ਪਹਿਲਾਂ ਸ਼ਰਾਬ, ਫਿਰ ਤਕਰਾਰ ਤੇ ਅਖੀਰ ਕਤਲ

First Drinks, then Rumors and Ultimately Murder

ਦੋਸਤ ਦੇ ਘਰ ਸ਼ਰਾਬ ਪੀਤੀ ਫਿਰ ਉਸਦਾ ਹੀ ਕੀਤਾ ਕਤਲ | Murder

  • ਤਿੰਨੋਂ ਫਰਾਰ, ਕਤਲ ਦਾ ਭੇਤ ਬਰਕਰਾਰ, ਪੁਲਿਸ ਜਾਂਚ ‘ਚ ਜੁਟੀ | Murder

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਲੰਘੀ ਦੇਰ ਰਾਤ ਸਥਾਨਕ 5 ਨੰਬਰ ਵਾਰਡ ਵਿਖੇ ਕਾਲਾ ਮਹਿਰ ਸਟੇਡੀਅਮ ਦੇ ਨਜ਼ਦੀਕ ਇੱਕ 42 ਕੁ ਸਾਲ ਦੇ ਪਰਮਜੀਤ ਸਿੰਘ ਦਾ ਉਸਦੇ ਦੋਸਤਾਂ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ ਪਰ ਕਤਲ ਦੇ ਕਾਰਨ ਦਾ ਭੇਤ ਅਜੇ ਬਰਕਰਾਰ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਠੀਕਰੀਵਾਲ ਰੋਡ ‘ਤੇ ਸਥਿੱਤ ਪਰਮਜੀਤ ਸਿੰਘ ਦੇ ਘਰ ਦੇਰ ਰਾਤ ਤੱਕ ਉਸਦੇ ਦੋਸਤ ਜੀਤਪਾਲ ਸਿੰਘ, ਜਰਨੈਲ ਸਿੰਘ ਕਾਕਾ ਅਤੇ ਸੁਰੇਸ਼ ਸਿੰਘ ਚਾਰੋਂ ਦੋਸਤ ਰਲ਼ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਹੀ ਉਨ੍ਹਾਂ ਦੀ ਥੋੜੀ ਬਹੁਤੀ ਤਕਰਾਰ ਹੋ ਗਈ। ਜਿਸ ਉਪਰੰਤ ਤਿੰਨੋਂ ਦੋਸਤ ਪਰਮਜੀਤ ਸਿੰਘ ਨੂੰ ਬਾਹਰ ਲੈ ਗਏ ਅਤੇ ਸਟੇਡੀਅਮ ਦੇ ਨਜ਼ਦੀਕ ਲਿਜਾ ਕੇ ਜੀਤਪਾਲ ਸਿੰਘ ਨੇ ਰਿਵਾਲਵਰ ਨਾਲ ਉਸਦੇ ਚਾਰ ਫਾਇਰ ਮਾਰ ਦਿੱਤੇ ਜਿਸ ਉਪਰੰਤ ਪਰਮਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀੜਤਾਂ ਅਨੁਸਾਰ ਜਦ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਮੁਲਜ਼ਮ ਦੇਖਦਿਆਂ ਹੀ ਫਰਾਰ ਹੋ ਗਏ।

ਥਾਣਾ ਸਿਟੀ ਦੇ ਇੰਚਾਰਜ਼ ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਘਟਨਾ ਸਥਾਨ ‘ਤੇ ਜਾ ਕੇ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਅਤੇ ਮ੍ਰਿਤਕ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਜੀਤਪਾਲ ਸਿੰਘ, ਜਰਨੈਲ ਸਿੰਘ ਉਰਫ ਕਾਕਾ ਅਤੇ ਸੁਰੇਸ਼ ਸਿੰਘ ਖਿਲਾਫ਼ ਮੁਕੱਦਮਾਂ ਨੰਬਰ 210 ਆਈ ਪੀ ਸੀ ਦੀ ਧਾਰਾ 302, 34 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਸ ਦਾ ਖੁਲਾਸਾ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਹੀ ਖੁਲਾਸਾ ਹੋਵੇਗਾ।