ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀਆਂ ਦਾ ਹੰਗਾਮਾ, ਸਦਨ ’ਚੋਂ ਵਾਕ ਆਊਟ

ਇਜਲਾਸ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਆਏ ਸਨ ਬੈਲ-ਗੱਡੀ ’ਤੇ

ਚੰਡੀਗੜ,(ਅਸ਼ਵਨੀ ਚਾਵਲਾ (ਸੱਚ ਕਹੂੰ))। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਹੰਗਾਮਾ ਕੀਤਾ। ਸਦਨ ਦੇ ਅੰਦਰ ਇਸ ਸਬੰਧੀ ਹੰਗਾਮਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਦੀ ਕਾਰਵਾਈ ’ਚੋਂ ਵਾਕ ਆਊਟ ਵੀ ਕੀਤਾ। ਇਸ ਤੋਂ ਪਹਿਲਾਂ ਬਜਟ ਇਜਲਾਸ ’ਚ ਭਾਗ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕ ਬੈਲ-ਗੱਡੀ ’ਤੇ ਬੈਠ ਕੇ ਆਏ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਇਸ ਮਾਮਲੇ ’ਤੇ ਵਿਧਾਨ ਸਭਾ ਵਿੱਚੋਂ ਉਦੋਂ ਵਾਕ ਆਊਟ ਕੀਤਾ ਜਦੋਂ ਸਰਕਾਰ ਤੋਂ ਵੈਟ ਦੇ ਰੂਪ ਵਿੱਚ ਪੈਟਰੋਲੀਅਮ ਪਦਾਰਥਾਂ ’ਤੇ ਲਾਏ ਜਾਂਦੇ ਟੈਕਸ ਨੂੰ ਘਟਾਉਣ ਦਾ ਭਰੋਸਾ ਦੇਣ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਵੱਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਸੀ। ਵਿਧਾਨ ਸਭਾ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਲੋਕਾਂ ਨੂੰ ਲੁੱਟਣਾ ਬੰਦ ਕਰੇ ਅਤੇ ਆਪਣੀ ਖ਼ੁਦ ਦੀ ਸਰਕਾਰ ਵੱਲੋਂ ਲਏ ਜਾ ਰਹੇ ਵੱਧ ਵੈਟ ਨੂੰ ਘਟਾਇਆ ਜਾਵੇ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਾਫ਼ੀ ਜਿਆਦਾ ਫਰਕ ਪੈ ਜਾਵੇਗਾ ਅਤੇ ਆਮ ਜਨਤਾ ਨੂੰ ਰਾਹਤ ਮਿਲੇਗੀ।

ਅਕਾਲੀ ਵਿਧਾਇਕ ਦਲ ਦੇ ਲੀਡਰ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬਾ ਸਰਕਾਰ ਨਾਲ ਰਲ ਕੇ ਕੇਂਦਰ ਕੋਲ ਪਹੁੰਚ ਕਰਕੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਉਣ ਦੀ ਮੰਗ ਕਰਨ ਲਈ ਜਾਣ ਵਾਸਤੇ ਤਿਆਰ ਹੈ। ਇਸ ਲਈ ਕਾਂਗਰਸ ਜਿਹੜੀ ਵੀ ਤਾਰੀਖ਼ ਤੈਅ ਕਰੇਗੀ, ਉਹ ਉਨ੍ਹਾਂ ਨਾਲ ਜਾਣਗੇ ਪਰ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਕਿਸਾਨਾਂ ਤੇ ਆਮ ਆਦਮੀ ਨੂੰ ਰਾਹਤ ਦੇਣ ਵਾਸਤੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿੱਚ ਕਟੌਤੀ ਕਰੇ।

ਉਨ੍ਹਾਂ ਕਿਹਾ ਕਿ ਪੈਟਰੋਲ ’ਤੇ 27.5 ਫੀਸਦੀ ਅਤੇ ਡੀਜ਼ਲ ’ਤੇ 17.5 ਫੀਸਦੀ ਵੈਟ ਲਿਆ ਜਾ ਰਿਹਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਕੇਂਦਰ ਨਾਲ ਰਲ ਕੇ ਫਿਕਸ ਮੈਚ ਖੇਡ ਰਹੀ ਹੈ ਕਿਉਂਕਿ ਹਰ ਵਾਰ ਤੇਲ ਕੀਮਤਾਂ ਘਟਾਉਣ ਨਾਲ ਵੈਟ ਵਿੱਚ ਵੀ ਵਾਧਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਬਜਾਏ ਮਸਲਾ ਹੱਲ ਕਰਨ ਦੇ ਰਾਜ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਕੇਂਦਰ ਸਿਰ ਪਾਉਣ ਦਾ ਯਤਨ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.