ਬੇਅਦਬੀ ਦਾ ਅਸਲ ਦੋਸ਼ੀ ਕੌਣ?

ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ

ਪੰਜਾਬ ਪੁਲਿਸ ਨੇ 2015 ‘ਚ ਬਰਗਾੜੀ ‘ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਕੋਟਕਪੂਰੇ ਨਾਲ ਸਬੰਧਿਤ ਕੁਝ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਗ੍ਰਿਫ਼ਤਾਰੀਆਂ ‘ਤੇ ਪੁਲਿਸ ਦੇ ਦਾਅਵਿਆਂ ਨੇ ਪੁਲਿਸ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹੈ . ਪੁਲਿਸ ਦਾਅਵਾ ਕਰ ਰਹੀ ਹੈ ਉਕਤ ਡੇਰਾ ਸ਼ਰਧਾਲੂਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਪਵਿੱਤਰ ਬੀੜ ਦੀ ਬੇਅਦਬੀ ਕੀਤੀ ਹੈ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ।

ਪੁਲਿਸ ਨੇ ਮਾਮਲੇ ਦੀ ਪੇਸ਼ੇਵਾਰਾਨਾ ਢੰਗ ਨਾਲ ਜਾਂਚ ਕਰਨ ਦੀ ਬਜਾਏ ਡੇਰਾ ਪ੍ਰੇਮੀਆਂ ਨੂੰ ਹੀ ਆਪਣਾ ਨਿਸ਼ਾਨਾ ਮਿਥ ਲਿਆ 2018 ‘ਚ ਕਿਸੇ ਖਾਸ ਮਿਸ਼ਨ (ਸਾਜਿਸ਼) ਨੂੰ ਸਿਰੇ ਚਾੜ੍ਹਨ ਲਈ ਪੁਲਿਸ ਨੇ 2015 ‘ਚ ਬੇਅਦਬੀ ਸਬੰਧੀ ਆਪਣੇ ਵੱਲੋਂ ਹੀ ਕੀਤੀਆਂ ਗ੍ਰਿਫ਼ਤਾਰੀਆਂ ਨੂੰ ਪਾਸੇ ਰੱਖ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਆਪ ਹੀ ਇਹ ਸ਼ੰਕਾ ਪ੍ਰਗਟ ਕਰ ਚੁੱਕੀ ਸੀ ਕਿ ਬਰਗਾੜੀ ਕਾਂਡ, ਖੰਨਾ ‘ਚ ਦੋ ਡੇਰਾ ਸ਼ਰਧਾਲੂਆਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਰਐਸਐਸ ਅਤੇ ਸ਼ਿਵਸੈਨਾ ਦੇ ਆਗੂਆਂ ਦੇ ਕਤਲਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।

ਪੁਲਿਸ ਬਰਗਾੜੀ ਕਾਂਡ ਦੀ ਗੁੱਥੀ ਨਾ ਸੁਲਝਾਉਣ ਕਰਕੇ ਪੂਰੀ ਤਰ੍ਹਾਂ ਪ੍ਰੇਸ਼ਾਨ

ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਤੇ ਆਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਸਿੱਖ ਧਰਮ ਨਾਲ ਸਬੰਧਤ ਕੁਝ ਚਰਚਿਤ ਵਿਅਕਤੀ ਦਾਅਵਾ ਕਰ ਰਹੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਡੇਰਾ ਸ਼ਰਧਾਲੂਆਂ ਨਾਲ ਕੋਈ ਸਬੰਧ ਹੀ ਨਹੀਂ ਉਹ ਇਸਨੂੰ ਰਾਜਨੀਤਕ ਅਤੇ ਧਾਰਮਿਕ ਸਾਜਿਸ਼ ਕਰਾਰ ਦੇ ਰਹੇ ਹਨ ਇਨ੍ਹਾਂ ਵਾਇਰਲ ਹੋਈਆਂ ਵੀਡੀਓ ਤੋਂ ਇਹ ਤੱਥ ਉੱਭਰ ਕੇ ਆਉਂਦੇ ਹਨ ਕਿ ਆਖ਼ਿਰ ਪੁਲਿਸ ਨੇ ਬਰਗਾੜੀ  ਕਾਂਡ ‘ਚ ਡੇਰਾ ਸ਼ਰਧਾਲੂਆਂ ਨੂੰ ਢਾਈ ਸਾਲ ਬਾਅਦ ਆਪਣੇ ਨਿਸ਼ਾਨੇ ‘ਤੇ ਕਿਉਂ ਲਿਆਂਦਾ? ਇਹ ਤੱਥ ਹਨ ਕਿ ਪੁਲਿਸ ਬਰਗਾੜੀ ਕਾਂਡ ਦੀ ਗੁੱਥੀ ਨਾ ਸੁਲਝਾਉਣ ਕਰਕੇ ਪੂਰੀ ਤਰ੍ਹਾਂ ਪ੍ਰੇਸ਼ਾਨ ਤੇ ਘਬਰਾਈ ਹੋਈ ਸੀ, ਉੱਪਰੋਂ ਸਰਕਾਰੀ ਤੇ ਗੈਰ-ਸਰਕਾਰੀ ਦਬਾਅ ਤੋਂ ਮੁਕਤ ਹੋਣ ਲਈ ਕਿਸੇ ਨਾ ਕਿਸੇ ਸਿਰ ਬੇਅਦਬੀ ਦੇ ਦੋਸ਼ ਮੜ੍ਹ ਕੇ ਆਪਣਾ ਖਹਿੜਾ ਛੁਡਾਉਣਾ ਚਾਹੁੰਦੀ ਸੀ ਪੁਲਿਸ ਦੀ ਹੜਬੜਾਹਟ ਉਦੋਂ ਵੀ ਜ਼ਾਹਿਰ ਹੁੰਦੀ ਹੈ।

ਜਦੋਂ ਉਹ 2015 ‘ਚ ਦੋ ਵਿਅਕਤੀਆਂ ਨੂੰ ਫੜਦੀ ਹੈ ਪਰ ਉਨ੍ਹਾਂ ਦੇ ਦੋਸ਼ੀ ਹੋਣ ਜਾਂ ਦੋਸ਼ੀ ਨਾ ਹੋਣ ਦੇ ਸ਼ਸ਼ੋਪੰਜ ਕਰਕੇ ਅਤੇ ਵਿਰੋਧ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੰਦੀ ਹੈ ਪੁਲਿਸ ਦੀ ਇਹ ਰਣਨੀਤੀ ਰਹੀ ਹੈ ਕਿ ਜੇਕਰ ਦੋਸ਼ੀ ਲੱਭਿਆ ਨਹੀਂ ਜਾਂਦਾ ਤਾਂ ਦਬਾਅ ਨੂੰ ਘਟਾਉਣ ਤੇ ਵਿਰੋਧ ਤੋਂ ਬਚਣ ਲਈ ‘ਦੋਸ਼ੀ ਪੈਦਾ ਕਰੋ’ ਫ਼ਿਰ ਜਾਂਚ ਦਾ ਕੁਹਾੜਾ ਚਲਦਾ ਹੈ ਜਿਸ ‘ਤੇ ਵੀ ਨਿਸ਼ਾਨਾ ਰੱਖ ਲਿਆ ਉਸਨੂੰ ਕੁੱਟ-ਕੁੱਟ ਕੇ ਨਾ ਕੀਤਾ ਹੋਇਆ ਵੀ ਹਰ ਗੁਨਾਹ ਕਬੂਲ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਕੁੱਟਿਆ ਮੁਲਜ਼ਮ ਹੀ ਨਹੀਂ ਜਾਂਦਾ ਉਸ ਦਾ ਭਰਾ, ਪਿਓ, ਪੁੱਤਰ ਵੀ ਰਗੜਿਆ ਜਾਂਦਾ ਹੈ ਕੁੱਟ-ਕੁੱਟ ਕੇ ਜਬਰੀ ਕਬੂਲ ਕਰਾਉਣ ਦਾ ਪੁਲਿਸ ਦਾ ਇਤਿਹਾਸ ਬਹੁਤ ਪੁਰਾਣਾ ਹੈ।

2015 ਦੀਆਂ ਘਟਨਾਵਾਂ ਦਾ ਸਾਜਿਸ਼ਕਾਰ ਭਾਵੇਂ ਕੋਈ ਵੀ ਹੋਵੇ

2015 ਦੀਆਂ ਘਟਨਾਵਾਂ ਦਾ ਸਾਜਿਸ਼ਕਾਰ ਭਾਵੇਂ ਕੋਈ ਵੀ ਹੋਵੇ ਉਸ ਨੂੰ ਸਭ ਤੋਂ ਆਸਾਨ ਕੰਮ ਇਹੀ ਨਜ਼ਰ ਆਇਆ ਹੋਵੇਗਾ ਕਿ ਇਹ ਦੋਸ਼ ਡੇਰਾ ਪ੍ਰੇਮੀਆਂ ਸਿਰ ਮੜ੍ਹ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਹ ਕੰਮ ਸਾਜਿਸ਼ ਤਹਿਤ ਹੋਇਆ ਸੀ ਪਹਿਲਾਂ ਡੇਰਾ ਪ੍ਰੇਮੀਆਂ ਦੇ ਨਾਂਅ ‘ਤੇ ਪੋਸਟਰ ਲਾਏ ਗਏ, ਜਿਨ੍ਹਾਂ ‘ਚ ਲਿਖਿਆ ਸੀ ਕਿ ਡੇਰਾ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਗੇ ਸਾਜਿਸ਼ਕਾਰ ਇਹ ਜਾਣਦਾ ਸੀ ਕਿ ਕਿਸੇ ਨੂੰ ਵੀ ਡੇਰਾ ਪ੍ਰੇਮੀਆਂ ‘ਤੇ ਲਾਏ ਗਏ ਝੂਠੇ ਦੋਸ਼ਾਂ ‘ਤੇ ਇਤਬਾਰ ਨਹੀਂ ਹੋਣਾ ਇਸ ਲਈ ਉਸਨੇ (ਸਾਜਿਸ਼ਕਾਰ) ਬੇਅਦਬੀ ਤੋਂ ਪਹਿਲਾਂ ਪੋਸਟਰਾਂ ‘ਚ ਡੇਰਾ ਪ੍ਰੇਮੀਆਂ ਦਾ ਜ਼ਿਕਰ ਕਰਕੇ ਆਪਣਾ ਕੰਮ ਪੱਕਾ ਕਰਨ ਦਾ ਕਾਲਾ ਕਾਰਨਾਮਾ ਕੀਤਾ।

ਕੁਝ ਘਟਨਾਵਾਂ ਦਾ ਕਾਰਨ ਗੁਰਦੁਆਰਿਆਂ ‘ਚ ਸੇਵਾ ਕਰ ਰਹੇ ਮੁਲਾਜ਼ਮਾਂ ਦੀ ਆਪਸੀ ਰੰਜਿਸ਼

ਬੇਅਦਬੀ ਦੀਆਂ ਘਟਨਾਵਾਂ ਵਾਪਰਨ, ਪੋਸਟਰ ਲੱਗਣ ‘ਤੇ ਡੇਰਾ ਪ੍ਰੇਮੀਆਂ ਨੇ ਨਾ ਸਿਰਫ਼ ਦੋਸ਼ਾਂ ਨੂੰ ਨਕਾਰਿਆ ਸਗੋਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਪਰ ਪੁਲਿਸ ਨੇ ਸਾਜਿਸ਼ਕਾਰੀ ਨੂੰ ਲੱਭਣ ਦੀ ਬਜਾਏ ਸਾਜਿਸ਼ਕਾਰੀ ਦੇ ਵਿਛਾਏ ਜਾਲ ਨੂੰ ਹੀ ਆਪਣੀ ਜਾਂਚ ਦਾ ਆਧਾਰ ਬਣਾ ਲਿਆ ਕਹਿਣ ਦਾ ਮਤਲਬ, ਜੋ ਸਾਜਿਸ਼ ਘੜਨ ਵਾਲੇ ਚਾਹੁੰਦੇ ਸਨ ਪੁਲਿਸ ਉਸੇ ਨੂੰ ਹੀ ਸਹੀ ਸਾਬਤ ਕਰਨ ਤੇ ਡੇਰਾ ਪ੍ਰੇਮੀਆਂ ਨੂੰ ਫਸਾਉਣ ਲਈ ਅੱਗੇ ਵਧਣ ਲੱਗੀ ਪੁਲਿਸ ਨੇ ਬਰਗਾੜੀ ਕਾਂਡ ਤੋਂ ਬਾਦ ਸੂਬੇ ਦੇ ਹੋਰਨਾਂ ਹਿੱਸਿਆਂ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਚ ਹੋਈਆਂ ਗ੍ਰਿਫ਼ਤਾਰੀਆਂ ‘ਤੇ ਵੀ ਸਟੱਡੀ ਨਹੀਂ ਕੀਤੀ ਇਨ੍ਹਾਂ ‘ਚੋਂ ਕੁਝ ਘਟਨਾਵਾਂ ਦਾ ਕਾਰਨ ਗੁਰਦੁਆਰਿਆਂ ‘ਚ ਸੇਵਾ ਕਰ ਰਹੇ ਮੁਲਾਜ਼ਮਾਂ ਦੀ ਆਪਸੀ ਰੰਜਿਸ਼ ਸੀ ਕਿਸੇ ਨੇ ਮੁਲਾਜ਼ਮ ਨੂੰ ਨੀਵਾਂ ਦਿਖਾਉਣ ਲਈ ਤੇ ਕਿਸੇ ਨੇ ਨਿੱਜੀ ਈਰਖਾਵੱਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਧਰਮ ਜਾਂ ਵਿਚਾਰਧਾਰਾ ਦੇ ਆਧਾਰ ‘ਤੇ ਬੇਅਦਬੀ ਦੀ ਘਟਨਾ ਪਿੱਛੇ ਕੋਈ ਮਾਮਲਾ ਹੀ ਨਹੀਂ ਸੀ।

ਪੰਜਾਬ ਦੇ ਡੇਰਾ ਸ਼ਰਧਾਲੂਆਂ ‘ਚ ਵੱਡੀ ਗਿਣਤੀ ਸਿੱਖ ਭਾਈਚਾਰਾ

ਦੂਜੇ ਪਾਸੇ ਜਿੱਥੋਂ ਤੱਕ ਡੇਰਾ ਸ਼ਰਧਾਲੂਆਂ ਦੀ ਵਿਚਾਰਧਾਰਾ, ਭਲਾਈ ਕਾਰਜਾਂ ਨਾਲ ਸਬੰਧਿਤ ਗਤੀਵਿਧੀਆਂ ਤੇ ਸਮਾਜਿਕ ਮੇਲ-ਜੋਲ ਦਾ ਸਬੰਧ ਹੈ ਡੇਰਾ ਸ਼ਰਧਾਲੂਆਂ ਤੇ ਸਿੱਖ ਭਾਈਚਾਰੇ ਨੂੰ ਵੱਖ ਕਰਨ ਦੀ ਗੁੰਜਾਇਸ਼ ਹੀ ਨਹੀਂ ਹੈ ਦੋਵੇਂ ਇੱਕ-ਦੂਜੇ ਦੇ ਵਿਆਹ-ਸ਼ਾਦੀਆਂ ਤੇ ਦੁੱਖ-ਸੁੱਖ ਦੇ ਸਮਾਗਮਾਂ ‘ਚ ਪਰਿਵਾਰਕ ਮੈਂਬਰਾਂ ਵਾਂਗ ਸ਼ਾਮਲ ਹੁੰਦੇ ਹਨ ਪੰਜਾਬ ਦੇ ਡੇਰਾ ਸ਼ਰਧਾਲੂਆਂ ‘ਚ ਵੱਡੀ ਗਿਣਤੀ ਸਿੱਖ ਭਾਈਚਾਰਾ ਹੈ ਜੋ ਸਿੱਖ ਧਰਮ ਦੀ ਮਰਿਆਦਾ ਤੇ ਸੱਭਿਆਚਾਰ ਨਾਲ ਅਟੁੱਟ ਰੂਪ ‘ਚ ਜੁੜਿਆ ਹੋਇਆ ਹੈ।

ਬਹੁਤ ਸਾਰੇ ਡੇਰਾ ਸ਼ਰਧਾਲੁ ਵਿਆਹ ਸ਼ਾਦੀਆਂ ਤੋਂ ਲੈ ਕੇ ਖੁਸ਼ੀ-ਗਮੀ ਦੇ ਹਰ ਮੌਕੇ ‘ਤੇ ਹੋਰ ਸਿੱਖ ਪਰਿਵਾਰਾਂ ਵਾਂਗ ਹੀ ਆਪਣੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿਚ ਹੀ ਕਰਦੇ ਹਨ ਪਿੰਡਾਂ-ਸ਼ਹਿਰਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਨਿਰਮਾਣ ‘ਚ ਡੇਰਾ ਪ੍ਰੇਮੀ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਆਏ ਹਨ ਪਰ ਕੁਝ ਸਿਆਸੀ ਤੇ ਗੈਰ-ਸਿਆਸੀ ਲੋਕਾਂ ਨੂੰ ਇਹ ਭਾਈਚਾਰਾ ਤੇ ਅਮਨ-ਚੈਨ ਹਜ਼ਮ ਨਹੀਂ ਹੋ ਰਿਹਾ ਸੀ ਜਿਸ ਦਾ ਸਬੂਤ 2007 ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਵੇਲੇ ਸਾਹਮਣੇ ਆਇਆ ਜਦੋਂ ਡੇਰਾ ਸ਼ਰਧਾਲੂਆਂ ਨੇ ਵਿਆਹ-ਸ਼ਾਦੀ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਅਕਾਲ ਚਲਾਣਾ ਕਰਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਮੰਗੀ।

ਪਰ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਨਾਂਹ ਕਰ ਦਿੱਤੀ ਗਈ ਜੇਕਰ ਉਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਰਿਸ਼ਤਾ ਨਾ ਹੁੰਦਾ ਤਾਂ ਉਹ ਆਪਣੇ ਪਰਿਵਾਰ ਦੇ ਜ਼ਰੂਰੀ ਕਾਰਜਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਉਂ ਮੰਗਦੇ? ਦਰਅਸਲ 2007 ਦੀਆਂ ਘਟਨਾਵਾਂ ਦੇ ਬਾਵਜ਼ੂਦ ਸਾਜਿਸ਼ਕਾਰੀਆਂ ਨੂੰ ਡੇਰਾ ਸ਼ਰਧਾਲੂਆਂ ਅਤੇ ਸਿੱਖ ਸੰਗਤ ਵਿਚਕਾਰ ਕਿਧਰੇ ਵੀ ਕੁੜੱਤਣ ਨਜ਼ਰ ਨਾ ਆਈ ਤਾਂ ਉਹਨਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਬਰਗਾੜੀ ਕਾਂਡ ਦੀ ਸਾਜਿਸ਼ ਘੜੀ ਤੰਗ ਸੋਚ ਵਾਲੇ ਲੋਕਾਂ ਵੱਲੋਂ ਸਮਾਜ ਵਿਚ ਫੁੱਟ ਪਾਉਣ ਲਈ ਬਰਗਾੜੀ ਕਾਂਡ ਦੀ ਸਾਜਿਸ਼ ਘੜ ਕੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਗਏ।

ਤੀਰ ਤੁੱਕੇ ਦੀ ਬਜਾਏ ਅਸਲੀ ਦੋਸ਼ੀ ਸਾਹਮਣੇ ਲਿਆਉਣ ਦੀ ਲੋੜ

ਕਰੋੜਾਂ ਅਮਨ ਪਸੰਦ ਪੰਜਾਬੀ ਡੇਰਾ ਸੱਚਾ ਸੌਦਾ ਤੇ ਡੇਰਾ ਸ਼ਰਧਾਲੂਆਂ ਦੇ ਵਿਚਾਰਾਂ, ਵਿਹਾਰਾਂ ਤੇ ਇਤਿਹਾਸ ਨੂੰ ਦੇਖਦੇ ਹੋਏ ਬੇਅਦਬੀ ਦੇ ਦੋਸ਼ਾਂ ਨੂੰ ਨਕਾਰ ਰਹੇ ਹਨ ਪੰਜਾਬ ਦੇ ਸਿਆਸਤਦਾਨ ਅਤੇ ਪੁਲਿਸ ਦੇ ਉੱਚ ਅਫ਼ਸਰ ਹਵਾ ‘ਚ ਤਲਵਾਰਾਂ ਮਾਰਨ ਦੀ ਬਜਾਏ ਬਰਗਾੜੀ ਕਾਂਡ ਦੀ ਜਾਂਚ ਗੰਭੀਰਤਾ ਨਾਲ ਕਰਨ ਅਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲੋੜ ਹੈ ਪੰਜਾਬ ਦੇ ਭਲੇ ਲਈ ਜ਼ਮੀਰ ਨੂੰ ਜਗਾਉਣ ਦੀ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ।

ਤਿਲਕਰਾਜ ਸ਼ਰਮਾ