Punjab News: ਕਰਜ਼ੇ ਦੀ ਦਲਦਲ ’ਚ ਪੰਜਾਬ, ਸਰਕਾਰ ਨੇ ਫਿਰ ਲਿਆ 1300 ਕਰੋੜ ਦਾ ਕਰਜ਼

20 ਦਿਨਾਂ ਵਿੱਚ ਲਿਆ 2800 ਕਰੋੜ ਦਾ ਕਰਜ਼, 2 ਅਪਰੈਲ ਨੂੰ ਹੀ ਲਿਆ ਸੀ 1500 ਕਰੋੜ ਦਾ ਕਰਜ਼

Ravinder Sharma Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਲਗਾਤਾਰ ਹੀ ਕਰਜ਼ੇ ਦੀ ਦਲਦਲ ਵਿੱਚ ਫਸਦੀ ਨਜ਼ਰ ਆ ਰਹੀ ਹੈ ਅਤੇ ਹਰ ਮਹੀਨੇ ਹੀ ਸਰਕਾਰ ਵੱਲੋਂ ਲਗਾਤਾਰ ਨਵਾਂ ਕਰਜ਼ਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਅੱਜ 21 ਅਪਰੈਲ ਨੂੰ ਮਾਰਕਿਟ ਵਿੱਚੋਂ 1300 ਕਰੋੜ ਰੁਪਏ ਦਾ ਕਰਜ਼ ਚੁੱਕਿਆ ਜਾ ਰਿਹਾ ਹੈ। ਪਿਛਲੇ 20 ਦਿਨਾਂ ਵਿੱਚ ਸਰਕਾਰ ਵੱਲੋਂ ਇਹ ਦੂਜੀ ਵਾਰ ਕਰਜ਼ ਲਿਆ ਗਿਆ ਹੈ ਅਤੇ ਪਹਿਲਾਂ 2 ਅਪਰੈਲ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਓਪਨ ਮਾਰਕਿਟ ਵਿੱਚੋਂ ਲੈ ਚੁੱਕੀ ਹੈ।

Punjab-Karja

ਇਸ ਹਿਸਾਬ ਨਾਲ ਪੰਜਾਬ ਸਰਕਾਰ ਵੱਲੋਂ ਇਸ ਵਿੱਤੀ ਸਾਲ ਦੇ ਪਹਿਲੇ ਹੀ ਮਹੀਨੇ 20 ਦਿਨਾਂ ਵਿੱਚ 2800 ਕਰੋੜ ਰੁਪਏ ਦਾ ਕਰਜ਼ ਚੁੱਕ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਤਾਜ਼ਾ ਲਏ ਗਏ 1300 ਕਰੋੜ ਰੁਪਏ ਦੇ ਕਰਜ਼ੇ ਨੂੰ 12 ਵਰਿ੍ਹਆਂ ਬਾਅਦ 22 ਅਪਰੈਲ 2038 ਤੱਕ ਵਾਪਸ ਕੀਤਾ ਜਾਵੇਗਾ ਅਤੇ ਇਸ ਨਵੇਂ ਕਰਜ਼ੇ ਲਈ ਵਿਆਜ ਸੀਮਾ 21 ਅਪਰੈਲ ਨੂੰ ਓਪਨ ਮਾਰਕਿਟ ਵਿੱਚ ਸਰਕਾਰੀ ਬਾਂਡ ਦੀ ਵਿੱਕਰੀ ਦੇ ਨਾਲ ਹੀ ਬੈਂਕਾਂ ਰਾਹੀਂ ਤੈਅ ਕੀਤਾ ਜਾਏਗਾ। 

Read Also : ਮੁੱਖ ਮੰਤਰੀ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ, ਪੰਜਾਬ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ 'ਤੇ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਕਰੇਗੀ ਸਥਾਪਤ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਰਜ਼ ਲਿਆ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਦਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਵੀ ਚਾਰ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਸਾਲ ਦਰ ਸਾਲ ਕਾਰਜ ਲੈਣ ਦਾ ਕੰਮ ਨਹੀਂ ਰੁਕਿਆ, ਸਗੋਂ ਪਹਿਲਾਂ ਨਾਲੋਂ ਜਿਆਦਾ ਕਰਜ਼ ਲਿਆ ਜਾ ਰਿਹਾ ਹੈ। 

ਪੰਜਾਬ ਸਰਕਾਰ ਵੱਲੋਂ 17 ਅਪਰੈਲ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 1300 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਬਿਡਿੰਗ ਸਿਸਟਮ ਈਕੁੁਬੇਰ ਰਾਹੀਂ ਵੱਖ-ਵੱਖ ਬੈਂਕਾਂ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ। ਜਿਹੜਾ ਵੀ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਬੈਂਕ ਪੰਜਾਬ ਸਰਕਾਰ ਨੂੰ ਸਰਕਾਰੀ ਬਾਂਡ ਸਬੰਧੀ ਸਭ ਤੋਂ ਘੱਟ ਵਿਆਜ ’ਤੇ 12 ਸਾਲਾਂ ਲਈ ਕਰਜ਼ਾ ਦੇਣ ਲਈ ਤਿਆਰ ਹੋਵੇਗਾ ਤਾਂ ਪੰਜਾਬ ਸਰਕਾਰ ਵੱਲੋਂ ਅੱਜ 21 ਅਪਰੈਲ 2026 ਨੂੰ ਉਸ ਬੈਂਕ ਤੋਂ ਕਰਜ਼ ਲੈ ਲਿਆ ਜਾਏਗਾ।

ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਵਾਰ-ਵਾਰ ਕਰਜ਼ੇ ਤੋਂ ਸਿਆਸੀ ਵਿਰੋਧੀ ਧਿਰਾਂ ਵਲੋਂ ਕਾਫ਼ੀ ਜ਼ਿਆਦਾ ਇਤਰਾਜ਼ ਕੀਤਾ ਜਾਂਦਾ ਰਿਹਾ ਹੈ ਤਾਂ ਸਰਕਾਰ ਦੀ ਵਿੱਤੀ ਹਾਲਾਤ ਤੇ ਵੀ ਸੁਆਲ ਖੜੇ੍ਹ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਵੀ ਇਸ ਕਰਜ਼ੇ ਨੂੰ ਆਪਣੀ ਮਜ਼ਬੂਰੀ ਕਰਾਰ ਦਿੰਦੇ ਹੋਏ ਹਰ ਇਹੋ ਹੀ ਤਰਕ ਦਿੰਦੀ ਨਜ਼ਰ ਆਉਂਦੀ ਹੈ ਕਿ ਪਿਛਲੇ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਮੋੜਨ ਲਈ ਹੀ ਉਹਨਾਂ ਨੂੰ ਨਵਾਂ ਕਰਜ਼ਾ ਲੈਣਾ ਪੈ ਰਿਹਾ ਹੈ। 

ਇਥੇ ਦੱਸਣ ਯੋਗ ਹੈ ਕਿ ਪੰਜਾਬ ਦੇ ਸਿਰ ’ਤੇ ਇਸ ਸਮੇਂ 4 ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਚੜ੍ਹ ਚੁੱਕਿਆ ਹੈ ਅਤੇ ਹਰ ਮਹੀਨੇ ਹੀ 2 ਵਾਰ ਕਰਜ਼ਾ ਲੈਣ ਨਾਲ ਪੰਜਾਬ ਸਰਕਾਰ ਵੱਡੇ ਪੱਧਰ ’ਤੇ ਨਵਾਂ ਕਰਜ਼ਾ ਚੁੱਕ ਰਹੀ ਹੈ। 

About The Author

Related Posts