ਆਓ! ਜਾਣੀਏ ਕੀ ਹਨ, ਤੰਗਲੀ, ਰੰਬਾ ਤੇ ਦਾਤਰੀ

ਆਓ! ਜਾਣੀਏ ਕੀ ਹਨ, ਤੰਗਲੀ, ਰੰਬਾ ਤੇ ਦਾਤਰੀ

ਖੇਤੀ ਦੇ ਕਈ ਮਹੱਤਵਪੂਰਨ ਸੰਦ ਹਨ। ਜਿਵੇਂ ਕਿ ਹਲ਼, ਪੰਜਾਲੀ, ਤੰਗਲੀ, ਦਾਤਰੀ, ਰੰਬਾ ਆਦਿ। ਤੰਗਲੀ, ਰੰਬਾ ਤੇ ਦਾਤਰੀ ਵੀ ਖੇਤੀ ਦੇ ਮਹੱਤਵਪੂਰਨ ਸੰਦਾਂ ਵਿੱਚੋਂ ਹਨ। ਇਹ ਹਰ ਇੱਕ ਕਿਸਾਨ ਦੇ ਘਰ ਆਮ ਮਿਲ ਜਾਂਦੇ ਹਨ। ਆਧੁਨਿਕ ਮਸ਼ੀਨੀ ਯੁੱਗ ਵਿੱਚ ਇਨ੍ਹਾਂ ਦੀ ਵਰਤੋਂ ਵੀ ਕਾਫੀ ਘਟ ਗਈ ਹੈ। ਤੰਗਲੀ ਆਮ ਘਰਾਂ ਵਿੱਚ ਵਰਤੋਂ ਵਿੱਚ ਆਉਣ ਵਾਲਾ ਸੰਦ ਹੈ ਜਿਨ੍ਹਾਂ ਦੇ ਘਰ ਪਸ਼ੂ ਹਨ ਭਾਵ ਤੂੜੀ ਦੀ ਵਰਤੋਂ ਹੁੰਦੀ ਹੈ ਇਸ ਸੰਦ ਰਾਹੀਂ ਤੂੜੀ ਨੂੰ ਵੀ ਟੋਕਰੇ ਵਿੱਚ ਇਕੱਠਾ ਕਰਕੇ ਪਾਇਆ ਜਾਂਦਾ ਹੈ। ਤੰਗਲੀ ਜਾਂ ਤੰਗੁਲੀ ਇੱਕ ਖੇਤੀ ਦਾ ਸੰਦ ਹੈ ਜੋ ਆਮ ਤੌਰ ’ਤੇ ਤੂੜੀ ਜਾਂ ਹੋਰ ਫੂਸ ਨੂੰ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ।

ਇਹ ਸਲੰਘ ਵਰਗਾ ਹੁੰਦਾ ਹੈ। ਇਸ ਦਾ ਇੱਕ ਲੰਮਾ ਦਸਤਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ’ਤੇ ਉਂਗਲੀਆਂ ਵਰਗੇ ਲੰਮੇ ਲੱਕੜ ਦੇ ਸੁੱਤ ਲੱਗੇ ਹੁੰਦੇ ਹਨ। ਮਸ਼ੀਨੀ ਯੁੱਗ ਤੋਂ ਪਹਿਲਾਂ ਫਸਲ ਦੀ ਗਾਹੀ ਹੋਈ ਧੜ ਉਡਾ ਕੇ ਤੂੜੀ ਦਾਣੇ ਵੱਖ ਕਰਨ ਲਈ ਕਿਸਾਨ ਇਸ ਦੀ ਵਰਤੋਂ ਕਰਦੇ ਸਨ।
ਰੰਬਾ ਇੱਕ ਖੇਤੀਬਾੜੀ ਦਾ ਸੰਦ ਹੈ ਜੋ ਘਾਹ ਖੋਤਣ ਤੇ ਗੋਡੀ ਕਰਨ ਦੇ ਕੰਮ ਆਉਂਦਾ ਹੈ। ਘਰਾਂ ਵਿੱਚ ਆਮ ਇਸਨੂੰ ਖੁਰਪਾ ਕਿਹਾ ਜਾਂਦਾ ਹੈ। ਇਸ ਦਾ ਮੁੱਠਾ ਦਾਤਰੀ ਦੇ ਮੁੱਠੇ ਵਰਗਾ ਹੁੰਦਾ ਹੈ ਪਰ ਅੱਗੇ ਇੱਕ ਲੋਹੇ ਦਾ ਪੱਤਰਾ ਲੱਗਾ ਹੁੰਦਾ ਹੈ, ਜਿਸ ਨੂੰ ਸਮੇਂ-ਸਮੇਂ ਚੰਡ ਕੇ ਤਿੱਖਾ ਕਰਨਾ ਪੈਂਦਾ ਹੈ। ਦਾਤਰੀ ਇੱਕ ਖੇਤੀਬਾੜੀ ਵਿੱਚ ਵਰਤਿਆ ਜਾਣ ਵਾਲਾ ਔਜਾਰ ਹੈ।

ਇਸ ਦੀ ਵਰਤੋਂ ਕਣਕ ਵੰਡਣ ਲਈ ਵੀ ਕੀਤੀ ਜਾਂਦੀ ਹੈ। ਇਸਨੂੰ ਖੇਤਾਂ ਵਿੱਚ ਪੱਠੇ ਵੱਢਣ ਲਈ ਵੀ ਵਰਤਿਆ ਜਾਂਦਾ ਹੈ। ਦਾਤਰੀ ਦਾ ਬਲੇਡ ਵਕਰਾਕਾਰ ਹੁੰਦਾ ਹੈ, ਜਿਸਦਾ ਦਾ ਅੰਦਰਲਾ ਭਾਗ ਤੇਜ ਧਾਰ ਵਾਲਾ ਹੁੰਦਾ ਹੈ। ਇਸ ਨਾਲ ਫਸਲਾਂ ਵੱਢੀਆਂ ਜਾਂਦੀਆਂ ਹਨ। ਇਹਨਾਂ ਸੰਦਾਂ ਦੀ ਵਰਤੋਂ ਹੁਣ ਘੱਟ ਹੋ ਗਈ ਹੈ। ਹੁਣ ਦਾਤਰੀ ਨਾਲ ਕਣਕ ਬਹੁਤ ਘੱਟ ਵੱਢੀ ਜਾਂਦੀ ਹੈ। ਹੁਣ ਹਰੇ ਦੀ ਕਟਾਈ ਵੀ ਮਸ਼ੀਨ ਨਾਲ ਕੀਤੀ ਜਾਂਦੀ ਹੈ। ਮਸ਼ੀਨਾਂ ਨੇ ਹੁਣ ਇਨ੍ਹਾਂ ਸੰਦਾਂ ਦੀ ਥਾਂ ਲੈ ਲਈ ਹੈ। ਇਹਨਾਂ ਦੀ ਵਰਤੋਂ ਬਹੁਤ ਘਟ ਗਈ ਹੈ।
ਗਗਨਦੀਪ ਧਾਲੀਵਾਲ, ਝਲੂਰ,ਬਰਨਾਲਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.