱਧ ਨਾਲੋਂ ਪ੍ਰੋਟੀਨਜ਼, ਫੈਟਸ ਅਤੇ ਹੋਰ ਮਿਨਰਲਜ਼ ਵੀ ਵੱਧ ਹੁੰਦੇ ਹਨ। ਇਸੇ ਕਰਕੇ ਅਜੇ ਵੀ ਮੱਝ ਦਾ ਹਾਈ ਪ੍ਰੋਟੀਨ ਅਤੇ ਹਾਈ ਫੈਟ ਦੁੱਧ, ਦਹੀਂ, ਲੱਸੀ, ਮੱਖਣ ਆਦਿ ਵਰਤਣ ਵਾਲੇ ਕਿਸਾਨ ਪਰਿਵਾਰਾਂ ‘ਚ ਬੱਚੇ ਜ਼ਿਆਦਾ ਕੱਦ-ਕਾਠ ਵਾਲੇ ਅਤੇ ਜ਼ਿਆਦਾ ਸਿਹਤਮੰਦ ਹੁੰਦੇ ਹਨ।

ਵਿਦੇਸ਼ੀ ਨਸਲ ਦੀਆਂ ਗਾਵਾਂ ਦਾ ਦੁੱਧ ਜ਼ਿਆਦਾ ਪੀਤਾ ਜਾਣਾ ਸ਼ੁਰੂ ਹੋ ਗਿਆ ਹੈ

ਲੇਕਿਨ ਹੁਣ ਪਸ਼ੂਆਂ ਨੂੰ ਹਮੇਸ਼ਾ ਕੈਦ ਕਰਕੇ ਰੱਖਿਆ ਜਾਂਦਾ ਹੈ ਤੇ ਪੱਠੇ ਵੀ ਜ਼ਹਿਰਾਂ, ਖਾਦਾਂ ਵਾਲੇ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਦੇਸੀ ਨਸਲਾਂ ਦੀਆਂ ਮੱਝਾਂ ਦੀ ਬਜਾਇ ਵਿਦੇਸ਼ੀ ਨਸਲ ਦੀਆਂ ਗਾਵਾਂ ਦਾ ਦੁੱਧ ਜ਼ਿਆਦਾ ਪੀਤਾ ਜਾਣਾ ਸ਼ੁਰੂ ਹੋ ਗਿਆ ਹੈ ਜੋ ਕਿ ਲੋਅ ਪ੍ਰੋਟੀਨ, ਲੋਅ ਫੈਟਸ ਹੋਣ ਕਾਰਨ ਬੱਚਿਆਂ ਦੀ ਓਵਰ ਆਲ ਸਿਹਤ ਲਈ ਵੀ ਠੀਕ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ ਦੀ ਮਰਜ਼ੀ ਨਾਲ ਉਹਨਾਂ ਨੂੰ ਘੁੰਮਣ, ਖਾਣ-ਪੀਣ ਵੀ ਨਹੀਂ ਦਿੱਤਾ ਜਾਂਦਾ। ਜਦੋਂਕਿ ਵਿਦੇਸ਼ਾਂ ਵਿੱਚ ਦੁੱਧ ਲਈ ਪਾਲੀਆਂ ਜਾਂਦੀਆਂ ਗਾਵਾਂ ਨੂੰ ਇਉਂ ਕੈਦ ਕਰਕੇ ਨਹੀਂ ਰੱਖਿਆ ਜਾਂਦਾ। ਖਾਸ ਕਰਕੇ ਉਹਨਾਂ ਨੂੰ ਉਹਨਾਂ ਦਾ ਮਨਪਸੰਦ ਕੁਲਫਾ ਖਾਣ ਲਈ ਨਹੀਂ ਮਿਲ ਰਿਹਾ। ਅਜਿਹੇ ਘਟੀਆ ਖੁਰਾਕ ਖਾਣ ਵਾਲੇ ਅਤੇ ਤਣਾਉ ‘ਚ ਰਹਿਣ ਵਾਲੇ ਪਸ਼ੂਆਂ ਦਾ ਦੁੱਧ ਘਿਉ ਵੀ ਵਿਅਕਤੀ ਨੂੰ ਬਿਮਾਰ ਬਣਾ ਰਿਹਾ ਹੈ।

ਕੁਲਫੇ ਦੀ ਵੀ ਪੂਰੇ ਪੰਜਾਬ ਵਿੱਚ ਹੀ ਖੇਤੀ ਕੀਤੀ ਜਾ ਸਕਦੀ ਹੈ। ਇਸਦੀ ਵੰਨ-ਸੁਵੰਨੇ ਸਪਲੀਮੈਂਟਸ ਦੀ ਜਗ੍ਹਾ ਵਰਤੋਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਆਪੇ ਉੱਗਣ ਵਾਲੀਆਂ ਜੜ੍ਹੀ-ਬੂਟੀਆਂ ਦੀ ਕਿਸਾਨਾਂ ਨੂੰ ਪਹਿਚਾਣ ਕਰਾਵੇ। ਜੇ ਇਹਨਾਂ ਦੀ ਬੀਜਣ, ਸੰਭਾਲਣ, ਦਵਾਈਆਂ ਬਣਾਉਣ, ਪੈਕਿੰਗ ਕਰਨ, ਆਨਲਾਈਨ ਵੇਚਣ ਜਾਂ ਵਿਦੇਸ਼ ਵਿੱਚ ਵੇਚਣ ਆਦਿ ਦੀ ਟਰੇਨਿੰਗ ਸਰਕਾਰ ਵੱਲੋਂ ਕਰਵਾਈ ਜਾਵੇ ਤਾਂ ਪੰਜਾਬ ਦੇ ਮਿਹਣਤੀ ਕਿਸਾਨ ਨੂੰ ਫੇਲ੍ਹ ਹੋਣੋਂ ਬਚਾਇਆ ਜਾ ਸਕਦਾ ਹੈ। ਇਉਂ ਪੰਜਾਬ ਦਾ ਕਿਸਾਨ ਆਪ ਵੀ ਗਰੀਬੀ ‘ਚੋਂ ਨਿੱਕਲ ਸਕਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਬੇਰੁਜ਼ਗਾਰੀ, ਵਿਹਲੜਪੁਣੇ, ਨਸ਼ਾਖੋਰੀ ਆਦਿ ਤੋਂ ਬਚਾਅ ਸਕਦਾ ਹੈ।

ਚਿਤਾਵਨੀ:-

ਉਂਜ ਤਾਂ ਕੁੱਝ ਵੀ ਕਦੇ ਵੀ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਣਾ ਜਾਂ ਪੀਣਾ ਚਾਹੀਦਾ। ਕੁਲਫਾ ਵੀ ਰੋਜ਼ਾਨਾ ਜ਼ਿਆਦਾ ਖਾਣ ਨਾਲ ਪਥਰੀ ਬਣ ਸਕਦੀ ਹੈ। ਇਸ ਲਈ ਇਸਦੇ ਦੋ-ਤਿੰਨ ਪੱਤੇ ਹੀ ਰੋਜ਼ਾਨਾ ਖਾਣੇ ਸ਼ੁਰੂ ਕਰੋ।

ਡਾ. ਬਲਰਾਜ ਬੈਂਸ, ਡਾ. ਕਰਮਜੀਤ ਕੌਰ ਬੈਂਸ, ਬੈਂਸ ਹੈਲਥ ਸੈਂਟਰ, ਮੋਗਾ
ਮੋ. 94630-38229

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.