Ludhiana News: ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦੇ ਕਤਲ ਦਾ ਮਾਮਲਾ ਸੁਲਝਿਆ, ਦੋ ਗ੍ਰਿਫ਼ਤਾਰ
ਕਤਲ ਦਾ ਕਾਰਨ ਜ਼ਮੀਨੀ ਵਿਵਾਦ ਤੇ ਨਿੱਜੀ ਰੰਜਿਸ਼
ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। 29 ਮਾਰਚ ਨੂੰ ਕਾਂਗਰਸ ਨੇਤਾ ਪਰਮਿੰਦਰ ਤਿਵਾਰੀ ਦੇ ਹੋਏ ਕਤਲ ਮਾਮਲੇ ’ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਡੀਸੀਪੀ ਜਸਕਿਰਣਜੀਤ ਸਿੰਘ ਤੇਜਾ ਵੱਲੋਂ ਕੀਤੀ ਗਈ ਹੈ। ਪੁਲਿਸ ਮੁਤਾਬਕ ਮੁਲਜ਼ਮ ਵਿਜੈ ਕੁਮਾਰ ਉਰਫ ਅਜੈ (22) ਤੇ ਉਸਦਾ ਸਾਥੀ ਲੱਕੀ (27) ਹਨ, ਜਦਕਿ ਉਨ੍ਹਾਂ ਦੀ ਮਦਦ ਕਰਨ ਦੇ ਦੋਸ਼ ’ਚ ਪਰਿਵਾਰਕ ਮੈਂਬਰਾਂ ਸਮੇਤ ਹੋਰ ਲੋਕ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਤੇ ਨਿੱਜੀ ਰੰਜਿਸ਼ ਸੀ। ਮੁਲਜ਼ਮ ਪੱਖ ਪੰਚਾਇਤੀ ਜ਼ਮੀਨ ’ਤੇ ਰਹਿ ਰਿਹਾ ਸੀ ਤੇ ਇਸਨੂੰ ਖਾਲੀ ਕਰਨ ਦੇ ਦਬਾਅ ਕਾਰਨ ਇਹ ਟਕਰਾਅ ਵਧ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਕਰੀਬ 15 ਦਿਨਾਂ ਤੋਂ ਰੇਕੀ ਕਰ ਰਹੇ ਸਨ। ਵਾਰਦਾਤ ਵਾਲੇ ਦਿਨ ਲੱਕੀ ਬਾਈਕ ਚਲਾ ਰਿਹਾ ਸੀ ਜਦਕਿ ਅਜੈ ਨੇ ਕੁਲਹਾੜੀ ਨਾਲ ਸਿਰ ’ਤੇ ਕਈ ਵਾਰ ਕਰਕੇ ਕਤਲ ਕਰ ਦਿੱਤਾ। ਪੋਸਟਮਾਰਟਮ ਮੁਤਾਬਕ ਸਿਰ ’ਤੇ 6 ਵਾਰ ਕੀਤੇ ਗਏ ਹਨ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਬਿਹਾਰ ਭੱਜ ਗਏ, ਜਿੱਥੇ ਪੁਲਿਸ ਨੇ ਐਸਟੀਐਫ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਮਾਮਲਾ ਸੁਪਾਰੀ ਕਿਲਿੰਗ ਨਹੀਂ ਸੀ। ਜਾਂਚ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਮੁਲਜ਼ਮ ਵਾਰਦਾਤ ਤੋਂ ਪਹਿਲਾਂ ਕੁਲਹਾੜੀ ਲੈ ਕੇ ਪਿੰਡ ’ਚ ਘੁੰਮਦਾ ਦਿੱਸ ਰਿਹਾ ਹੈ।

