ਕੈਬਨਿਟ ਦਾ ਨਿਗੂਣੀਆਂ ਅਸਾਮੀਆਂ ਕੱਢਣ ਦਾ ਫੈਸਲਾ ਬੇਰੁਜ਼ਗਾਰਾਂ ਨਾਲ ਕੋਝਾ ਮਜਾਕ: ਡੈਮੋਕ੍ਰੇਟਿਕ ਟੀਚਰਜ਼ ਫਰੰਟ

Democratic teachers front

ਈ.ਟੀ.ਟੀ ਅਤੇ ਮਾਸਟਰ ਕਾਡਰ ਦੀਆਂ 27 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਕੀਤੀ ਮੰਗ

ਪਟਿਆਲਾ, (ਸੱਚ ਕਹੂੰ ਨਿਊਜ)। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ (ਸਬੰਧਿਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ) ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਸੂਬਾ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਅਤਿੰਦਰ ਪਾਲ ਘੱਗਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਿੰਘ ਦੇਵੀਗੜ੍ਹ ਨੇ ਸਰਕਾਰੀ ਸਕੂਲਾਂ ਵਿੱਚ ਹਜਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਈ.ਟੀ.ਟੀ ਕਾਡਰ ਦੀਆਂ ਕੇਵਲ 500 ਅਤੇ ਮਾਸਟਰ/ਮਿਸਟ੍ਰੈਸ ਕਾਡਰ ਦੀਆਂ ਕੇਵਲ 2182 ਅਸਾਮੀਆਂ ਕੱਢਣ ਨੂੰ ਬੇਰੁਜ਼ਗਾਰਾਂ ਨਾਲ ਕੋਝਾ ਮਜਾਕ ਐਲਾਨਦਿਆਂ ਕਿਹਾ ਕਿ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦਾ ਇਹ ਫੈਸਲਾ ਬੇਰੁਜ਼ਗਾਰਾਂ ਦੀਆਂ ਆਸਾਂ ਉਮੀਦਾਂ ‘ਤੇ ਪਾਣੀ ਫੇਰਨ ਵਾਲਾ ਹੈ।

ਪਿਛਲੇ ਚਾਰ ਮਹੀਨੇ ਤੋਂ ਸੰਗਰੂਰ ਸ਼ਹਿਰ ਵਿੱਚ ਰੁਜਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਈ.ਟੀ.ਟੀ/ਬੀ.ਐੱਡ ਟੈੱਟ ਪਾਸ ਬੇਰੁਜਗਾਰ ਅਧਿਆਪਕਾਂ ਨੂੰ ਕੈਬਨਿਟ ਮੀਟਿੰਗ ਤੋਂ ਉਮੀਦਾਂ ਸਨ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀ ਹਨ ਜਿੰਨ੍ਹਾਂ ਨੂੰ ਭਰਨਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਪਰ ਹੁਣ ਕੈਬਨਿਟ ਦੇ ਫੈਸਲੇ ਅਨੁਸਾਰ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਹੁਤ ਥੋੜ੍ਹੀ ਗਿਣਤੀ ਵਿੱਚ ਅਸਾਮੀਆਂ ਭਰੀਆਂ ਜਾਣਗੀਆਂ ਜਿਸ ਤੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਅੱਖੋਂ ਪਰੋਖੇ ਕਰਨ ਵਾਲੇ ਫੈਸਲੇ ਕਾਰਨ ਸਰਕਾਰ ਦਾ ਸਿੱਖਿਆ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।

ਘੱਟੋ ਘੱਟ 15 ਹਜਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ

ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਅਤੇ ਬੇਰੁਜਗਾਰ ਅਧਿਆਪਕਾਂ ਨੂੰ ਸੜਕਾਂ ‘ਤੇ ਰੋਲਣ ਦੀ ਥਾਂ ਸਵੈਮਾਨ ਨਾਲ ਅਧਿਆਪਨ ਦੇ ਕਾਰਜ ਵਿੱਚ ਲਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਈ.ਟੀ.ਟੀ ਕਾਡਰ ਦੀਆਂ ਘੱਟੋ ਘੱਟ 12 ਹਜਾਰ ਅਤੇ ਮਾਸਟਰ/ਮਿਸਟ੍ਰੈਸ ਕਾਡਰ ਦੀਆਂ ਘੱਟੋ ਘੱਟ 15 ਹਜਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਦਵਿੰਦਰ ਪਾਤੜਾਂ, ਗੁਰਜੀਤ ਘੱਗਾ, ਪਰਮਵੀਰ ਸਿੰਘ, ਹਰਿੰਦਰ ਸਿੰਘ, ਜਗਤਾਰ ਰਾਮ ਅਤਾਲਾਂ, ਸੁਖਵੀਰ ਸਿੰਘ, ਸੁਖਦੇਵ ਰਾਜਪੁਰਾ, ਰਾਜਕੁਮਾਰ ਸਮਾਣਾ, ਕੁਲਵੀਰ ਟੋਡਰਪੁਰ, ਜਗਪਾਲ ਚਹਿਲ, ਮੈਡਮ ਜੈਕੀ ਰੱਖੜਾ, ਮੈਡਮ ਸੋਨੀਆ, ਮਨਦੀਪ ਕੌਰ ਟੋਡਰਪੁਰ, ਨਵਨੀਤ ਅਨਾਇਤਪੁਰੀ, ਪਰਮਿੰਦਰ ਨਾਭਾ, ਸਤਨਾਮ ਸਿੰਘ ਘਨੌਰ ਅਤੇ ਬਲਪ੍ਰੀਤ ਸਿੰਘ ਆਦਿ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।