ਹਾਦਸਿਆਂ ਨੂੰ ਰੋਕਣ ਲਈ ਢੱਠਿਆਂ ਨੂੰ ਵੀ ਸੰਭਾਲਿਆ ਜਾਵੇ

ਹਾਦਸਿਆਂ ਨੂੰ ਰੋਕਣ ਲਈ ਢੱਠਿਆਂ ਨੂੰ ਵੀ ਸੰਭਾਲਿਆ ਜਾਵੇ

ਬਹੁਤ ਸਾਰੀਆਂ ਸਮਾਜਿਕ, ਲੋਕ ਭਲਾਈ, ਸੰਸਥਾਵਾਂ, ਜਥੇਬੰਦੀਆਂ, ਸੁਸਾਇਟੀਆਂ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ, ਕਿ ਉਨ੍ਹਾਂ ਵੱਲੋਂ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ। ਪਰ ਫਿਰ ਵੀ ਬਹੁਤ ਸਾਰੀਆਂ ਗਊਆਂ, ਢੱਠੇ, ਵੱਛੇ ਸੜਕਾਂ ਉੱਪਰ ਆਵਾਰਾ ਘੁੰਮਦੇ ਆਮ ਹੀ ਦਿਖਾਈ ਦਿੰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਉਨ੍ਹਾਂ ਦਾ ਕੀ ਹੱਲ ਹੋਵੇ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਅਤੇ ਇਸ ਤੋਂ ਇਲਾਵਾ ਹੋਰ ਵੱਡਾ ਸਵਾਲ ਹੈ ਕਿ ਬਹੁਤੀਆਂ ਗਊਆਂ ਨੂੰ ਤਾਂ ਗਊਸ਼ਾਲਾਵਾਂ ਦੇ ਵਿੱਚ ਰਹਿਣ-ਬਸੇਰਾ ਮਿਲ ਜਾਂਦਾ ਹੈ, ਪਰ ਜੋ ਢੱਠੇ ਹਨ, ਉਨ੍ਹਾਂ ਦਾ ਕੀ ਹੱਲ ਹੋਵੇ ਕਿਉਂਕਿ ਜ਼ਿਆਦਾਤਰ ਢੱਠੇ ਹਾਦਸਿਆਂ ਦਾ ਕਾਰਨ ਬਣਦੇ ਹਨ। ਆਪਸ ਵਿੱਚ ਭਿੜਦੇ ਹਨ। ਦੁਕਾਨਾਂ ਦਾ, ਵਾਹਨਾਂ ਦਾ, ਕੀਮਤੀ ਜਾਨਾਂ ਦਾ ਤੇ ਹੋਰ ਪਤਾ ਨਹੀਂ ਕੀ-ਕੀ ਨੁਕਸਾਨ ਕਰਦੇ ਹਨ।

ਜਿੱਥੇ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ ਜਾਂ ਖੋਲ੍ਹੀਆਂ ਜਾ ਰਹੀਆਂ ਹਨ, ਉੱਥੇ ਢੱਠੇਸ਼ਾਲਾਵਾਂ ਵੀ ਖੋਲ੍ਹੀਆਂ ਜਾਣ ਜਾਂ ਇਨ੍ਹਾਂ ਦਾ ਕੋਈ ਸਰਕਾਰ, ਪ੍ਰਸ਼ਾਸਨ ਵੱਲੋਂ ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਹੋਰ ਹੱਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਇਨ੍ਹਾਂ ਢੱਠਿਆਂ ਦੇ ਆਪਸੀ ਭਿੜਨ ਕਾਰਨ ਜਾਂ ਇਨ੍ਹਾਂ ਦੇ ਹੋਰ ਕਾਰਨਾਂ ਕਰਕੇ ਗਈਆਂ ਹਨ ਅਤੇ ਜਾ ਰਹੀਆਂ ਹਨ। ਆਮ ਹੀ ਦੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ, ਕਸਬਿਆਂ ਦੀਆਂ ਗਲੀਆਂ, ਬਾਜ਼ਾਰਾਂ ਵਿੱਚ ਵੱਡੀ ਗਿਣਤੀ ਵਿਚ ਮੌਤ ਦਾ ਤਾਂਡਵ ਮਚਾਉਣ ਵਾਲੇ ਸੈਂਕੜਿਆਂ ਦੀ ਗਿਣਤੀ ਵਿਚ ਘੁੰਮ ਰਹੇ ਦੇਸੀ ਅਤੇ ਵਲਾਇਤੀ ਨਸਲ ਦੇ ਢੱਠੇ ਪਤਾ ਨਹੀਂ ਕਦੋਂ ਕਿਸੇ ਬਜ਼ੁਰਗ, ਨੌਜਵਾਨ, ਔਰਤ ਬੱਚੇ ਜਾਂ ਕਿਸੇ ਵਾਹਨ ਨੂੰ ਆਪਣੀ ਲਪੇਟ ਵਿੱਚ ਲੈ ਲੈਣ।

ਇਨ੍ਹਾਂ ਢੱਠਿਆਂ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਲਈ ਅਪਾਹਜ਼ ਬਣਾ ਦਿੱਤਾ ਗਿਆ ਹੈ ਅਤੇ ਅੱਗੇ ਵੀ ਬਣਾਉਣਗੇ, ਜਿੰਨੀ ਦੇਰ ਤੱਕ ਇਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ। ਅਨੇਕਾਂ ਵਾਰ ਦੇਖਿਆ ਗਿਆ ਹੈ ਕਿ ਇਹ ਦੋ ਢੱਠੇ ਆਪਸ ਵਿੱਚ ਜ਼ੋਰ ਅਜ਼ਮਾਈ ਕਰਦੇ ਹੋਏ ਅਨੇਕਾਂ ਵਾਹਨਾਂ ਨੂੰ ਜਾਂ ਵਿਅਕਤੀਆਂ ਨੂੰ ਆਪਣੀ ਕਰੋਪੀ ਦਾ ਸ਼ਿਕਾਰ ਬਣਾ ਲੈਂਦੇ ਹਨ। ਇਨ੍ਹਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਪਿੱਛੋਂ ਨਿੱਕਲ ਆਉਣ ਅਤੇ ਕਿਸੇ ਵਿਅਕਤੀ ਜਾਂ ਔਰਤ ਨੂੰ ਆਪਣੇ ਸਿੰਗਾਂ ਉੱਪਰ ਚੁੱਕ ਕੇ ਪਟਕਾ ਕੇ ਮਾਰਨ, ਅਜਿਹੀਆਂ ਅਨੇਕਾਂ ਘਟਨਾਵਾਂ ਅਸੀਂ ਰੋਜ਼ਾਨਾ ਸੋਸ਼ਲ ਮੀਡੀਆ ’ਤੇ ਦੇਖਦੇ-ਸੁਣਦੇ ਹਾਂ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਵੀ ਨਹੀਂ ਕਿ ਇਹ ਹਾਦਸੇ ਸਿਰਫ਼ ਇਕੱਲੇ ਢੱਠਿਆਂ ਕਾਰਨ ਹੀ ਹੁੰਦੇ ਹਨ। ਆਵਾਰਾ ਗਊਆਂ, ਵੱਛਿਆਂ ਕਾਰਨ ਵੀ ਅਨੇਕਾਂ ਹਾਦਸੇ ਹੁੰਦੇ ਹਨ, ਉਂਝ ਵੀ ਗਊਆਂ ਕਿਹੜਾ ਸਾਰੀਆਂ ਹੀ ਗਊਸ਼ਾਲਾਵਾਂ ਦੇ ਵਿੱਚ ਰੱਖੀਆਂ ਜਾਂਦੀਆਂ ਹਨ। ਸੂਤਰਾਂ ਅਨੁਸਾਰ ਗਊਸ਼ਾਲਾਵਾਂ ਵਾਲੇ ਸਿਰਫ਼ ਦੁੱਧ ਦੇਣ ਵਾਲੀਆਂ ਹੀ ਜ਼ਿਆਦਾਤਾਰ ਗਊਆਂ ਨੂੰ ਰੱਖਦੇ ਹਨ। ਫੰਡਰ ਹੋਈਆਂ ਗਊਆਂ ਜਾਂ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ।

ਇਹ ਅਵਾਰਾ ਪਸ਼ੂ ਸ਼ਹਿਰਾਂ ਵਿੱਚ ਤਾਂ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹੀ ਹਨ, ਉੱਥੇ ਪਿੰਡਾਂ ਵਿੱਚ ਵੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਮਿੰਟਾਂ ਵਿੱਚ ਤਹਿਸ-ਨਹਿਸ ਕਰ ਦਿੰਦੇ ਹਨ। ਜੇਕਰ ਇਨ੍ਹਾਂ ਦੁਆਰਾ ਕੀਤੇ ਜਾਂਦੇ ਹਾਦਸਿਆਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਸੰਗਰੂਰ ਦੇ ਇੱਕ ਪੁਲਿਸ ਮੁਲਾਜਮ ਨੂੰ ਇੱਕ ਢੱਠੇ ਦੁਆਰਾ ਸਿੰਗਾਂ ਉੱਪਰ ਚੁੱਕ ਕੇ ਪਟਕਾ ਕੇ ਸੜਕ ਉੁਪਰ ਮਾਰਿਆ ਗਿਆ ਤੇ ਉਸ ਪੁਲਿਸ ਮੁਲਾਜ਼ਮ ਨੂੰ ਆਪਣੀ ਜਾਨ ਗੁਆਉਣੀ ਪਈ। ਹੁਣ ਤੱਕ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਹੋ ਜਾਣ ਦੇ ਬਾਵਜੂਦ ਵੀ ਇਨ੍ਹਾਂ ਆਵਾਰਾ ਗਊਆਂ, ਢੱਠਿਆਂ ਦਾ ਖਤਰਾ ਸੜਕਾਂ, ਗਲੀਆਂ, ਮੁਹੱਲਿਆਂ ਵਿੱਚ ਬਰਕਰਾਰ ਹੈ ਤੇ ਇਸ ਦੇ ਸਥਾਈ ਹੱਲ ਲਈ ਕੋਈ ਵੀ ਸਾਰਥਕ ਕਦਮ ਨਹੀਂ ਪੁੱਟੇ ਜਾ ਰਹੇ ਹਨ।

ਗਊਆਂ ਨੂੰ ਮਾਤਾ ਦਾ ਦਰਜਾ ਗਿਆ ਹੈ ਤੇ ਅਸੀਂ ਸਾਰੇ ਗਊ ਸੈੱਸ ਨਾਂਅ ਦਾ ਟੈਕਸ ਵੀ ਬਿਜਲੀ ਦੇ ਬਿੱਲ ਦੇ ਵਿੱਚ ਭਰਦੇ ਹਾਂ, ਇਸ ਟੈਕਸ ਦੀ ਯੋਗ ਵਰਤੋਂ ਤਾਂ ਹੁੰਦੀ ਦਿਖਾਈ ਨਹੀਂ ਦੇ ਰਹੀ। ਇਸ ਟੈਕਸ ਵਿੱਚੋਂ ਅਨੁਦਾਨ ਰਾਸ਼ੀ ਵੀ ਗਊਸ਼ਾਲਾਵਾਂ ਨੂੰ ਦਿੱਤੀ ਜਾਂਦੀ ਹੋਵੇਗੀ, ਪਰ ਫਿਰ ਵੀ ਅਸੀਂ ਇਨ੍ਹਾਂ ਆਵਾਰਾ ਗਊਆਂ, ਢੱਠਿਆਂ, ਵੱਛਿਆਂ ਤੋਂ ਸੁਰੱਖਿਅਤ ਕਿਉਂ ਨਹੀਂ ਹਾਂ? ਅਸਲ ਮੁੱਦੇ ਦੀ ਗੱਲ ’ਤੇ ਆਈਏ ਤਾਂ ਵਧੇਰੇ ਦੁੱਧ ਉਤਪਾਦਨ ਦੀ ਲੋੜ ਪੂਰੀ ਕਰਨ ਲਈ ਗਊ ਦੀ ਨਸਲ ਸੁਧਾਰਨ ਦਾ ਪ੍ਰੋਗਰਾਮ ਸ਼ੁਰੂ ਹੋਇਆ। ਜਿਸ ਦੇ ਤਹਿਤ ਵਿਦੇਸ਼ੀ ਨਸਲਾਂ ਦੇ ਸੀਮਨ ਰਾਹੀਂ ਗਊਆਂ ਦੀਆਂ ਦੋਗਲੀਆਂ ਨਸਲਾਂ ਤਿਆਰ ਕੀਤੀਆਂ ਗਈਆਂ, ਇਨ੍ਹਾਂ ਨਸਲਾਂ ਦੀਆਂ ਗਊਆਂ ਦੀ ਦੁੱਧ ਦੇਣ ਦੀ ਸਮਰੱਥਾ ਨੇ ਪੰਜਾਬ ’ਚ ਚਿੱਟੀ ਕ੍ਰਾਂਤੀ ਨੂੰ ਜਨਮ ਦਿੱਤਾ ਪਰ ਇਸ ਚਿੱਟੀ ਕ੍ਰਾਂਤੀ ਨੇ ਕੁਝ ਵੱਡੀਆਂ ਸਮੱਸਿਆਵਾਂ ਪੈਦਾ ਕੀਤੀਆਂ।

ਪਰ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੇ ਰਾਹ ਦੀਆਂ ਰੁਕਾਵਟਾਂ ਦੀ ਚਰਚਾ ਕਰਨ ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਉੱਪਰ ਨਜ਼ਰ ਮਾਰੀਏ। ਇਨ੍ਹਾਂ ਸਮੱਸਿਆਵਾਂ ਵਿੱਚੋਂ ਮੁੱਖ ਸਮੱਸਿਆ ਹੈ ਲਾਵਾਰਿਸ ਗਊਆਂ, ਢੱਠਿਆਂ ਦਾ ਵੱਡੀ ਪੱਧਰ ’ਤੇ ਪੈਦਾ ਹੋਣਾ। ਦੂਜੀ ਸਮੱਸਿਆ ਹੈ ਇਨ੍ਹਾਂ ਪਸ਼ੂਆਂ ਦਾ ਖੁੱਲ੍ਹੇਆਮ ਵਿਚਰਨਾ ਗਊਆਂ ਤੇ ਢੱਠਿਆਂ ਦੁਆਰਾ ਕੀਤੇ ਜਾਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਤਾਂ ਅੱਜ ਬਹੁਤ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਚੁੱਕੇ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਵਾਰਾ ਗਊਆਂ, ਵੱਛਿਆਂ, ਢੱਠਿਆਂ ਨੂੰ ਆਬਾਦੀ ਤੋਂ ਦੂਰ ਰੱਖਣ ਦਾ ਕੋਈ ਸਾਰਥਿਕ ਕਦਮ ਪੁੱਟੇ, ਤਾਂ ਜੋ ਇਨ੍ਹਾਂ ਦੁਆਰਾ ਹੁੰਦੇ ਭਿਆਨਕ ਹਾਦਸੇ ਨਾ ਵਾਪਰਨ।
ਸਿਵੀਆਂ, ਬਠਿੰਡਾ
ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ