‘ਖੂਨਦਾਨ ਦਾ ਸਮੁੰਦਰ ਹੈ ਡੇਰਾ ਸੱਚਾ ਸੌਦਾ’

Dera Sacha Sauda, Sea, Blood

‘ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ’ | Dera Sacha Sauda

  • ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda

ਸਰਸਾ, (ਸੁਖਜੀਤ ਮਾਨ)। ”ਅਸੀਂ ਬਲੱਡ ਬੈਂਕਾਂ ‘ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ ‘ਤੇ ਨਿਰਭਰ ਹਾਂ। ਇੱਥੋਂ ਦੇ ਕੈਂਪਾਂ ‘ਚ ਪਿਛਲੇ ਕਈ ਵਰ੍ਹਿਆਂ ਤੋਂ ਆ ਰਹੇ ਹਾਂ, ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸਾਨੂੰ ਕੈਂਪ ‘ਚੋਂ ਨਿਰਾਸ਼ ਹੋ ਕੇ ਮੁੜਨਾ ਪਿਆ ਹੋਵੇ ਕਿਉਂਕਿ ਇੱਥੇ ਖੂਨ ਇਕੱਤਰ ਕਰਨ ਵਾਲੇ ਥੱਕ ਸਕਦੇ ਨੇ ਪਰ ਖੂਨਦਾਨੀਆਂ ਦੀਆਂ ਲਾਈਨਾਂ ਨਹੀਂ ਟੁੱਟਦੀਆਂ”। ਡੇਰਾ ਸੱਚਾ ਸੌਦਾ ‘ਚ ਲੱਗਦੇ ਖੂਨਦਾਨ ਕੈਂਪਾਂ ਪ੍ਰਤੀ ਆਪਣੀਆਂ ਇਨ੍ਹਾਂ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ 15 ਅਗਸਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਲਾਏ ਗਏ ਖੂਨਦਾਨ ਕੈਂਪ ‘ਚ ਵੱਖ-ਵੱਖ ਥਾਵਾਂ ਤੋਂ ਪਹੁੰਚੇ ਬਲੱਡ ਬੈਂਕਾਂ ਦੇ ਇੰਚਾਰਜਾਂ ਨੇ ਕੀਤਾ ਹੈ।

ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ ਦੇ ਇੰਚਾਰਜ਼ ਡਾ. ਵਿਸ਼ਨੂੰ ਪੁਰੋਹਿਤ ਦਾ ਕਹਿਣਾ ਹੈ ਕਿ ਜਦੋਂ ਤੋਂ ਡੇਰਾ ਸੱਚਾ ਸੌਦਾ ‘ਚ ਖੂਨਦਾਨ ਕੈਂਪਾਂ ਦਾ ਅਗਾਜ਼ ਹੋਇਆ ਹੈ, ਉਹ ਉਦੋਂ ਤੋਂ ਹੀ ਆਪਣੀ ਟੀਮ ਸਮੇਤ ਇੱਥੇ ਆ ਰਹੇ ਹਨ। ਉਨ੍ਹਾਂ ਆਖਿਆ ਕਿ ਜਾਂਦੇ ਤਾਂ ਉਹ ਹੋਰ ਕੈਂਪਾਂ ‘ਚ ਵੀ ਨੇ ਪਰ ਇੱਥੋਂ ਵਰਗੇ ਪ੍ਰਬੰਧ ਅਤੇ ਖੂਨਦਾਨੀਆਂ ਦਾ ਜ਼ਜਬਾ ਕਿਧਰੇ ਹੋਰ ਨਹੀਂ ਵੇਖਿਆ। ਇੱਥੋਂ ਦੇ ਸੇਵਾਦਾਰ ਪੈਰਾ ਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਦਿੰਦੇ ਨੇ ਜਿਸ ਨਾਲ ਟੀਮਾਂ ਨੂੰ ਕਾਫੀ ਮੱਦਦ ਮਿਲਦੀ ਹੈ। ਡਾ. ਪੁਰੋਹਿਤ ਨੇ ਆਖਿਆ ਕਿ ਇਹ ਸਿਰਫ ਡੇਰਾ ਸੱਚਾ ਸੌਦਾ ‘ਚ ਹੀ ਹੈ ਜਿੱਥੇ ਖੂਨਦਾਨ ਤੋਂ ਸ਼ੁਰੂ ਹੋ ਕੇ ਬਲੱਡ ਬੈਂਕਾਂ ਦੀਆਂ ਵੈਨਾਂ ‘ਚ ਖੂਨ ਰਖਵਾਉਣ ਦੀ ਸੇਵਾ ਵੀ ਖੂਨਦਾਨੀ ਕਰਦੇ ਹਨ।

ਇਹ ਵੀ ਪੜ੍ਹੋ : ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ

ਉਨ੍ਹਾਂ ਕਿਹਾ ਕਿ ਜੇਕਰ ਡੇਰਾ ਸੱਚਾ ਸੌਦਾ ਨੂੰ ਖੂਨਦਾਨੀਆਂ ਦਾ ਸਮੁੰਦਰ ਵੀ ਕਹਿ ਲਵਾਂ ਤਾਂ ਇਨ੍ਹਾਂ ਦੇ ਜ਼ਜ਼ਬੇ ਅੱਗੇ ਇਹ ਸ਼ਬਦ ਵੀ ਛੋਟੇ ਹਨ। ਸੰਜੀਵਨੀ ਬਲੱਡ ਬੈਂਕ ਦੇ ਇੰਚਾਰਜ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇੱਥੇ ਕੈਂਪਾਂ ‘ਚ ਆ ਰਹੇ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਜੋ ਇੱਥੇ ਕੈਂਪ ਨਹੀਂ ਲੱਗੇ ਉਸ ਕਾਰਨ ਕਾਫੀ ਮੁਸ਼ਕਲਾਂ ਦਾ ਬਲੱਡ ਬੈਂਕਾਂ ਨੂੰ ਸਾਹਮਣਾ ਕਰਨਾ ਪਿਆ ਕਿਉਂਕਿ ਹੋਰ ਕਿਸੇ ਵੀ ਪਾਸਿਓਂ ਕੈਂਪਾਂ ਆਦਿ ‘ਚੋਂ ਇਕੱਠਾ ਖੂਨ ਨਹੀਂ ਮਿਲਦਾ।

ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ ਦੇ ਇੰਚਾਰਜ ਡਾ. ਸੁਮੀਰ ਦਾ ਤਰਕ ਹੈ ਕਿ ਉਨ੍ਹਾਂ ਨੂੰ ਇੱਥੋਂ ਦੇ ਕੈਂਪਾਂ ‘ਚੋਂ ਹਮੇਸ਼ਾ ਹੀ ਲੋੜ ਅਨੁਸਾਰ ਬਲੱਡ ਮਿਲ ਜਾਂਦਾ ਹੈ। ਲੋਕ ਮਾਨਿਆ ਬਲੱਡ ਬੈਂਕ ਗੋਂਡੀਆ (ਮਹਾਂਰਾਸ਼ਟਰ) ਦੇ ਇੰਚਾਰਜ ਨੀਤਿਨ ਗਾਇਕਵਾਰ ਦਾ ਤਰਕ ਹੈ ਕਿ ਮਹਾਂਰਾਸ਼ਟਰ ਖੇਤਰ ‘ਚ ਲੋਕ ਖੂਨਦਾਨ ਪ੍ਰਤੀ ਜਾਗਰੂਕ ਨਹੀਂ ਹਨ। ਇਸ ਲਈ ਉਨ੍ਹਾਂ ਦੇ ਬਲੱਡ ਬੈਂਕ ਖਾਤਰ ਡੇਰਾ ਸੱਚਾ ਸੌਦਾ ਦੇ ਖੂਨਦਾਨ ਕੈਂਪ ਹੀ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਆਖਿਆ ਇੱਥੋਂ ਦੇ ਖੂਨਦਾਨ ਕੈਂਪ ‘ਚ ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲਿਆਂ ਦਾ ਹੜ੍ਹ ਹੀ ਆ ਜਾਂਦਾ ਹੈ।

ਕੈਂਪ ‘ਚੋਂ ਕਦੇ ਨਿਰਾਸ਼ ਨਹੀਂ ਮੁੜੇ : ਰਵੀ ਗਾਜ਼ਬੀਏ | Dera Sacha Sauda

ਲਾਈਫ ਲਾਈਨ ਬਲੱਡ ਬੈਂਕ ਪੂਨਾ ਦੇ ਇੰਚਾਰਜ ਰਵੀ ਗਾਜ਼ਬੀਏ ਦਾ ਕਹਿਣਾ ਹੈ ਕਿ ਉਹ ਸੱਤ ਸਾਲਾਂ ਤੋਂ ਇੱਥੇ ਕੈਂਪਾਂ ‘ਚ ਆ ਰਿਹਾ ਹੈ। ਇੱਥੋਂ ਦੇ ਖੂਨਦਾਨੀਆਂ ਵਰਗਾ ਜੋਸ਼, ਜ਼ਜ਼ਬਾ ਅਤੇ ਜਨੂੰਨ ਕਿਧਰੇ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਡੇਰਾ ਸੱਚਾ ਸੌਦਾ ‘ਚ ਸਮੇਂ-ਸਮੇਂ ਸਿਰ ਲੱਗਦੇ ਖੂਨਦਾਨ ਕੈਂਪਾਂ ਕਾਰਨ ਊਨ੍ਹਾਂ ਨੂੰ ਬਲੱਡ ਬੈਂਕ ਲਈ ਖੂਨ ਦਾ ਫਿਕਰ ਨਹੀਂ ਰਹਿੰਦਾ। ਐਨੀਂ ਦੂਰੋਂ ਆਉਣ ਦੇ ਬਾਵਜ਼ੂਦ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਉਨ੍ਹਾਂ ਨੂੰ ਲੋੜ ਮੁਤਾਬਿਕ ਖੂਨ ਦੇ ਯੂਨਿਟ ਨਾ ਮਿਲਣ ਕਾਰਨ ਨਿਰਾਸ਼ ਮੁੜਨਾ ਪਿਆ ਹੋਵੇ।

ਮਾਂ-ਧੀ ਨੇ ਇਕੱਠੀਆਂ ਨੇ ਕੀਤਾ ਖੂਨਦਾਨ | Dera Sacha Sauda

ਕੈਂਪ ‘ਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੇ ਚਿਹਰੇ ‘ਤੇ ਵੱਖਰਾ ਸਕੂਨ ਸੀ। ਦਿੱਲੀ ਤੋਂ ਆਈ ਜੈ ਰਾਣੀ ਇੰਸਾਂ ਨੇ ਤੇ ਉਸਦੀ ਧੀ ਕ੍ਰਿਸ਼ਨਾ ਇੰਸਾਂ ਨੇ ਇਕੱਠੀਆਂ ਨੇ ਖੂਨਦਾਨ ਕੀਤਾ। ਕ੍ਰਿਸ਼ਨਾ ਇੰਸਾਂ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਤਹਿਤ ਉਹ ਸਮੇਂ-ਸਮੇਂ ਸਿਰ ਖੂਨਦਾਨ ਕਰਦੀਆਂ ਰਹਿੰਦੀਆਂ ਹਨ। ਕੈਂਪ ‘ਚ ਦੋਵਾਂ ਇਕੱਠੀਆਂ ਵੱਲੋਂ ਖੂਨਦਾਨ ਕਰਨ ਤੇ ਕਾਫੀ ਖੁਸ਼ੀ ਮਿਲੀ ਹੈ। ਉਨ੍ਹਾਂ ਭਵਿੱਖ ‘ਚ ਵੀ ਖੂਨਦਾਨ ਕਰਦੇ ਰਹਿਣ ਦੀ ਗੱਲ ਆਖੀ। (Dera Sacha Sauda)

ਭਾਰ ਘੱਟ ਹੋਣ ਕਾਰਨ ਖੂਨਦਾਨ ਨਾ ਕਰਨ ਵਾਲੇ ਹੋਏੇ ਨਿਰਾਸ਼ | Dera Sacha Sauda

ਖੂਨਦਾਨ ਕੈਂਪ ‘ਚ ਸ਼ਰਧਾਲੂਆਂ ਐਨੇਂ ਉਤਸ਼ਾਹ ‘ਚ ਸੀ ਕਿ ਉਹ ਲੰਬੀਆਂ-ਲੰਬੀਆਂ ਲਾਈਨਾਂ ‘ਚ ਖੜ੍ਹੇ ਕਾਫੀ ਦੇਰ ਤੱਕ ਆਪਣੀ ਵਾਰੀ ਉਡੀਕਦੇ ਰਹੇ। ਇਸ ਮੌਕੇ ਖੂਨਦਾਨ ਕਰਨ ਦੀ ਇੱਛਾ ਨਾਲ ਆਏ ਕਈਆਂ ਨੂੰ ਖੂਨਦਾਨ ਕਰਨ ਦੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਖੂਨ ਨਾ ਦਾਨ ਕਰਨ ਕਾਰਨ ਨਿਰਾਸ਼ਾ ਵੀ ਹੋਈ। ਗੁਰੂਹਰਸਹਾਏ ਤੋਂ ਆਈ ਕਾਜਲ ਇੰਸਾਂ ਐਮਐਸਸੀ ਮੈਥ ਦੀ ਵਿਦਿਆਰਥਣ ਹੈ। ਇਸ ਵਿਦਿਆਰਥਣ ‘ਚ ਖੂਨਦਾਨ ਕਰਨ ਦਾ ਜ਼ਜਬਾ ਤਾਂ ਸੀ ਪਰ ਭਾਰ ਘੱਟ ਹੋਣ ਕਾਰਨ ਉਹ ਖੂਨਦਾਨ ਨਹੀਂ ਕਰ ਸਕੀ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਆਈ ਅੰਕਿਤਾ ਇੰਸਾਂ, ਜੋ ਬੀਏ ਦੀ ਵਿਦਿਆਰਥਣ ਹੈ ਦਾ ਘੱਟ ਭਾਰ ਖੂਨਦਾਨ ਕਰਨ ‘ਚ ਅੜਿੱਕਾ ਬਣਿਆ। ਉਨ੍ਹਾਂ ਆਖਿਆ ਕਿ ਉਸ ਦੇ ਦਿਲ ‘ਚ ਪਹਿਲੀ ਵਾਰ ਖੂਨਦਾਨ ਕਰਨ ਦੀ  ਖੁਸ਼ੀ ‘ਚ ਪਰ ਭਾਰ ਘੱਟ ਹੋਣ ਕਾਰਨ ਉਹ ਖੂਨਦਾਨ ਨਹੀਂ ਕਰ ਸਕੀ। ਆਪਣੇ ਜ਼ਜਬੇ ਨੂੰ ਕਾਇਮ ਰੱਖਦਿਆਂ ਅੰਕਿਤਾ ਇੰਸਾਂ ਨੇ ਆਖਿਆ ਕਿ ਉਹ ਭਾਰ ਪੂਰਾ ਹੋਣ ‘ਤੇ ਛੇਤੀ ਹੀ ਖੂਨਦਾਨ ਜ਼ਰੂਰ ਕਰੇਗੀ।

ਇਹ ਵੀ ਪੜ੍ਹੋ : 500 ਰੁਪਏ ਦੇ ਨੋਟ ਬਾਰੇ ਆਇਆ ਵੱਡਾ ਅਪਡੇਟ