Bathinda News: ਪੰਜਾਬ ਦੇ ਇਸ ਪਿੰਡ ਦੀ ਸ਼ਾਨਦਾਰ ਪਹਿਲ, ਪੜ੍ਹ ਕੇ ਤੁਸੀਂ ਵੀ ਹੋ ਜਾਓਗੇ ਬਾਗੋ! ਬਾਗ!
100 ਫੀਸਦੀ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਵੰਡੇ 21-21 ਸੌ ਰੁਪਏ
ਬਠਿੰਡਾ (ਸੁਖਜੀਤ ਮਾਨ)। ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਗ੍ਰਾਮ ਪੰਚਾਇਤ ਬੱਲ੍ਹੋ ਨੇ ਸਿੱਖਿਆ ਅਤੇ ਸੰਵਿਧਾਨਕ ਸ਼ਕਤੀਕਰਨ ਦੀ ਇੱਕ ਨਵੀਂ ਮਿਸਾਲ ਪੇਸ਼ ਕਰਦਿਆਂ ਪੂਰੇ ਸੂਬੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦੀ ਯੂਥ ਲਾਇਬਰੇਰੀ ਵਿੱਚ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ’ਚ ਪੰਚਾਇਤ ਨੇ ਆਪਣੀ ਦੂਰਅੰਦੇਸ਼ੀ ‘ਬੱਲ੍ਹੋ ਵਿੱਦਿਆ ਰਤਨ ਸਕੀਮ’ ਰਾਹੀ ਸਰਕਾਰੀ ਸਕੂਲਾਂ ’ਚ 100 ਫੀਸਦੀ ਹਾਜ਼ਰੀ ਦਰਜ ਕਰਵਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 2100-2100 ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕਰਕੇ ਸਿੱਖਿਆ ਕ੍ਰਾਂਤੀ ਦਾ ਹੋਕਾ ਦਿੱਤਾ ਹੈ। ਨਗਦ ਰਾਸ਼ੀ ਤੇ ਪ੍ਰਸੰਸਾ ਪੱਤਰ ਦੇਣ ਦੀ ਰਸਮ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਨਿਭਾਈ।

ਇਸ ਮੌਕੇ ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਮੁੱਖ ਮਹਿਮਾਨ ਦੀ ਮੌਜ਼ੂਦਗੀ ’ਚ ਹੋਏ ਇਸ ਸਮਾਗਮ ਨੇ ਜਿੱਥੇ 73ਵੀਂ ਸੰਵਿਧਾਨਕ ਸੋਧ ਰਾਹੀਂ ਮਿਲੇ ਪੰਚਾਇਤੀ ਅਧਿਕਾਰਾਂ ਦੀ ਗੂੰਜ ਪਾਈ, ਉੱਥੇ ਹੀ ਪਿੰਡ ਦੇ ਸਰਵਪੱਖੀ ਵਿਕਾਸ ਲਈ ਇੱਕ ਨਵਾਂ ਅਤੇ ਮਜ਼ਬੂਤ ਰੋਡਮੈਪ ਵੀ ਪੇਸ਼ ਕੀਤਾ। ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਵਧਾਈ ਦੀ ਪਾਤਰ ਹੈ, ਜਿਸ ਨੇ ਸਿੱਖਿਆ ਨੂੰ ਤਰਜੀਹ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਇੱਕ ਜਾਗਰੂਕ ਪੰਚਾਇਤ ਪਿੰਡ ਦੀ ਨੁਹਾਰ ਕਿਵੇਂ ਬਦਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ 73ਵੀਂ ਸੋਧ ਨੇ ਪੰਚਾਇਤਾਂ ਨੂੰ ਅਸਲ ਤਾਕਤ ਅਤੇ ਵੱਧ ਅਧਿਕਾਰ ਦਿੱਤੇ ਹਨ। ਅੱਜ ਪੰਚਾਇਤਾਂ ਗਲੀਆਂ-ਨਾਲੀਆਂ ਤੱਕ ਸੀਮਤ ਨਹੀਂ, ਸਗੋਂ ਪਿੰਡ ਦੇ ਵਿਕਾਸ ਸਿੱਖਿਆ ਅਤੇ ਸਿਹਤ ਵਰਗੇ ਅਹਿਮ ਫੈਸਲੇ ਲੈਣ ਲਈ ਸੁਤੰਤਰ ਹਨ ਅਤੇ ਗ੍ਰਾਮ ਸਭਾ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਇਕਾਈ ਹੈ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸਰਕਾਰੀ ਸਕੀਮਾਂ ਤੇ ਪੰਚਾਇਤ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ।
Read Also : ਕਬਾੜ ਦੇ ਗੋਦਾਮ ’ਚ 7 ਸਾਲਾ ਬੱਚੀ ਸਮੇਤ ਚਾਰ ਸੜੇ
ਇਸ ਮੌਕੇ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ , ਡਾ. ਰਾਘਵ ਸ਼ਰਮਾ , ਬਲਾਕ ਕੋਆਡੀਨੇਟਰ ਹਰਿੰਦਰ ਸਿੰਘ, ਮੁੱਖ ਅਧਿਆਪਕਾ ਜੋਤੀ ਗਰਗ, ਅਧਿਆਪਕ ਰਾਜੇਸ਼ ਕੁਮਾਰ, ਪ੍ਰਧਾਨ ਰਣਜੀਤ ਸਿੰਘ, ਅਵਤਾਰ ਸਿੰਘ ਨੰਬਰਦਾਰ, ਪ੍ਰਧਾਨ ਹਰਬੰਸ ਸਿੰਘ, ਪੰਚ ਹਰਬੰਸ ਸਿੰਘ ਹਾਕਮ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ , ਰਣਜੀਤ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ, ਹਰਵਿੰਦਰ ਕੌਰ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਅਵਤਾਰ ਸਿੰਘ ਟੌਫੀ ਬਣੇ ‘ਮੈਨ ਆਫ ਦਾ ਵਿਲੇਜ’
ਇਸ ਸਮਾਗਮ ਦੌਰਾਨ ਪੰਚਾਇਤ ਨੂੰ ਲੜਾਈ-ਝਗੜੇ ਨਿਬੇੜਨ ਅਤੇ ਵਿਕਾਸ ਕਾਰਜਾਂ ਵਿੱਚ ਵੱਧ ਸਹਿਯੋਗ ਦੇਣ ਵਾਲੇ ਅਵਤਾਰ ਸਿੰਘ ਟੌਫੀ ਨੰਬਰਦਾਰ ਨੂੰ ਮੈਨ ਆਫ ਦਾ ਵਿਲੇਜ਼ ਚੁਣਿਆ ਗਿਆ। ਮੈਨ ਆਫ ਦਾ ਵਿਲੇਜ਼ ਵਜੋਂ ਅਵਤਾਰ ਸਿੰਘ ਨੂੰ 5100 ਰੁਪਏ ਦਾ ਚੈੱਕ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਵਤਾਰ ਸਿੰਘ ਦੀ ਪਿੰਡ ਦੇ ਸਾਂਝੇ ਕੰਮਾਂ ’ਚ ਪੂਰੀ ਸ਼ਮੂਲੀਅਤ ਰਹਿੰਦੀ ਹੈ।
