ਮਰਹੂਮ ਸੁਰਿੰਦਰ ਛਿੰਦਾ ਨੂੰ ਰਾਜਨੀਤਿਕ, ਧਾਰਮਿਕ, ਸਮਾਜਿਕ ਸਖ਼ਸੀਅਤਾਂ ਤੇ ਗਾਇਕਾਂ ਵੱਲੋਂ ਸ਼ਰਧਾ ਦੇ ਫੁੱਲ ਕੀਤੇ ਭੇਂਟ

Surinder Chhinda
ਲੁਧਿਆਣਾ : ਮਰਹੂਮ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਸਰਧਾਂਜ਼ਲੀ ਸਮਾਗਮ ਦੌਰਾਨ ਜੁੜੇ ਆਗੂ ਤੇ ਲੋਕ।

ਪਿੰਡ ਇਆਲੀ ਯਾਦਗਾਰ ਬਣਾਉਣ ਲਈ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਆਪਣੇ ਅਖਤਿਆਰੀ ਕੋਟੇ ’ਚੋਂ 5 ਲੱਖ ਰੁਪਏ ਦੇਣ ਦਾ ਐਲਾਨ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੋਕ ਗਾਥਾਵਾਂ ਤੇ ਲੋਕ ਗਾਇਕੀ ਦੇ ਥੰਮ ਸ੍ਰੋਮਣੀ ਗਾਇਕ ਸੁਰਿੰਦਰ ਛਿੰਦਾ ( Surinder Chhinda) ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਤੇ ਗੁਰਮੀਤ ਸਿੰਘ ਖੁੱਡੀਆ ਨੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਰਾਜਸੀ ਆਗੂਆਂ ਤੋਂ ਇਲਾਵਾ ਸੰਗੀਤ ਜਗਤ ਦੀਆਂ ਉੱਘੀਆਂ ਹਸਤੀਆਂ ਵੱਲੋਂ ਵਿਛੜੇ ਗਾਇਕ ਨੂੰ ਯਾਦ ਕੀਤਾ ਗਿਆ। ( Surinder Chhinda)

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦੁੱਖ ਦੀ ਘੜੀ ’ਚ ਸੂਬਾ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸੁਰਿੰਦਰ ਛਿੰਦਾ ( Surinder Chhinda) ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਦੇ ਗੀਤ ਕੰਨਾਂ ’ਚ ਰਸ ਘੋਲਦੇ ਹਨ ਅਤੇ ਉਹ ਅਜਿਹੇ ਸੁਨਿਹਰੀ ਦੌਰ ਦਾ ਹਸਤਾਖਰ ਹੈ ਜਦੋਂ ਗਾਇਕੀ ਕੰਨਾਂ ਨਾਲ ਸੁਣੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸੁਰਿੰਦਰ ਛਿੰਦਾ ਦੇ ਜੱਦੀ ਪਿੰਡ ਇਆਲੀ ਵਿਖੇ ਪੰਚਾਇਤ ਵੱਲੋਂ ਜਗ੍ਹਾਂ ਦਿੱਤੀ ਜਾਵੇਗੀ ਤਾਂ ਸੂਬਾ ਸਰਕਾਰ ਵੱਲੋਂ ਅਜਾਇਬ ਘਰ ਰੂਪੀ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਯਾਦਗਾਰ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਮਿਲਾਪੜੇ ਤੇ ਹਸਮੁੱਖ ਸੁਭਾਅ ਨਾਲ ਪਹਿਲੀ ਵਾਰ ਮਿਲਣ ਵਾਲੇ ਨੂੰ ਆਪਣਾ ਬਣਾ ਲੈਂਦਾ ਸੀ ਸੁਰਿੰਦਰ ਛਿੰਦਾ ( Surinder Chhinda)

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਉਹ ਆਪਣੇ ਅਪਣੱਤ ਭਰੇ, ਮਿਲਾਪੜੇ ਤੇ ਹਸਮੁੱਖ ਸੁਭਾਅ ਨਾਲ ਪਹਿਲੀ ਵਾਰ ਮਿਲਣ ਵਾਲੇ ਨੂੰ ਆਪਣਾ ਬਣਾ ਲੈਂਦਾ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਨੇ ਆਪਣੀ ਆਵਾਜ਼ ਨਾਲ ਲੋਕ ਗਾਇਕ ਜਿਉਣਾ ਮੌੜ ਨੂੰ ਸਦਾ ਲਈ ਅਮਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਨਾਲ ਲੋਕ ਗਾਇਕੀ ਤੇ ਪੰਜਾਬੀ ਸੱਭਿਆਚਾਰ ਨੂੰ ਅਮੀਰੀ ਬਖਸ਼ੀ ਜੋ ਅਜੋਕੇ ਸਮੇਂ ’ਚ ਨਵੀਂ ਪੀੜੀ ਦੇ ਗਾਇਕਾਂ ਲਈ ਚਾਨਣ ਮੁਨਾਰੇ ਹਨ। ਲੋਕ ਸਭਾ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਸੁਰਿੰਦਰ ਛਿੰਦਾ ਨਾਲ ਯਾਦਾਂ ਸਾਂਝੀਆਂ ਕੀਤੀਆਂ।

Surinder-Chhinda
ਲੁਧਿਆਣਾ : ਮਰਹੂਮ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਸਰਧਾਂਜ਼ਲੀ ਸਮਾਗਮ ਦੌਰਾਨ ਜੁੜੇ ਆਗੂ ਤੇ ਲੋਕ।

ਇਹ ਵੀ ਪੜ੍ਹੋ : ਯੂ.ਐਸ.ਏ ਭੇਜਣ ਦੇ ਨਾਂਅ ’ਤੇ ਮਾਰੀ 60 ਲੱਖ ਦੀ ਠੱਗੀ

ਇਸ ਮੌਕੇ ਲੋਕ ਸਭਾ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਗੀਤਕਾਰ ਬਾਬੂ ਸਿੰਘ ਮਾਨ, ਗੋਲਡਨ ਸਟਾਰ ਮਲਕੀਤ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਸ਼ੋਕ ਪਰਾਸਰ ਪੱਪੀ, ਕੁਲਵੰਤ ਸਿੰਘ ਤੇ ਦੇਵ ਮਾਨ (ਸਾਰੇ ਵਿਧਾਇਕ), ਮਹੇਸਇੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ ਤੇ ਹੀਰਾ ਸਿੰਘ ਗਾਬੜੀਆ (ਸਾਰੇ ਸਾਬਕਾ ਮੰਤਰੀ), ਸ਼ਮਸ਼ੇਰ ਸੰਧੂ, ਪ੍ਰੋ ਗੁਰਭਜਨ ਗਿੱਲ, ਰਣਜੀਤ ਕੌਰ, ਜਸਵਿੰਦਰ ਭੱਲਾ, ਪਾਲੀ ਦੇਤਵਾਲੀਆ, ਹੌਬੀ ਧਾਲੀਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪੰਜਾਬੀ ਕਲਾਕਾਰ ਹਾਜ਼ਰ ਸਨ।