Punjab Farming News: ਮਾਹਿਰਾਂ ਦੀ ਟੀਮ ਨੇ ਵੱਖ-ਵੱਖ ਪਿੰਡਾਂ 'ਚ ਗੰਨੇ ਦੀ ਫ਼ਸਲ ਦੇ ਖੇਤਾਂ ਦਾ ਦੌਰਾ, ਰਿਪੋਰਟ 'ਚ ਸਾਹਮਣੇ ਆਈ ਇਹ ਗੱਲ

ਗੰਨੇ ਦੀ ਫ਼ਸਲ ਨੂੰ ਵੱਧ ਖਾਦਾਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਕਰਨ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ 

Satinder Mathur  Picture
Published On

Punjab Farming News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫ਼ਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਚਲਾਈ ਮੁਹਿੰਮ ਤਹਿਤ ਦਫਤਰ ਗੰਨਾ ਕਮਿਸ਼ਨਰ ਅਤੇ ਸਮੂਹ ਖੰਡ ਮਿੱਲਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਅਤੇ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ: ਰਣਬੀਰ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ, ਫਰੀਦਕੋਟ, ਡਾ: ਨਵਿੰਦਰਪਾਲ ਸਿੰਘ ਅਤੇ ਡਾ: ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਗੰਨਾ) ਵੱਲੋਂ ਪਿੰਡਾਂ ਵਿਚ ਜਾ ਕੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।

   ਡਾ. ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ, ਆਮ ਫ਼ਸਲਾਂ ਜਿਵੇਂ ਕਣਕ, ਝੋਨੇ, ਮੱਕੀ ਆਦਿ ਨਾਲੋਂ ਇਸ ਫ਼ਸਲ ਨੂੰ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ,ਪਰਤੂ ਗੰਨਾ ਕਾਸ਼ਤਕਾਰਾਂ ਵਲੋਂ ਸਿਫਾਰਸ਼ਾਂ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Punjab-Farming-News
Punjab Farming News: ਮਾਹਿਰਾਂ ਦੀ ਟੀਮ ਨੇ ਵੱਖ-ਵੱਖ ਪਿੰਡਾਂ 'ਚ ਗੰਨੇ ਦੀ ਫ਼ਸਲ ਦੇ ਖੇਤਾਂ ਦਾ ਦੌਰਾ, ਰਿਪੋਰਟ 'ਚ ਸਾਹਮਣੇ ਆਈ ਇਹ ਗੱਲ

ਸਤੰਬਰ ਮਹੀਨੇ ਦੌਰਾਨ ,ਜਦੋਂ ਪੂਰੇ ਗੰਨੇ ਬਣ ਚੁੱਕੇ ਹੁੰਦੇ ਹਨ ਤਾਂ ਵੀ ਗੰਨਾ ਕਾਸ਼ਤਕਾਰਾਂ ਵਲੋਂ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਤਿਆਰ ਹੋਏ ਗੰਨੇ ਅਤੇ  ਉਸ ਦੇ ਮੁੱਢ ਤੋਂ ਹੋਰ ਫੋਟ ਫੁੱਟਦੀ ਹੈ ਜੋ ਗੰਨਿਆਂ ਵਿਚ ਤਬਦੀਲ ਨਹੀਂ ਹੁੰਦੇ ਅਤੇ ਪਹਿਲਾਂ ਬਣੇ ਗੰਨਿਆਂ ਦਾ ਭਾਰ ਵੀ ਘਟਾ ਦਿੰਦੇ ਹਨ। ਡਾ. ਨਵਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੱਧ ਵਰਤੋਂ  ਕਰਨ ਨਾਲ ਗੰਨੇ ਦੀ ਫਸਲ ਤੇ ਪੈਂਦੇ ਪ੍ਰਭਾਵਾਂ ਬਾਰੇ ਦੱਸਿਆ ਕਿਹਾ ਕਿ ਇਹ ਫਸਲ ਵਧੇਰੇ ਡਿੱਗਦੀ ਹੈ, ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ ਅਤੇ ਖੰਡ ਦੀ ਰਿਕਵਰੀ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਅਨੁਸਾਰ ਪਤਝੜ ਰੁੱਤੇ ਬਿਜਾਈ ਕੀਤੇ ਗੰਨੇ ਦੀ ਫ਼ਸਲ ਨੂੰ 195 ਕਿਲੋ ਯੂਰੀਆ ਖਾਦ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣੀ ਚਾਹੀਦੀ ਹੈ। 

ਇਹ ਵੀ ਪੜ੍ਹੋ: Jail Search Operation: ਕੇਦਰੀ ਮਾਡਰਨ ਜੇਲ੍ਹ ਦੀ ਕੀਤੀ ਗਈ ਅਚਨਚੇਤ ਚੈੱਕਿੰਗ

ਪਹਿਲੀ ਕਿਸ਼ਤ ਬਿਜਾਈ ਸਮੇਂ ,ਦੂਜੀ ਮਾਰਚ ਮਹੀਨੇ ਦੇ ਅਖੀਰ ਅਤੇ ਤੀਜੀ ਕਿਸ਼ਤ ਅਪ੍ਰੈਲ ਦੇ ਆਖਰੀ ਹਫਤੇ ਪਾ ਕੇ ਮਿੱਟੀ ਚੜ੍ਹਾ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਛਿੱਟੇ ਦੀ ਬਿਜਾਏ, ਲਾਈਨਾਂ ਦੇ ਨਾਲ-ਨਾਲ ਕੇਰ ਕੇ ਕੀਤੀ ਜਾਵੇ ਤਾਂ ਵਧੇਰੇ ਖੰਡ ਦੀ ਰਿਕਵਰੀ ਅਤੇ ਪੈਦਾਵਾਰ ਮਿਲਦੀ ਹੈ। ਜੇਕਰ ਮਿੱਟੀ ਪਰਖ ਦੇ ਆਧਾਰ ’ਤੇ ਫ਼ਾਸਫ਼ੋਰਸ ਵਾਲੀ ਖਾਦ ਪਾਉਣੀ ਹੋਵੇ ਤਾਂ ਫ਼ਰਵਰੀ ਵਿਚ ਵਾਹੀ ਸਮੇਂ ਕਮਾਦ ਦੀਆਂ ਕਤਾਰਾਂ ਦੇ ਨੇੜੇ ਡਰਿੱਲ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫਸਲ ਲਈ 130 ਕਿਲੋ ਅਤੇ ਮੂਢੀ ਫ਼ਸਲ ਲਈ 195 ਕਿਲੋ ਯੂਰੀਆ ਖਾਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਫਾਸਫੇਟਿਕ ਅਤੇ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਫਾਸਫੋਰਸ ਤੱਤ ਦੀ ਘਾਟ ਹੋਣ ਤੇ 75 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਵਰਤੋਂ ਕਰਨੀ ਚਾਹੀਦੀ ਹੈ।

ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫ਼ਸਲ ਦੇ ਉੱਗਣ ਉਪਰੰਤ ਪਹਿਲੇ ਪਾਣੀ ਤੋਂ ਪਹਿਲਾ ਪਹਿਲੀ ਕਿਸ਼ਤ 65 ਕਿਲੋ ਯੂਰੀਆ  ਫ਼ਸਲ ਦੀਆਂ ਲਾਈਨਾਂ ਦੇ ਨਾਲ ਨਾਲ ਪਾਉਣੀ ਚਾਹੀਦੀ ਹੈ ਅਤੇ ਬਾਕੀ ਦੀ 65 ਕਿਲੋ ਯੂਰੀਆ ਮਈ-ਜੂਨ ਵਿਚ ਪਾ ਦੇਣੀ ਚਾਹੀਦੀ ਹੈ। ਇਸੇ ਤਰਾਂ ਮੂਢੀ ਫ਼ਸਲ ਨੂੰ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ, ਪਹਿਲਾ 65 ਕਿਲੋ ਯੂਰੀਆ ਦੀ ਕਿਸ਼ਤ ਗੋਡੀ ਜਾਂ ਵਾਹੀ ਸਮੇਂ ,ਦੂਜੀ ਕਿਸ਼ਤ ਅਪ੍ਰੈਲ ਅਤੇ ਤੀਜੀ ਕਿਸ਼ਤ ਮਈ ਵਿਚ ਪਾ ਦੇਣੀ ਚਾਹੀਦੀ ਹੈ। ਜੇਕਰ ਆਲੂਆਂ ਦੀ ਫ਼ਸਲ ਤੋਂ ਬਾਅਦ ਗੰਨੇ ਦੀ ਬਿਜਾਈ ਕੀਤੀ ਹੈ ਤਾਂ ਯੂਰੀਆ ਦੀ ਮਾਤਰਾ ਪ੍ਰਤੀ ਏਕੜ 45 ਕਿਲੋ ਘਟਾ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਖਾਦ ਵਰਤਣ ਨਾਲ ਹਵਾ ਅਤੇ ਪਾਣੀ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਤੋਂ ਵਾਧੂ ਨਾਈਟ੍ਰੋਜਨ ਜ਼ਮੀਨ ਹੇਠਲੇ ਪਾਣੀ ਵਿੱਚ ਜਾ ਕੇ ਪਾਣੀ ਪ੍ਰਦੂਸ਼ਤ ਕਰਦਾ ਹੈ। ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਚੁਕਾਉਣ ਦੀ ਬਿਜਾਏ ਖੇਤਾਂ ਵਿਚ ਹੀ ਸਾਂਭਿਆ ਜਾਵੇ ਤਾਂ ਜੋਂ ਜ਼ਮੀਨ ਦੀ ਸਿਹਤ ਬਰਕਰਾਰ ਰੱਖੀ ਜਾ ਸਕੇ।ਇਸ ਦੇ ਨਾਲ ਨਾਲ ਐਸ.ਐਮ.ਏ.ਐਮ ਸਕੀਮ ਅਧੀਨ ਸਬਸਿਡੀ ਤੇ agrimachinerypb.com ਤੇ 12/05/2025 ਖੇਤੀਬਾੜੀ ਵਿੱਚ ਖ਼ਾਸ ਕਰਕੇ ਗੰਨੇ ਸਬੰਧੀ ਸੰਦ ਲੈਣ ਲਈ ਅਰਜ਼ੀ ਦੇ ਸਕਦੇ ਹਨ।

About The Author

Related Posts