ਸਾਕੇਤ ਨਸ਼ਾ ਛੁਡਾਊ ਕੇਂਦਰ ‘ਚੋਂ 9 ਨੌਜਵਾਨ ਹੋਏ ਫਰਾਰ, ਏਸੀ ਪੱਟ ਕੇ ਬਣਾਇਆ ਰਾਹ

Drug, De-Addiction, Center, Youths, Absconding

ਨਸ਼ਾ ਛੁਡਾਊ ਕੇਂਦਰ ਵੱਲੋਂ ਨੌਜਵਾਨਾਂ ਦੇ ਘਰ ਪੁੱਜਣ ਦਾ ਇੰਤਜ਼ਾਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ।
ਪਟਿਆਲਾ ਦੇ ਨਸ਼ਾ ਛੁਡਾਊ ਸਾਕੇਤ ਹਸਪਾਤਲ ਵਿੱਚੋਂ ਅੱਜ ਵੱਡੇ ਤੜਕੇ ਨਸ਼ਾ ਛਡਾਉਣ ਲਈ ਦਾਖਲ ਹੋਏ 9 ਨੌਜਵਾਨਾਂ ਦੇ ਫਰਾਰ ਹੋਣ ਦੀ ਖਬਰ ਹੈ। ਇਨ੍ਹਾਂ ਨਸ਼ੇੜੀਆਂ ਵੱਲੋਂ ਫਿੱਟ ਕੀਤੇ ਏਸੀ ਨੂੰ ਪੱਟ ਕੇ ਆਪਣਾ ਰਸਤਾ ਤਿਆਰ ਕੀਤਾ ਅਤੇ ਫਰਾਰ ਹੋ ਗਏ, ਜਿਸ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿੱਚ ਖਲਬਲੀ ਮੱਚ ਗਈ। ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 3 ਵਜੇ ਦੇ ਕਰੀਬ ਸਾਕੇਤ ਹਸਪਤਾਲ ਵਿੱਚ ਆਪਣਾ ਨਸ਼ਾ ਛੱਡਣ ਲਈ ਦਾਖਲ ਹੋਏ ਨੌਜਵਾਨਾਂ ਵੱਲੋਂ ਕਮਰੇ ਵਿੱਚ ਲੱਗੇ ਏਸੀ ਨੂੰ ਪੱਟ ਦਿੱਤਾ ਅਤੇ ਉਸ ਰਸਤੇ ਰਾਂਹੀ ਬਾਹਰ ਨਿੱਕਲੇ।

ਇਸ ਤੋਂ ਬਾਅਦ ਇਹ ਕੇਂਦਰ ਦੀ ਚਾਰਦਿਵਾਰੀ ਟੱਪ ਕੇ ਬਾਹਰ ਭੱਜ ਗਏ। ਇਸ ਦੀ ਭਿਣਕ ਪੈਣ ਤੋਂ ਬਾਅਦ ਸਵੇਰੇ ਕੇਂਦਰ ਵਿੱਚ ਮੀਡੀਆ ਦਾ ਜਮਾਵੜਾ ਲੱਗ ਗਿਆ। ਨਸ਼ਾ ਛੁਡਾਊ ਕੇਂਦਰ ਦੀ ਪ੍ਰਬੰਧਕ ਪਰਮਿੰਦਰ ਕੌਰ ਮਨਚੰਦਾ ਦਾ ਕਹਿਣਾ ਹੈ ਕਿ ਉਹ ਦਫ਼ਤਰੀ ਕੰਮ ਲਈ ਦਿੱਲੀ ਗਏ ਹਨ। ਇਨ੍ਹਾਂ ਭੱਜੇ ਨੌਜਵਾਨਾਂ ਸਬੰਧੀ ਸੂਚਨਾ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ। ਇੱਧਰ ਕੇਂਦਰ ਦੀ ਕੌਂਸਲਰ ਦਾ ਕਹਿਣਾ ਹੈ ਕਿ 9 ਨੌਜਵਾਨ ਫਰਾਰ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਿੱਚ ਪੁੱਜਣ ਦੀ ਉਡੀਕ ਕੀਤੀ ਜਾ ਰਹੀ ਹੈ। ਜਦੋਂ ਕਿਸੇ ਪੁਲਿਸ ਕਾਰਵਾਈ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਪੁਲਿਸ ਸ਼ਿਕਾਇਤ ਨਹੀਂ ਦਿੱਤੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਫਰਾਰ ਹੋਏ ਨੌਜਵਾਨਾਂ ਵਿੱਚ ਇੱਕ ਅਪਾਹਜ ਵੀ ਹੈ, ਜਿਸ ਨੂੰ ਇਹ ਨੌਜਵਾਨ ਭਜਾ ਕੇ ਲੈ ਗਏ। ਇਨ੍ਹਾਂ ਵੱਲੋਂ ਭੱਜਣ ਤੋਂ ਬਾਅਦ ਕੈਂਚੀ ਗੇਟ ਨੂੰ ਬੰਨ ਦਿੱਤਾ ਗਿਆ, ਤਾਂ ਜੋ ਸਕਿਊਰਟੀ ਗਾਰਡ ਉਨ੍ਹਾਂ ਦਾ ਪਿੱਛਾ ਨਾ ਕਰ ਸਕਣ। ਅਰਧ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਲਗਭਗ 40 ਦੇ ਕਰੀਬ ਨੌਜਵਾਨ ਦਾਖ਼ਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।