ਆਦਰਸ਼ ਵਿਦਿਆਰਥੀ

Haryana Schools

ਆਦਰਸ਼ ਵਿਦਿਆਰਥੀ

ਹਰਜਿੰਦਰ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸਦੇ ਦੋ ਭਰਾ ਅਤੇ ਇੱਕ ਭੈਣ ਉਸ ਤੋਂ ਵੱਡੇ ਸਨ। ਉਸ ਤੋਂ ਵੱਡਾ ਭਰਾ ਮਨਦੀਪ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮਨਦੀਪ ਤੋਂ ਵੱਡਾ ਸੰਦੀਪ ਸਿੰਘ ਸੱਤਵੀ ਜਮਾਤ ਵਿੱਚ ਪੜ੍ਹਦਾ ਸੀ। ਸਭ ਤੋਂ ਵੱਡੀ ਵੀਰਪਾਲ ਕੌਰ ਸੀ ਜੋ ਨੌਂਵੀ ਜਮਾਤ ਵਿੱਚ ਪੜ੍ਹਦੀ ਸੀ। ਹਰਜਿੰਦਰ ਹੋਰੀਂ ਸਾਰੇ ਭੈਣ-ਭਰਾ ਪੜ੍ਹਾਈ ਵਿੱਚ ਹੁਸ਼ਿਆਰ ਸਨ। ਉਹ ਸਕੂਲੋਂ ਆ ਕੇ ਪਹਿਲਾਂ ਆਪਣਾ ਸਕੂਲ ਦਾ ਕੰਮ ਕਰਦੇ ਫਿਰ ਮੁਹੱਲੇ ਵਿੱਚ ਖੇਡਣ ਜਾਂਦੇ। ਵੀਰਪਾਲ ਕੁੜੀਆਂ ਦੇ ਨਾਲ ਪੀਚੋ ਖੇਡਦੀ। ਮਨਦੀਪ ਅਤੇ ਸੰਦੀਪ ਕੁਝ ਵੀ ਖੇਡ ਲੈਂਦੇ। ਪਰੰਤੂ ਹਰਜਿੰਦਰ ਕੇਵਲ ਸਕੂਲੀ ਖੇਡਾਂ ਹੀ ਖੇਡਦਾ। ਜੇ ਕੋਈ ਕਬੱਡੀ, ਖੋ-ਖੋ, ਚਿੜੀ-ਬੱਲਾ, ਫੁੱਟਬਾਲ, ਰੱਸੀ ਟੱਪਣ ਜਾਂ ਦੌੜ ਲਾਉਣੀ ਆਦਿ ਨਾ ਖੇਡਦਾ ਤਾਂ ਉਹ ਇਕੱਲਾ ਭੱਜ ਕੇ ਦੌੜ ਦੀ ਤਿਆਰੀ ਕਰਦਾ ਰਹਿੰਦਾ।

ਮਾਤਾ-ਪਿਤਾ ਦਾ ਉਹ ਲਾਡਲਾ ਸੀ। ਕਿਉਂਕਿ ਇੱਕ ਤਾਂ ਉਹ ਘਰ ਵਿੱਚ ਸਭ ਤੋਂ ਛੋਟਾ ਸੀ ਦੂਜਾ ਉਹ ਆਪਣੇ ਮਾਪਿਆਂ ਅਤੇ ਅਧਿਆਪਕ ਦੀ ਹਰ ਕਹੀ ਹੋਈ ਗੱਲ ਨੂੰ ਮੰਨਦਾ ਸੀ। ਇਸ ਲਈ ਨਾ ਤਾਂ ਉਹ ਆਪਣੇ ਮਾਪਿਆਂ ਨੂੰ ਝੂਠ ਬੋਲਦਾ ਸੀ ਅਤੇ ਨਾ ਹੀ ਕੋਈ ਚਲਾਕੀ ਕਰਦਾ ਸੀ। ਉਸਦੇ ਮਾਤਾ-ਪਿਤਾ ਉਸ ਦੇ ਵਿਵਹਾਰ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਕਿ ਉਹ ਹਰੇਕ ਕੰਮ ਸਲੀਕੇ ਨਾਲ ਕਰਦਾ। ਸਕੂਲ ਵਿੱਚ ਵੀ ਉਹ ਅਧਿਆਪਕਾਂ ਦਾ ਹਰਮਨਪਿਆਰਾ ਸੀ। ਉਹ ਆਪਣੀ ਜਮਾਤ ਦਾ ਮਨੀਟਰ ਵੀ ਸੀ। ਉਸ ਦੀ ਸਾਫ-ਸੁਥਰੀ ਵਰਦੀ, ਸਰੀਰ ਦੀ ਸਫਾਈ, ਸੁੰਦਰ ਲਿਖਾਈ, ਹਰ ਗਤੀਵਿਧੀ ਵਿੱਚ ਹਿੱਸਾ ਲੈਣਾ ਅਤੇ ਹਰ ਇੱਕ ਨਾਲ ਮਿਲਵਰਤਣ ਨੂੰ ਵੇਖ ਕੇ ਅਧਿਆਪਕ ਦੂਜੇ ਬੱਚਿਆਂ ਨੂੰ ਉਸ ਦੀਆਂ ਉਦਾਹਰਨਾਂ ਦਿੰਦੇ ਸਨ।

ਇੱਕ ਦਿਨ ਮੁੱਖ ਅਧਿਆਪਕ ਜੀ ਨੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਭਰਨ ਲਈ ਅਤੇ ਚੰਗੇ ਬਣਨ ਲਈ ਇੱਕ ਵਿਸ਼ੇਸ਼ ਸਨਮਾਨ ‘ਆਦਰਸ਼ ਵਿਦਿਆਰਥੀ’ ਦੇਣ ਲਈ ਕਿਹਾ। ਇਸ ਲਈ ਜਿਹੜੇ ਗੁਣਾਂ ਦੀਆਂ ਸ਼ਰਤਾਂ ਰੱਖੀਆਂ ਗਈਆਂ ਉਹ ਸਾਰੇ ਹਰਿੰਦਰ ਸਿੰਘ ਵਿੱਚ ਸਨ। ਇਸ ਲਈ ਸਵੇਰੇ ਦੀ ਸਭਾ ਖ਼ਤਮ ਹੋਣ ਤੋਂ ਬਾਅਦ ਕਲਾਸਾਂ ਵਿੱਚ ਜਾ ਕੇ ਸਾਰਿਆਂ ਵਿੱਚ ਖੁਸਰ-ਫੁਸਰ ਸ਼ੁਰੂ ਹੋ ਗਈ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਇਹ ਸਨਮਾਨ ਤਾਂ ਹਰਜਿੰਦਰ ਹੀ ਜਿੱਤ ਜਾਵੇਗਾ। ਇਸ ਲਈ ਕਈਆਂ ਵਿਦਿਆਰਥੀਆਂ ਨੇ ਤਾਂ ਪਹਿਲਾਂ ਹੀ ਹੌਂਸਲਾ ਛੱਡ ਦਿੱਤਾ ਸੀ। ਸਮੇਂ ਦੇ ਬੀਤਣ ਨਾਲ ਕੁਝ ਲੜਾਈ ਦੀਆਂ ਘਟਨਾਵਾਂ ਨੇ ਹਰਜਿੰਦਰ ਨੂੰ ਬਦਨਾਮ ਕਰ ਦਿੱਤਾ।

ਇੱਕ ਲੜਾਈ ਵਿੱਚ ਤਾਂ ਉਸਨੂੰ ਅਤੇ ਦੂਜੇ ਬੱਚੇ ਨੂੰ ਸੱਟਾਂ ਵੀ ਲੱਗੀਆਂ ਕਿਉਂਕਿ ਉਹ ਲੜਦੇ-ਲੜਦੇ ਉੱਚੇ ਥੜ੍ਹੇ ਤੋਂ ਡਿੱਗ ਪਏ ਸੀ। ਹੁਣ ਬਾਕੀ ਬੱਚਿਆਂ ਨੂੰ ਜਿੱਤਣ ਦਾ ਹੌਂਸਲਾ ਹੋ ਗਿਆ। ਉਹ ਪੂਰੇ ਜੋਸ਼ ਨਾਲ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲੱਗ ਪਏ। ਹਰਜਿੰਦਰ ਉਦਾਸ ਸੀ ਪਰ ਉਸਨੇ ਵੀ ਹੌਂਸਲਾ ਨਹੀਂ ਸੀ ਛੱਡਿਆ। ਸਾਲ ਦੇ ਅਖੀਰ ਸਕੂਲ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ‘ਆਦਰਸ਼ ਵਿਦਿਆਰਥੀ’ ਦੀ ਚੋਣ ਦੀ ਘੋਸ਼ਣਾ ਕੀਤੀ ਜਾਣੀ ਸੀ । ਫਿਰ ਉਸਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ। ਬਹੁਤ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਹੋਣ ਦੀ ਆਸ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਮੁਖੀ ਨੇ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਉਹਨਾਂ ਕਿਹਾ, ‘‘ਆਦਰਸ਼ ਵਿਦਿਆਰਥੀ ਦੀ ਪ੍ਰਤੀਯੋਗਤਾ ਜਿੱਤਣ ਲਈ ਸਕੂਲ ਦੇ ਤਕਰੀਬਨ ਸਾਰੇ ਸਿੱਖਿਆਰਥੀਆਂ ਨੇ ਦਿਲਚਸਪੀ ਵਿਖਾਈ। ਪੂਰੀ ਮਿਹਨਤ ਕੀਤੀ। ਮੈਨੂੰ ਅਤੇ ਮੇਰੇ ਸਟਾਫ ਨੂੰ ਇਸ ਗੱਲ ਦੀ ਖੁਸ਼ੀ ਹੈ। ਪਰੰਤੂ ਨਾਲ-ਨਾਲ ਦੁੱਖ ਵੀ ਹੈ ਕਿ ਤੁਸੀਂ ਇਸ ਪ੍ਰਤੀਯੋਗਤਾ ਨੂੰ ਜਿੱਤਣ ਦਾ ਹੌਂਸਲਾ ਉਸ ਸਮੇਂ ਕੀਤਾ ਜਦੋਂ ਹੋਰ ਕੋਈ ਤਕੜਾ ਦਾਅਵੇਦਾਰ ਨਹੀਂ ਸੀ। ਇਸ ਦੇ ਉਲਟ ਹਰਜਿੰਦਰ ਹੈ। ਜਿਸ ਦੇ ਜਿੱਤਣ ਦੀ ਕੋਈ ਆਸ ਨਹੀਂ ਰਹਿ ਗਈ ਸੀ।

ਉੱਤੋਂ ਇਹ ਉਦਾਸ ਵੀ ਸੀ ਕਿਉਂਕਿ ਇਹ ਬੇਕਸੂਰ ਹੋ ਕੇ ਵੀ ਬਦਨਾਮ ਕਰ ਦਿੱਤਾ ਗਿਆ। ਜੀ ਹਾਂ! ਸਾਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਹੈ। ਇਸ ਨੂੰ ਲੜਨ ਲਈ ਮਜ਼ਬੂਰ ਕੀਤਾ ਗਿਆ। ਪਰ ਇਸ ਨੇ ਹਾਰ ਨਹੀਂ ਮੰਨੀ। ਅਸਲ ਖਿਡਾਰੀ ਉਹੀ ਹੁੰਦਾ ਹੈ ਜੋ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਲੜੇ। ਇਸ ਲਈ ਆਦਰਸ਼ ਵਿਦਿਆਰਥੀ ਦੀ ਪ੍ਰਤੀਯੋਗਤਾ ਹਰਜਿੰਦਰ ਸਿੰਘ ਨੇ ਜਿੱਤ ਲਈ ਹੈ।’’ ਹਰਜਿੰਦਰ ਸਿੰਘ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।

ਸੁਖਦੀਪ ਸਿੰਘ ਗਿੱਲ, ਮਾਨਸਾ।

ਮੋ. 94174-51887

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।