ਸਾਹਿਤ ਤੇ ਵਕਾਲਤ ਦਾ ਸੁਮੇਲ, ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’

ਸਾਹਿਤ ਤੇ ਵਕਾਲਤ ਦਾ ਸੁਮੇਲ, ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’

ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਕਵੀਸ਼ਰੀ ਨਾਲ ਜੁੜੇ ਸਾਹਿਤਕਾਰ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਨੇ ਆਪਣੀਆਂ ਲਿਖਤਾਂ ਵਿੱਚ ਨਿਵੇਕਲਾ ਰੰਗ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਸਭਾ ਗਰੁੱਪ ਵਿਚਲੇ ‘ਮਹਾਂ ਕਾਵਿ-ਘੋਲ ਮੁਕਾਬਲਾ’ ਦੀ ਪ੍ਰਬੰਧਕੀ ਕਮੇਟੀ ਦਾ ਹਿੱਸਾ ਪ੍ਰਵੀਨ ਸ਼ਰਮਾ ਹੁਣ ਤੱਕ ‘ਕਵੀਸ਼ਰੀ ਪਾਠਸ਼ਾਲਾ’, ‘ਕਾਵਿ-ਰਚਨਾ ਮੁਕਾਬਲਾ’, ‘ਹਾਸ-ਰਸ ਕਾਵਿ ਰਚਨਾ ਮੁਕਾਬਲਾ’ ਤੋਂ ਇਲਾਵਾ ਅਨੇਕਾਂ ਮੁਕਾਬਲਾ ਕਾਲਮਾਂ ਦੀ ਅਗਵਾਈ ਕਰਦਿਆਂ ਅਨੇਕਾਂ ਸਿਖਾਂਦਰੂ ਕਵੀਸ਼ਰਾਂ ਅਤੇ ਕਵੀਆਂ ਦੇ ਰਾਹ-ਦਸੇਰਾ ਬਣੇ ਹਨ। ਪੇਸ਼ੇ ਵਜੋਂ ਵਕੀਲ ਪ੍ਰਵੀਨ ਸ਼ਰਮਾ ਨੇ ਸਾਹਿਤਕ ਖੇਤਰ ਵਿੱਚ ਕਾਫੀ ਪਹਿਚਾਣ ਬਣਾਈ ਹੈ।

ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਰਾਉਕੇ ਕਲਾਂ ਵਿੱਚ ਪਿਤਾ ਮਦਨ ਲਾਲ ਦੇ ਗ੍ਰਹਿ ਵਿਖੇ ਮਾਤਾ ਦਰਸ਼ਨਾ ਰਾਣੀ ਦੀ ਕੁੱਖੋਂ ਮਿਤੀ 7 ਅਪਰੈਲ 1984 ਨੂੰ ਜਨਮੇ ਪ੍ਰਵੀਨ ਸ਼ਰਮਾ ਨੂੰ ਬਚਪਨ ਤੋਂ ਹੀ ਕਵਿਤਾਵਾਂ ਅਤੇ ਗਾਇਨ ਕਲਾ ਨਾਲ ਲਗਾਵ ਸੀ। ਪਿੰਡ ਰਾਉਕੇ ਕਲਾਂ ਦੇ ਰਾਜਿੰਦਰਾ ਸਕੂਲ ਤੋਂ ਨਰਸਰੀ ਤੇ ਪਹਿਲੀ ਜਮਾਤ ਦੀ ਸਿੱਖਿਆ ਗ੍ਰਹਿਣ ਕਰ, ਨੇੜੇ ਲੱਗਦੇ ਸ਼ਹਿਰ ਬੱਧਨੀ ਕਲਾਂ ਵਿਖੇ ਦੂਜੀ ਜਮਾਤ ਦੀ ਵਿੱਦਿਆ ਹਾਸਲ ਕੀਤੀ।

ਉਸ ਤੋਂ ਬਾਅਦ ਹਰਿਆਣਾ ਦੇ ਜਿਲ੍ਹਾ ਸਰਸਾ ਦੇ ਸ਼ਹਿਰ ਐਲਨਾਬਾਦ ਵਿਖੇ ਆ ਵੱਸੇ। ਐਲਨਾਬਾਦ ਦੇ ਟੈਗੋਰ ਵਿੱਦਿਆ ਮੰਦਿਰ ਹਾਈ ਸਕੂਲ ਵਿੱਚ ਦਸਵੀਂ ਜਮਾਤ ਪਾਸ ਕਰਨ ਉਪਰੰਤ ਨੇੜੇ ਲੱਗਦੀ ਉਪ ਤਹਿਸੀਲ ਰਾਣੀਆਂ ਤੋਂ ਗਿਆਰਵੀਂ ਅਤੇ ਬਾਰਵੀਂ ਜਮਾਤ ਵਿਗਿਆਨ ਵਿੱਚ ਪਾਸ ਕੀਤੀ। ਸਰਸਾ ਦੇ ਜੇ. ਸੀ. ਡੀ. ਵਿੱਦਿਆਪੀਠ ਤੋਂ ਇੰਜੀਨੀਅਰਿੰਗ ਦੇ ਅੰਦਰ ਗ੍ਰੈਜੂਏਸ਼ਨ (ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕ) ਪਾਸ ਕਰਕੇ ਦੋ ਅਲੱਗ-ਅਲੱਗ ਕੰਪਨੀਆਂ ਵਿੱਚ ਨੌਕਰੀ ਕੀਤੀ। ਨੌਕਰੀ ਦੌਰਾਨ ਹੀ ਨਹਿਰੂ ਮੈਮੋਰੀਅਲ ਕਾਲਜ ਹਨੂੰਮਾਨਗੜ (ਰਾਜਸਥਾਨ) ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਸਿਹਤ ਸਬੰਧੀ ਸਮੱਸਿਆਵਾਂ ਕਰਕੇ ਨੌਕਰੀ ਨੂੰ ਛੱਡ, ਆਪਣੇ ਹੀ ਸਬ-ਡਵੀਜ਼ਨ ਐਲਨਾਬਾਦ ਦੀ ਕੋਰਟ ਵਿੱਚ ਵਕਾਲਤ ਕਰਨੀ ਸ਼ੁਰੂ ਕੀਤੀ।

ਸਾਹਿਤਕ ਖੇਤਰ ’ਚ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਦਾ ਨਾਂਅ ਉਨ੍ਹਾਂ ਦੀਆਂ ਸਮਾਜਿਕ, ਸੱਭਿਆਚਾਰ, ਵਿਰਸਾ ਅਤੇ ਮਾਂ-ਬੋਲੀ ਦੀ ਬਾਤ ਪਾਉਂਦੀਆਂ ਲਿਖਤਾਂ ਕਰਕੇ ਜਾਣਿਆ ਜਾਂਦਾ ਹੈ। ਲੇਖਕ ਐਡਵੋਕੇਟ ਪ੍ਰਵੀਨ ਸ਼ਰਮਾ ਨੂੰ ਕਵਿਤਾ ਅਤੇ ਕਵੀਸ਼ਰੀ ਵਿਰਾਸਤ ਵਿੱਚੋਂ ਹੀ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਮਾਮਾ ਜੀ ਰਾਸ਼ਟਰਪਤੀ ਐਵਾਰਡੀ ਮਾਸਟਰ ਰੇਵਤੀ ਪ੍ਰਸ਼ਾਦ ਸ਼ਰਮਾ ਲੇਲੇਵਾਲੀਆ (ਤਲਵੰਡੀ ਸਾਬੋ) ਇੱਕ ਪ੍ਰਸਿੱਧ ਕਵੀਸ਼ਰ ਅਤੇ ਕਿੱਸਾਕਾਰ ਹਨ।

ਬਚਪਨ ਤੋਂ ਹੀ ਆਪਣੇ ਮਾਮਾ ਜੀ ਨੂੰ ਕਵੀਸ਼ਰੀ ਕਰਦੇ ਵੇਖਿਆ ਤਾਂ ਪ੍ਰਵੀਨ ਸ਼ਰਮਾ ਦੇ ਕਵੀਸ਼ਰੀ ਪ੍ਰਤੀ ਪ੍ਰੇਮ ਨੇ ਉਸਨੂੰ ਸਾਹਿਤ ਅਤੇ ਕਵੀਸ਼ਰੀ ਵੱਲ ਖਿੱਚ ਲਿਆਂਦਾ। ਪ੍ਰਵੀਨ ਸ਼ਰਮਾ ਦੇ ਕਵੀਸ਼ਰੀ ਉਸਤਾਦ ਉਨ੍ਹਾਂ ਦੇ ਸਮਾਮਾ ਜੀ ਹਨ। ਪ੍ਰਵੀਨ ਸ਼ਰਮਾ ਕਹਿੰਦਾ ਹੈ ਕਿ ਪੰਜਾਬੀ ਸਾਹਿਤ ਸਭਾ ਗਰੁੱਪ ਉੱਚ ਕੋਟੀ ਦੇ ਸ਼ਾਇਰਾਂ ਨਾਲ ਜੋੜਦਾ ਹੈ, ਇੱਥੇ ਚੰਗਾ ਸਾਹਿਤ ਪੜ੍ਹਨ ਤੋਂ ਇਲਾਵਾ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਸਾਹਿਤਕ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਪ੍ਰਵੀਨ ਸ਼ਰਮਾ ਨੂੰ ਕਵੀਸ਼ਰੀ ਸੁਣਨਾ ਅਤੇ ਛੰਦਾਂਬੰਦੀ ਦੀਆਂ ਪੁਸਤਕਾਂ ਪੜ੍ਹਨਾ ਬਹੁਤ ਪਸੰਦ ਹੈ। ਪ੍ਰਵੀਨ ਸ਼ਰਮਾ ਦੇ ਨਾਂਅ ਨਾਲ ਤਖੱਲਸ ਵਜੋਂ ਲੱਗਦਾ ‘ਰਾਉਕੇ ਕਲਾਂ’ ਉਨ੍ਹਾਂ ਦਾ ਆਪਣੇ ਪਿੰਡ ਦੇ ਪ੍ਰਤੀ ਸਨਮਾਨ, ਮੋਹ ਤੇ ਦਾਦਾ-ਦਾਦੀ ਦੀਆਂ ਯਾਦਾਂ ਨੂੰ ਪ੍ਰਦਰਸ਼ਿਤ ਕਰਦਾ ਹੈ।

ਸਹਿਤਕਾਰ ਹੋਣ ਤੋਂ ਇਲਾਵਾ ਜਿੱਥੇ ਪ੍ਰਵੀਨ ਸ਼ਰਮਾ ਪੇਸ਼ੇ ਵਜੋਂ ਵਕਾਲਤ ਕਰ ਰਿਹਾ ਹੈ, ਉੱਥੇ ਹੀ ਉਹ ਸ਼ਹਿਰ ਦੇ ਇੱਕ ਚੰਗੇ ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਵਜੋਂ ਵੀ ਜਾਣੇ ਜਾਂਦੇ ਹਨ। ਉਹ ਟੀਮ ਮਿਸ਼ਨ ਗਰੀਨ (ਰਜਿ:) ਸੰਸਥਾ ਦੇ ਪ੍ਰਧਾਨ ਹਨ ਅਤੇ ਸ਼ਹਿਰ ਵਿੱਚ ਬੂਟੇ ਲਗਾਉਣ ਅਤੇ ਵਾਤਾਵਰਨ ਨੂੰ ਸੰਭਾਲਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

ਐਡਵੋਕੇਟ ਪ੍ਰਵੀਨ ਸ਼ਰਮਾ ਪੰਜਾਬੀ ਸਾਹਿਤ ਸਭਾ ਐਲਨਾਬਾਦ ਦੇ ਸਹਿ-ਸਕੱਤਰ ਅਤੇ ਸਤਿਕਾਰ ਸਭਾ ਸਰਸਾ (ਸਾਹਿਤਕ ਵਿੰਗ) ਦੇ ਖਜਾਨਚੀ ਹਨ। ਕਾਵਿ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਕਈ ਕਾਵਿ ਮੁਕਾਬਲੇ ਜਿੱਤ ਕੇ ਹਰਿਆਣਾ ਦੇ ਇਸ ਪੰਜਾਬੀ ਸਾਹਿਤਕਾਰ ਨੇ ਸਾਹਿਤਕ ਹਲਕਿਆਂ ਵਿੱਚ ਵੱਖਰੀ ਪਛਾਣ ਬਣਾਈ ਹੈ।

ਪ੍ਰਵੀਨ ਸ਼ਰਮਾ ਦੱਸਦਾ ਹੈ ਕਿ ਜਦੋਂ ਉਨ੍ਹਾਂ ਨੂੰ ਕੋਈ ਇਸ ਗੱਲ ਲਈ ਸ਼ਾਬਾਸ਼ੇ ਦਿੰਦਾ ਹੈ ਜਾਂ ਪ੍ਰਸੰਸਾ ਕਰਦਾ ਹੈ ਕਿ ਉਹ ਹਰਿਆਣਾ ਵਿੱਚ ਰਹਿ ਕੇ ਪੰਜਾਬੀ ਸਾਹਿਤ, ਪੰਜਾਬੀ ਮਾਂ-ਬੋਲੀ, ਪੰਜਾਬੀ ਵਿਰਸਾ ਤੇ ਕਵੀਸ਼ਰੀ ਮਾਂ ਦੀ ਸੇਵਾ ਕਰ ਰਿਹਾ ਹੈ ਤਾਂ ਉਸਨੂੰ ਆਪਣਾ ਜੀਵਨ ਸਫ਼ਲਾ ਜਾਪਦਾ ਹੈ।

ਉਹ ਹਰਿਆਣੇ ਵਿੱਚ ਜਾ ਕੇ ਦੂਜੀ ਜਮਾਤ ਤੋਂ ਹਿੰਦੀ ਮਾਧਿਅਮ ਵਿੱਚ ਪੜ੍ਹਾਈ ਸ਼ੁਰੂ ਕਰਨ ਤੇ ਇੰਜੀਨੀਅਰਿੰਗ/ਵਕਾਲਤ ਦੀ ਪੂਰੀ ਪੜ੍ਹਾਈ ਦੇ ਦੌਰਾਨ ਸਿਰਫ਼ ਅੱਠਵੀਂ ਜਮਾਤ ਵਿੱਚ ਪੰਜਾਬੀ ਪੜ੍ਹ ਕੇ, ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ਨੂੰ ਪੰਜਾਬੀ ਮਾਂ-ਬੋਲੀ ਦਾ ਬਹੁਤ ਵੱਡਾ ਅਸ਼ੀਰਵਾਦ ਮੰਨਦੇ ਹਨ। ਵਕੀਲ ’ਤੇ ਸਾਹਿਤਕਾਰ ਪ੍ਰਵੀਨ ਸ਼ਰਮਾ ਪੰਜਾਬੀ ਸਾਹਿਤ ਸਭਾ ਗਰੁੱਪ ਵਿੱਚ ਆਪਣੀ ਵੱਖਰੀ ਕਲਾਕਾਰੀ ਵੀ ਪੇਸ਼ ਕਰ ਰਹੇ ਹਨ। ਸਾਹਿਤਕ ਇਸ਼ਤਿਹਾਰ ਉਨ੍ਹਾਂ ਵੱਲੋਂ ਬਣਾਏ ਜਾਂਦੇ ਹਨ।

ਅਵਤਾਰ ਰੇਡੀਓ ਸੀਚੇਵਾਲ ਅਤੇ ਆਰ. ਆਰ. ਰੇਡੀਓ ਸਵਰ ਗੰਗਾ ’ਤੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰ ਚੁੱਕੇ ਲੇਖਕ ਪ੍ਰਵੀਨ ਸ਼ਰਮਾ ਦੀਆਂ ਲਿਖਤਾਂ ਸਾਂਝੇ ਕਾਵਿ ਸੰਗ੍ਰਹਿ ‘ਛੰਦ ਫੁਲਵਾੜੀ’, ਅਤੇ ‘ਮਹਿਕ ਪੰਜਾਬ ਦੀ’ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਲਦ ਹੀ ਲੇਖਕ ਪ੍ਰਵੀਨ ਸ਼ਰਮਾ ਆਪਣੀਆਂ ਕਵਿਤਾਵਾਂ ਦੀ ਪੁਸਤਕ ਵੱਖਰੇ-ਵੱਖਰੇ ਛੰਦਾਂ ਵਿੱਚ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਰਹੇ ਹਨ।
ਲੇਖਕ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਦੀਆਂ ਲਿਖਤਾਂ ਨੂੰ ਵੱਖ-ਵੱਖ ਪੰਜਾਬੀ ਅਖਬਾਰਾਂ ਤੋਂ ਇਲਾਵਾ ਸਮਾਜਿਕ ਸੰਚਾਰ ਸਾਧਨ ਫੇਸਬੁੱਕ ’ਤੇ

ਪਾਠਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।

ਪੰਛੀ

  • ਪੰਛੀ ਪੁੱਛਦੇ ਆਣਕੇ ਰੁੱਖ ਕੋਲੋਂ,
  • ਸੁੰਨਸਾਨ ਜਹਾਨ ਕਿਉਂ ਜਾਪਦਾ ਏ।
  • ਕਿਤੇ ਹੜ ਤੇ ਨਾ ਹੀ ਭੂਚਾਲ ਸੁਣਿਆ,
  • ਆ ਗੀ ਦੇਸ਼ ਮੇਂ ਕੌਣ ਸੀ ਆਪਦਾ ਏ।
  • ਵੇਖੀ ਸੁਣੀ ਨਾ ਐਸੀ ਬਲਾ ਕੋਈ,
  • ਦੇਵੇ ਜਵਾਬ ਜੋ ਚੁੱਪ-ਚਾਪ ਦਾ ਏ।
  • ਭੁਗਤ ਰਹੇ ਐ ਕਾਸਦੀ ਸਜਾ ਸਾਰੇ,
  • ਘੜਾ ਭਰ ਗਿਆ ਕਿਸਦੇ ਪਾਪ ਦਾ ਏ।
  • ਪੰਛੀ ਪੁੱਛਦੇ…
  • ਰੁੱਖ ਦੱਸਦੈ ਮੈਂ ਵੀ ਨਾ ਸ਼ੈਅ ਵੇਖੀ,
  • ਕਿੱਥੋਂ ਚੱਲਕੇ ਵਿੱਚ ਸੰਸਾਰ ਆਈ।
  • ਕੁੱਝ ਦਿਨਾਂ ਤੋਂ ਨਹੀਂ ਮੈਂ ਸ਼ੋਰ ਸੁਣਿਆ,
  • ਹਾਰਨ ਮਾਰਦੀ ਬੱਸ ਨਾ ਕਾਰ ਆਈ।
  • ਨਾ ਉਜਾੜਿਆ ਕਿਸੇ ਨੇ ਆਲ੍ਹਣੇ ਨੂੰ,
  • ਨਾ ਮੈਨੂੰ ਹੀ ਵੱਢਣ ਕਟਾਰ ਆਈ।
  • ਐਸਾ ਰੋਗ ਮੈਂ ਪਹਿਲੀ ਵਾਰ ਸੁਣਿਐ,
  • ਜਿਸਦੇ ਨਾਲ ਹੈ ਚੱਲ ਬਹਾਰ ਆਈ।
  • ਪੰਛੀ ਪੁੱਛਦੇ ਆਣਕੇ ਰੁੱਖ ਕੋਲੋਂ…

ਪੇਸ਼ਕਸ਼ :
ਜੱਗਾ ਸਿੰਘ ਰੱਤੇਵਾਲਾ,
ਸੋਹਣਗੜ ‘ਰੱਤੇਵਾਲਾ’ (ਫਿਰੋਜਪੁਰ)
ਮੋ. 88723-27022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.