ਆਪਣੀ ਪ੍ਰਤਿਭਾ ਦੀ ਕਰੋ ਪਛਾਣ

ਆਪਣੀ ਪ੍ਰਤਿਭਾ ਦੀ ਕਰੋ ਪਛਾਣ

ਜ਼ਿੰਦਗੀ ’ਚ ਭੱਜ-ਦੌੜ ਕੇਵਲ ਸਫਲਤਾ ਲਈ ਕੀਤੀ ਜਾਂਦੀ ਹੈ, ਉਸ ਨੂੰ ਹਾਸਲ ਕਰਨ ਲਈ ਸਭ ਕੁਝ ਕੁਰਬਾਨ ਕਰਨ ਦਾ ਜੋ ਜ਼ਜ਼ਬਾ ਹੁੰਦਾ ਹੈ, ਉਹ ਬਾ-ਕਮਾਲ ਹੁੰਦਾ ਹੈ। ਸਫਲਤਾ ਖੁਦ ਦੁਆਰਾ ਮਾਪੀ ਨਹੀਂ ਜਾਂਦੀ, ਇਹ ਫੈਸਲਾ ਹਮੇਸ਼ਾ ਲੋਕ ਹੀ ਕਰਦੇ ਹਨ ਕਿ ਉਹ ਸਫਲ ਹੈ ਜਾਂ ਫਿਰ ਅਸਫਲ। ਸਫਲਤਾ ਕਦੇ ਵੀ ਸਿੱਧੀ ਨਹੀਂ ਉਪਜਦੀ, ਬਲਕਿ ਅਸਫਲਤਾ ਦੇ ਗਹਿਰੇ ਹਨ੍ਹੇਰੇ ਨੂੰ ਚੀਰ ਕੇ ਪ੍ਰਗਟ ਹੁੰਦੀ ਹੈ। ਹਰ ਸਫਲਤਾ ਦੇ ਪਿੱਛੇ ਅਸਫਲਤਾਵਾਂ ਦੀਆਂ ਅਣਗਿਣਤ ਕਹਾਣੀਆਂ ਹੁੰਦੀਆਂ ਹਨ। ਸਫਲ ਵਿਅਕਤੀਆਂ ਦੀ ਸਫਲਤਾ ਰੂਪੀ ਚਮਕ ਨੂੰ ਦੇਖ ਕੇ ਸਭ ਚਕਾਚੌਂਧ ਹੁੰਦੇ ਹਨ, ਪਰ ਉਨ੍ਹਾਂ ਦੁਆਰਾ ਦੇਖੇ ਹਨ੍ਹੇਰਿਆਂ ਤੋਂ ਸੰਸਾਰ ਸਦਾ ਹੀ ਅਣਜਾਣ ਰਿਹਾ ਹੈ, ਜਿੱਥੇ ਚਾਹ, ਉੱੰਥੇ ਰਾਹ।

ਜਿਸ ਦੀਆਂ ਕੋਸ਼ਿਸ਼ਾਂ ਸਹੀ ਦਿਸ਼ਾ ’ਚ ਹੋਣ, ਅੰਦਰ ਕੁਝ ਕਰ ਗੁਜ਼ਰਨ ਦੀ ਇੱਛਾ ਪ੍ਰਬਲ ਹੋਵੇ, ਉਸ ਦੇ ਸਫਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹਾ ਮਨੁੱਖ ਹਾਰ ਕੇ ਵੀ ਹਾਰ ਨਹੀਂ ਮੰਨਦਾ, ਕਿਉਂਕਿ ਹਾਰਨਾ ਮਨ ਦੀ ਇੱਕ ਸਥਿਤੀ ਹੈ। ਅਕਸਰ ਹੀ ਮਨੁੱਖ ਉਦੋਂ ਹਾਰਦਾ ਹੈ, ਜਦੋਂ ਉਸ ਦੇ ਦਿਮਾਗ ਦੇ ਕਿਸੇ ਕੋਨੇ ਵਿੱਚ ਇਹ ਗੱਲ ਬੈਠ ਜਾਵੇ ਕਿ ਹੁਣ ਜਿੱਤਣਾ ਅਸੰਭਵ ਹੈ। ਆਪਣੀ ਪ੍ਰਤਿਭਾ ਨੂੰ ਪਛਾਣ ਕੇ ਚੁਣਿਆ ਰਸਤਾ ਹੀ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਸੰਸਾਰ ਦਾ ਹਰੇਕ ਮਨੁੱਖ ਕੋਈ ਨਾ ਕੋਈ ਪ੍ਰਤਿਭਾ ਦਾ ਮਾਲਕ ਹੈ। ਇਸੇ ਲਈ ਕਿਸੇ ਦਾਰਸ਼ਨਿਕ ਨੇ ਕਿਹਾ ਹੈ- ‘ਹਾਂ! ਮੈਂ ਵੀ ਕੋਈ ਸ਼ੈਅ ਹਾਂ ਕਿਉਂਕਿ ਕੁਦਰਤ ਨੇ ਕੁਝ ਵੀ ਫਾਲਤੂ ਨਹੀਂ ਰਚਿਆ ਹੈ’।

ਜ਼ਿੰਦਗੀ ਫੈਸਲਿਆਂ ਦਾ ਇੱਕ ਰੰਗਮੰਚ ਹੈ, ਜਿੱਥੇ ਸਾਡੇ ਫੈਸਲੇ ਸਾਡੀਆਂ ਗਤੀਵਿਧੀਆਂ ਨੂੰ ਨਿਰਦੇਸ਼ਨ ਬਖਸ਼ਦੇ ਹਨ। ਸਹੀ ਫੈਸਲਾ ਲੈਣ ਦੀ ਸ਼ਕਤੀ ਆਤਮ-ਵਿਸ਼ਵਾਸ ਨਾਲ ਉਪਜਦੀ ਹੈ। ਆਤਮ-ਵਿਸ਼ਵਾਸ ਦੀ ਪੈਦਾਇਸ਼ ਜ਼ਿੰਮੇਵਾਰੀਆਂ ਵਿੱਚੋਂ ਹੁੰਦੀ ਹੈ, ਜੋ ਜਿੰਨਾ ਜ਼ਿੰਮੇਵਾਰ ਹੋਵੇਗਾ ਉਹ ਉਨਾ ਹੀ ਆਤਮ-ਵਿਸ਼ਵਾਸ ਨਾਲ ਲਬਰੇਜ਼ ਹੋਵੇਗਾ। ਕਿਸੇ ਕੰਮ ਪ੍ਰਤੀ ਸਾਡਾ ਲਿਆ ਗਿਆ ਫੈਸਲਾ ਕਿੰਨਾ ਗਲਤ ਜਾਂ ਸਹੀ ਹੈ, ਉਸ ਨੂੰ ਸਮੇਂ ਦੀ ਕਸਵੱਟੀ ਹੀ ਵਧੀਆ ਪਰਖਦੀ ਹੈ। ਜੋ ਸਮੇਂ ਦੀ ਕਦਰ ਕਰਦਾ ਹੈ, ਸਮਾਂ ਵੀ ਉਸ ਨੂੰ ਕਦਰਵਾਨ ਬਣਾ ਦਿੰਦਾ ਹੈ।

ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੀ ਪ੍ਰਤਿਭਾ ਨੂੰ ਜ਼ਰੂਰ ਟਟੋਲੋ। ਉਸ ਕੰਮ ਵਿੱਚ ਦਿਲਚਸਪੀ ਲਾਜ਼ਮੀ ਹੈ ਅਤੇ ਸਮਾਂ ਸਹੀ ਹੋਵੇ। ਕੈਰੀਅਰ ਸਬੰਧੀ ਫੈਸਲਾ ਸਭ ਤੋਂ ਪਹਿਲਾਂ ਆਪਣੇ-ਆਪ ਵਿੱਚ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਦਿਸ਼ਾ ਵਿੱਚ ਜਾਣਾ ਹੈ। ਜਿਸ ਖੇਤਰ ਵਿੱਚ ਅਸੀਂ ਜਾਣ ਦਾ ਦਿ੍ਰੜ ਨਿਸ਼ਚਾ ਕਰ ਲਿਆ ਹੋਵੇ ਤਾਂ ਉਸ ਖੇਤਰ ਦੇ ਮਾਹਿਰ ਦਾ ਮਸ਼ਵਰਾ ਜ਼ਰੂਰ ਲੈਣਾ ਚਾਹੀਦਾ ਹੈ। ਜੇਕਰ ਸਾਨੂੰ ਬਹੁਤ ਸਾਰੀਆਂ ਦਿਸ਼ਾਵਾਂ ਵੱਲ ਜਾਣ ਦੇ ਸੁਝਾਅ ਮਿਲ ਰਹੇ ਹਨ ਤਾਂ ਸਾਨੂੰ ਆਪਣੀ ਪ੍ਰਤਿਭਾ ਖੁਦ ਖੋਜਣੀ ਪਵੇਗੀ। ਆਪਣੇ ਦਿਲ ਦੀ ਸੁਣੋ ਜ਼ਰੂਰ, ਪਰ ਫੈਸਲੇ ਦਿਮਾਗ ਨਾਲ ਹੀ ਹੋਣੇ ਚਾਹੀਦੇ ਹਨ।

ਪ੍ਰਤਿਭਾ ਦੀ ਪਛਾਣ ਕਰਨੀ ਸੌਖਾ ਕੰਮ ਨਹੀਂ, ਪਰ ਨਾਮੁਮਕਿਨ ਨਹੀਂ ਹੈ। ਕਈ ਵਾਰ ਜ਼ਿੰਦਗੀ ਦਾ ਕਾਫੀ ਸਮਾਂ ਬੀਤਣ ਤੋਂ ਬਾਅਦ ਆਪਣੇ ਮੂਲ ਦੀ ਪਛਾਣ ਹੁੰਦੀ ਹੈ। ਜੋ ਉਸ ਸਮੇਂ ਵੀ ਆਪਣੇ ਮੁਕਾਮ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਹਨ। ਮੁਸ਼ਕਿਲਾਂ ਦਾ ਸਾਹਮਣਾ ਆਮ ਨਾਲੋਂ ਜ਼ਿਆਦਾ ਤਾਂ ਕਰਨਾ ਪੈਂਦਾ ਹੈ,

ਪਰ ਸਫਲਤਾ ਦੀ ਪੌੜ੍ਹੀ ਆਖ਼ਰ ਚੜ੍ਹ ਹੀ ਜਾਂਦੇ ਹਨ। ਬਹੁਤੇ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਦਮੀ ਨੇ ਆਪਣੀ ਕਲਾ ਵੀ ਪਛਾਣ ਲਈ ਹੋਵੇ ਤੇ ਮਿਹਨਤ ਵੀ ਕੀਤੀ ਹੋਵੇ, ਪਰ ਫਿਰ ਵੀ ਅਸਫਲ ਹੋ ਜਾਵੇ ਇਸ ਦਾ ਕੀ ਕਾਰਨ ਹੈ? ਇਸ ਦਾ ਜਵਾਬ ਇਹ ਹੈ ਕਿ ਜਮਾਤ ਦੇ ਤੀਹ ਬੱਚਿਆਂ ਨੇ ਡਾਕਟਰ ਬਣਨ ਦਾ ਸੰਕਲਪ ਲਿਆ ਹੈ ਤੇ ਦਿ੍ਰੜ ਨਿਸ਼ਚੇ ਨਾਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਇੱਕੋ ਹੀ ਕੋਚਿੰਗ ਸੈਂਟਰ ਤੋਂ ਕਰਦੇ ਹਨ, ਪਰ ਫਿਰ ਵੀ ਉਨ੍ਹਾਂ ਵਿੱਚੋਂ ਸਿਰਫ ਪੰਜ ਬੱਚੇ ਹੀ ਪ੍ਰਵੇਸ਼ ਪ੍ਰੀਖਿਆ ਪਾਸ ਕਰਦੇ ਹਨ। ਇੱਥੇ ਸੂਝ-ਬੂਝ ਅਤੇ ਮਿਹਨਤ ਕਰਨ ਦੇ ਤਰੀਕੇ ਦਾ ਅੰਤਰ ਹੋ ਸਕਦਾ ਹੈ।

ਮੇਰੇ ਇੱਕ ਜਾਣਕਾਰ ਡਾਕਟਰ ਹਨ, ਜਿਨ੍ਹਾਂ ਨੇ ਆਪਣਾ ਸੰਘਰਸ਼ ਇੱਕ ਕੰਪਾੳਂੂਡਰ ਤੋਂ ਸ਼ੁਰੂ ਕੀਤਾ ਸੀ ਤੇ ਅੰਤ ਵਿੱਚ ਐੱਮ.ਬੀ.ਬੀ.ਐੱਸ. ਕਰਕੇ ਡਾਕਟਰ ਬਣੇ। ਉਨ੍ਹਾਂ ਨੇ ਆਪਣੀ ਕਲਾ ਤਾਂ ਪਹਿਲਾਂ ਹੀ ਪਛਾਣ ਲਈ ਸੀ, ਪਰ ਮਾਰਗਦਰਸ਼ਕ ਅਤੇ ਘਰ ਦੇ ਹਾਲਾਤਾਂ ਕਾਰਨ ਕੰਪਾੳਂੂਡਰ ਤੱਕ ਸੀਮਤ ਹੋ ਗਏ ਸਨ, ਜਦ ਉਹ ਕਲੀਨਿਕ ’ਤੇ ਹੁੰਦੇ ਤਾਂ ਉਨ੍ਹਾਂ ਦਾ ਬੌਸ ਉਨ੍ਹਾਂ ਨੂੰ ਤਾਅਨੇ ਦਿੰਦਾ ਕਿ ਤੂੰ ਇੱਥੋਂ ਜੋਗਾ ਹੀ ਰਹਿ ਜਾਣਾ। ਇਹ ਤਾਅਨੇੇ ਅਤੇ ਪ੍ਰਤਿਭਾ ਉਨ੍ਹਾਂ ਨੂੰ ਨੂੰ ਹਲੂਣਦੀ ਸੀ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮੰਜ਼ਿਲ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਸਨ। ਲੋਕਾਂ ਦੇ ਮਜ਼ਾਕ ਅਤੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਅਠੱਤੀ ਸਾਲ ਦੀ ਉਮਰ ਵਿੱਚ ਆਪਣੀ ਗ੍ਰੈਜੂਏਸ਼ਨ (ਐਮ.ਬੀ.ਬੀ.ਐਸ.) ਪੂਰੀ ਕੀਤੀ।

ਕਾਲਜ ਵਿੱਚ ਉਨ੍ਹਾਂ ਦੇ ਸਹਿਪਾਠੀ ਉਨ੍ਹਾਂ ਨੂੰ ਬਾਬਾ ਜੀ ਕਹਿ ਕੇ ਛੇੜਦੇ ਸਨ ਪਰ ਉਨ੍ਹਾਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ, ਕਿਉਂਕਿ ਉਹ ਜਾਣਦੇ ਸਨ ਜੋ ਲੋਕ ਕਿਸੇ ’ਤੇ ਹੱਸਦੇ ਹਨ, ਸਮਾਂ ਉਨ੍ਹਾਂ ਉੱਪਰ ਹੱਸਦਾ ਹੈ। ਦੁਨੀਆਂ ਤੋਂ ਵੱਖਰਾ ਸੋਚਣ, ਕਰਨ ਵਾਲਿਆਂ ’ਤੇ ਲੋਕ ਹੱਸਦੇ ਆਏ ਹਨ ਤੇ ਹੱਸਦੇ ਰਹਿਣਗੇ। ਸਮਾਂ ਉਨ੍ਹਾਂ ਨੂੰ ਚੁੱਪ ਕਰਵਾਉਂਦਾ ਹੈ। ਇਸ ਲਈ ਹਮੇਸ਼ਾ ਹਾਂ-ਪੱਖੀ ਰਹੋ ਤੇ ਆਸ਼ਾਵਾਦੀ ਬਣੋ। ਆਸ਼ਾਵਾਦੀ ਕਦੇ ਨਹੀਂ ਸੋਚਦਾ ਉਹ ਅਸਫਲ ਵੀ ਹੋ ਸਕਦਾ ਹੈ, ਪਰ ਨਿਰਾਸ਼ਾਵਾਦੀ ਹਮੇਸ਼ਾ ਸੋਚਦਾ ਹੈ ਕਿ ਸਫਲਤਾ ਉਸ ਲਈ ਨਹੀਂ ਬਣੀ। ਆਸ਼ਾਵਾਦੀ ਅਸਫਲਤਾ ਨੂੰ ਵੀ ਸਫਲਤਾ ਵਾਂਗ ਮਾਣਦਾ ਹੈ, ਪਰ ਨਿਰਾਸ਼ਾਵਾਦੀ ਕੋਲ ਸ਼ਿਕਵੇ ਸ਼ਿਕਾਇਤਾਂ ਹੀ ਹੁੰਦੀਆਂ ਹਨ, ਜੋ ਕਿਸਮਤ, ਸਮੇਂ ਤੇ ਹੋਰ ਕਾਰਨਾਂ ਪ੍ਰਤੀ ਹੁੰਦੀਆਂ ਹਨ। ਆਸ਼ਾਵਾਦੀ ਕਦੇ ਸ਼ਿਕਵੇ ਨਹੀਂ ਕਰਦੇ।

ਆਪਣੀ ਪ੍ਰਤਿਭਾ ਦੀ ਪਛਾਣ ਕਰਨੀ, ਸਖਤ ਮਿਹਨਤ, ਸੰਜਮ ਤੇ ਮੁਸ਼ਕਿਲਾਂ ਨੂੰ ਹੱਸ ਕੇ ਜਰਨ ਦੀ ਸ਼ਕਤੀ ਸਫਲਤਾ ਦਾ ਮੂਲ ਮੰਤਰ ਹੈ। ਹਰ ਪ੍ਰਤਿਭਾ ਦਾ ਕੋਈ ਆਦਰਸ਼ ਜ਼ਰੂਰ ਹੁੰਦਾ ਹੈ, ਉਸ ਦੇ ਵਿਖਾਏ ਰਾਹ ’ਤੇ ਚੱਲਣਾ ਚਾਨਣ-ਮੁਨਾਰੇ ਦਾ ਕੰਮ ਕਰਦਾ ਹੈ, ਪਰ ਹੂਬਹੂ ਉਸ ਦੀ ਨਕਲ ਕਰਨੀ ਸਾਨੂੰ ਮਜ਼ਾਕ ਦਾ ਪਾਤਰ ਬਣਾ ਸਕਦੀ ਹੈ। ਸਾਡਾ ਜਜ਼ਬਾ ਦੇਸ਼-ਸਮਾਜ ਨੂੰ ਕੁਝ ਚੰਗਾ ਦੇਣ ਦਾ ਹੋਣਾ ਚਾਹੀਦਾ ਹੈ ਅਤੇ ਸਾਡੀ ਕਲਾ ਦਾ ਜਨਹਿੱਤ ਹੋਣਾ ਲਾਜ਼ਮੀ ਹੈ। ਬੱਸ ਜ਼ਰੂਰਤ ਹੈ ਆਪਣੇ ਅੰਦਰ ਝਾਤ ਮਾਰਨ ਦੀ ਅਤੇ ਆਪਣੀਆਂ ਅਸੀਮ ਸ਼ਕਤੀਆਂ ਨੂੰ ਜਾਨਣ ਦੀ।

ਆਪਣੀ ਪ੍ਰਤਿਭਾ ਨੂੰ ਪਛਾਣੋ ਅਤੇ ਨਿਖਾਰਨ ਦੀ ਕੋਸ਼ਿਸ਼ ਕਰੋ, ਜਹਾਨ ਸਾਡੀ ਮੁੱਠੀ ਵਿੱਚ ਹੋਵੇਗਾ। ਦੌਲਤ, ਸ਼ੋਹਰਤ, ਐਸ਼ੋ-ਅਰਾਮ, ਪ੍ਰਤਿਭਾਸ਼ਾਲੀ ਲੋਕਾਂ ਦਾ ਪਿੱਛਾ ਕਰਦੇ ਹਨ, ਪਰ ਆਮ ਲੋਕ ਇਨ੍ਹਾਂ ਲਈ ਸਾਰੀ ਉਮਰ ਖਪਦੇ ਹਨ, ਫਿਰ ਵੀ ਨਸੀਬ ਨਹੀਂ ਹੁੰਦਾ। ਫੈਸਲਾ ਅਸੀਂ ਕਰਨਾ ਹੈ ਪ੍ਰਤਿਭਾਸ਼ਾਲੀ ਬਣਨਾ ਹੈ ਜਾਂ ਆਮ ਹੀ ਭੀੜ ਦਾ ਹਿੱਸਾ ਬਣ ਕੇ ਰਹਿਣਾ ਹੈ। ਇਸ ਤੋਂ ਜ਼ਿਆਦਾ ਸਮੇਂ ਦੀ ਚਾਲ ਨਾਲ ਚਾਲ ਮਿਲਾਉਣੀ ਹੋਵੇਗੀ। ਸਮੇਂ ਦੇ ਹਾਣੀ ਹੀ ਸਫਲਤਾ ਨੂੰ ਆਪਣੀ ਰਾਣੀ ਬਣਾਉਂਦੇ ਹਨ। ਚੰਗਾ ਸਾਹਿਤ ਪ੍ਰਤਿਭਾ ਨੂੰ ਤਰਾਸ਼ਦਾ ਹੈ, ਜੋ ਲੋਕ ਚੰਗਾ ਸਾਹਿਤ ਪੜ੍ਹਦੇ ਹਨ, ਉਨ੍ਹਾਂ ਦਾ ਪ੍ਰਤਿਭਾਸ਼ਾਲੀ ਬਣਨਾ ਲਾਜ਼ਮੀ ਹੋ ਜਾਂਦਾ ਹੈ। ਅਜਿਹੇ ਲੋਕਾਂ ਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ।

ਚੱਕ ਬਖਤੂ, ਬਠਿੰਡਾ
ਮੋ. 95173-96001

ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ