World Water Day : ਪੂਰਾ ਪਰਿਵਾਰ ਸਾਰਾ ਸਾਲ ਪੀਂਦੈ ਮੀਂਹ ਦਾ ਪਾਣੀ

World Water Day
ਮਾਨਸਾ : ਟੈਂਕੀ ’ਚ ਸਟੋਰ ਕੀਤੇ ਮੀਂਹ ਦੇ ਪਾਣੀ ਨੂੰ ਵਰਤੋਂ ਲਈ ਕੱਢਦੇ ਹੋਏ ਜੀਐੱਮ ਅਰੋੜਾ। ਤਸਵੀਰ : ਸੱਚ ਕਹੂੰ ਨਿਊਜ਼

ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਘੱਗਰ ਦਰਿਆ ਕਰਕੇ ਸਰਦੂਲਗੜ੍ਹ ਇਲਾਕੇ ’ਚ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ, ਜਿਸਦੇ ਸਿੱਟੇ ਵਜੋਂ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਜੀਅੱੈਮ ਅਰੋੜਾ ਦੇ ਪਰਿਵਾਰ ਨੇ ਦੱਸਿਆ ਕਿ ਉਕਤ ਬਿਮਾਰੀਆਂ ਤੋਂ ਬਚਣ ਲਈ ਮੀਂਹ ਦੇ ਪਾਣੀ ਦੀ ਪੀਣ ਲਈ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਿਆ। (World Water Day)

ਸ੍ਰੀ ਅਰੋੜਾ ਮਾੜੇ ਪਾਣੀ ਕਾਰਨ ਉਹ ਖੁਦ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਸੀ ਪਰ ਜਦੋਂ ਤੋਂ ਕੁਦਰਤੀ ਪਾਣੀ ਦੀ ਵਰਤੋਂ ਸ਼ੁਰੂ ਕੀਤੀ ਤਾਂ ਉਸਦੇ ਗੋਡਿਆਂ ਦਾ ਦਰਦ ਖਤਮ ਹੋ ਗਿਆ ਤੇ ਹੁਣ ਉਹ ਸਰੀਰ ਭਾਰਾ ਹੋਣ ਦੇ ਬਾਵਜ਼ੂਦ ਪੌੜੀਆਂ ਆਦਿ ਸਮੇਤ ਹੋਰ ਉੱਚੀਆਂ ਥਾਵਾਂ ’ਤੇ ਆਸਾਨੀ ਨਾਲ ਚੜ੍ਹ-ਉੱਤਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਮੀਂਹ ਦੇ ਪਾਣੀ ਨੂੰ ਵਰਤੋਂ ’ਚ ਲਿਆਉਣ ਅਤੇ ਘਰਾਂ ’ਚ ਪਾਣੀ ਦੀ ਸੰਭਾਲ ਲਈ ਟੈਂਕ ਬਣਵਾਏ ਜਾਣ। (World Water Day)

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਉੱਥੇ ਹੀ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇਗਾ। ਦੱਸਣਯੋਗ ਹੈ ਕਿ ਘੱਗਰ ਦਰਿਆ ਕਾਰਨ ਇਸਦੇ ਨਾਲ ਲੱਗਦੇ ਪਿੰਡਾਂ ’ਚ ਕਾਫੀ ਭਿਆਨਕ ਬਿਮਾਰੀਆਂ ਨੇ ਘਰ ਕੀਤਾ ਹੋਇਆ ਹੈ। ਮਜ਼ਬੂਰੀਵੱਸ ਜੋ ਕਿਸਾਨ ਘੱਗਰ ’ਚੋਂ ਪਾਣੀ ਚੁੱਕ ਕੇ ਆਪਣੇ ਖੇਤਾਂ ’ਚ ਲਗਾਉਂਦੇ ਹਨ ਤਾਂ ਉਨ੍ਹਾਂ ਨੂੰ ਚਮੜੀ ਆਦਿ ਦੇ ਰੋਗ ਲੱਗ ਗਏ।

ਇਲਾਕੇ ਦੇ ਲੋਕਾਂ ਨੇ ਇਸ ਘੱਗਰ ਦਰਿਆ ’ਚ ਪੈਂਦੇ ਫੈਕਟਰੀਆਂ ਦੇ ਤੇਜ਼ਾਬੀ ਪਾਣੀ ਆਦਿ ਨੂੰ ਰੋਕਣ ਲਈ ਅਨੇਕਾਂ ਵਾਰ ਧਰਨੇ-ਮੁਜ਼ਾਹਰੇ ਕੀਤੇ ਪਰ ਸਰਕਾਰਾਂ ਤੋਂ ਇਸਦਾ ਕੋਈ ਠੋਸ ਹੱਲ ਨਹੀਂ ਹੋਇਆ। ਘੱਗਰ ’ਚ ਵਗਦੇ ਤੇਜ਼ਾਬੀ ਕਾਲੇ ਪਾਣੀ ਕਾਰਨ ਇਸ ਖਿੱਤੇ ਦੇ ਲੋਕ ਆਖਦੇ ਹਨ ਕਿ ‘ ਉਹ ਤਾਂ ਬਿਨਾਂ ਕਸੂਰੋਂ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੇ ਹਨ’।

ਸੱਤ ਸਾਲਾਂ ਤੋਂ ਵਰਤਿਆ ਜਾ ਰਿਹਾ ਮੀਂਹ ਦਾ ਪਾਣੀ

ਜੀਐੱਮ ਅਰੋੜਾ ਨੇ ਦੱਸਿਆ ਕਿ ਉਹ ਸਾਲ 2017 ਤੋਂ ਮੀਂਹ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਘਰ ’ਚ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਹੋ ਪਾਣੀ ਪੀਣ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਕੁਦਰਤੀ ਪਾਣੀ ਦੀ ਕੀਤੀ ਜਾ ਰਹੀ ਇਸ ਵਰਤੋਂ ਤੋਂ ਪ੍ਰੇਰਿਤ ਹੁੰਦਿਆਂ ਕੁਝ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਵੱਲੋਂ ਵੀ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦੇ ਟੈਂਕ ਬਣਵਾਏ ਗਏ ਹਨ। ਮੀਂਹ ਦੇ ਪਾਣੀ ਨੂੰ ਮਾਹਿਰਾਂ ਤੋਂ ਟੈਸਟ ਵੀ ਕਰਵਾਇਆ ਗਿਆ ਹੈ, ਜੋ ਪੀਣ ਲਈ ਪੂਰੀ ਤਰ੍ਹਾਂ ਸਹੀ ਪਾਇਆ ਗਿਆ ਹੈ

Also Read : ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ