ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ!

ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਸਾਡਾ ਬਚਪਨ ਆਪਣੇ ਜੋਬਨ ‘ਤੇ ਸੀ ਬਚਪਨ ਜਿੰਦਗੀ ਦਾ ਉਹ ਹੁਸੀਨ ਸਮਾਂ ਹੁੰਦਾ ਹੈ ਜੋ ਬੇਫਿਕਰੀ ਤੇ ਬੇਪਰਵਾਹੀ ਨਾਲ ਭਰਿਆ ਹੁੰਦਾ ਹੈ। ਅੱਜ ਉਹ ਬਚਪਨ ਸੁਫ਼ਨਾ ਬਣ ਕੇ ਰਹਿ ਗਿਆ ਹੈ। ਪਿੰਡੋਂ ਦੂਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਅਸੀਂ ਪੈਦਲ ਜਾਂ ਸਾਈਕਲਾਂ ‘ਤੇ ਜਾਂਦੇ ਹੁੰਦੇ ਸਾਂ। ਸਕੂਲ ਵਿੱਚ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਉਹਨਾਂ ਤੋਂ ਡਰਦੇ ਵੀ ਬੜੇ ਸਾਂ। ਜਦ ਕਦੇ ਬਜ਼ਾਰ ਵਿੱਚ ਕਿਸੇ ਅਧਿਆਪਕ, ਅਧਿਆਪਕਾ ਨੇ ਮਿਲ ਜਾਣਾ ਤਾਂ ਝੱਟ ਮੰਮੀ ਦੇ ਉਹਲੇ ਹੋ ਜਾਣਾ, ਕਿ ਕਿਧਰੇ ਅਧਿਆਪਕ ਸਾਨੂੰ ਵੇਖ ਨਾ ਲਏ।

ਜਦ ਥੋੜ੍ਹੇ ਵੱਡੇ ਹੋਏ ਤਾਂ ਸਤਿਕਾਰ ਸਹਿਤ ਸਿਰ ਝੁਕਾ ਕੇ ਪ੍ਰਣਾਮ ਕਰਨਾ। ਅੱਜ-ਕੱਲ੍ਹ ਦੇ ਬੱਚੇ ਆਪਣੇ ਟੀਚਰਾਂ ਨਾਲ ਵਟਸਐਪ ਤੇ ਫੇਸਬੁੱਕ ‘ਤੇ ਜੁੜੇ ਹੋਏ ਹਨ, ਪਰ ਅਧਿਆਪਕ ਦਾ ਸਤਿਕਾਰ ਪਹਿਲਾਂ ਨਾਲੋਂ ਬਹੁਤ ਘਟਿਆ ਹੈ। ਦੁਪਹਿਰੇ ਸਕੂਲੋਂ ਪਰਤ ਕੇ ਵਿਹੜੇ ਵਿੱਚ ਲੱਗੀਆਂ ਨਿੰਮਾਂ ਅਤੇ ਕਿੱਕਰਾਂ ਦੀ ਛਾਂਵੇਂ ਬੈਠ ਕੇ ਸਕੂਲ ਦਾ ਕੰਮ ਕਰਦੇ ਰਹਿੰਦੇ। ਜ਼ਿਆਦਾ ਗਰਮੀ ਹੋਣੀ ਤਾਂ ਸਾਰਾ ਪਰਿਵਾਰ ਮੇਜ Àੁੱਤੇ ਰੱਖਣ ਵਾਲੇ ‘ਟੇਬਲ ਫੈਨ’ ਦੀ ਹਵਾ ਦਾ ਲੁਤਫ ਲੈਂਦਾ, ਜੋ ਚਾਰੇ ਪਾਸੇ ਆਪਣਾ ਮੂੰਹ ਘੁਮਾ-ਘੁਮਾ ਕੇ ਹਵਾ ਦਿੰਦਾ ਸੀ। ਵਿਹੜੇ ਵਿੱਚ ਲੱਗੇ ਦਰੱਖਤ ਪਰਿਵਾਰਕ ਸਾਂਝ ਨੂੰ ਪਕੇਰਾ ਕਰਨ ਵਿੱਚ ਅਹਿਮ ਯੋਗਦਾਨ ਦਿੰਦੇ ਸਨ। ਜਦ ਕਦੇ ਬਿਜਲੀ ਗੁੱਲ ਹੋ ਜਾਂਦੀ ਤਾਂ ਝਾਲਰਾਂ ਵਾਲੀਆਂ ਪੱਖੀਆਂ ਤੇ ਬੈਂਤ ਦੇ ਪੱਖਿਆਂ ਦੀ ਝੱਲ ਸਾਹਮਣੇ ਗਰਮੀ ਮਿੰਟਾਂ ਵਿੱਚ ਕਾਫੂਰ ਹੋ ਜਾਂਦੀ। ਕਿਸੇ ਸਰਦੇ-ਪੁੱਜਦੇ ਘਰ ਜਾਂ ਸ਼ਹਿਰੀਆਂ ਦੇ ਘਰਾਂ ਵਿੱਚ ਕੂਲਰ ਹੁੰਦੇ। ਏ. ਸੀ. ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ।

ਉਦੋਂ ਤਪਸ਼ ਵੀ ਇੰਨੀ ਨਹੀਂ ਸੀ ਪੈਂਦੀ। ਤ੍ਰਿਕਾਲਾਂ ਪੈਣ ਸਾਰ ਅਸੀਂ ਸਾਰਿਆਂ ਨੇ ਰਲ ਕੇ ਕੋਟਲਾ ਛਪਾਕੀ, ਬਾਂਦਰ ਕਿੱਲਾ, ਗੁੱਲੀ-ਡੰਡਾ, ਕੜਾਹਾ ਟੱਪ ਵਰਗੀਆਂ ਖੇਡਾਂ ਖੇਡਣੀਆਂ। ਕੁੜੀਆਂ ਗੀਟੇ ਅਤੇ ਪੀਚੋ ਖੇਡਿਆ ਕਰਦੀਆਂ। ਅਲਬੇਲੇਪਣ ਦੇ ਵੇਗ ਵਿੱਚ ਖੇਡਦਿਆਂ-ਖੇਡਦਿਆਂ ਪਤਾ ਹੀ ਨਾ ਲੱਗਦਾ, ਕਦੋਂ ਰਾਤ ਪੈ ਜਾਂਦੀ ਸੀ। ਘਰ ਪਰਤ ਕੇ ਰੋਟੀ-ਟੁੱਕ ਖਾਣ ਸਾਰ ਅਸੀਂ ਸਾਰੇ ਭੈਣ-ਭਰਾਵਾਂ ਨੇ ਦਾਦੀ ਦੁਆਲੇ ਝੁਰਮਟ ਪਾ ਲੈਣਾ ਤੇ ਬਾਤ ਸੁਣਨ ਦੀ ਜ਼ਿੱਦ ਕਰਨੀ। ਤਾਰਿਆਂ ਦੀ ਚਾਦਰ ਵਾਲੀ ਚੰਨ-ਚਾਨਣੀ ਰਾਤ ਵਿੱਚ ਸਾਰੇ ਟੱਬਰ ਨੇ ਦੇਰ ਰਾਤ ਤੱਕ ਗੱਲਾਂ-ਬਾਤਾਂ ਤੇ ਹਾਸਾ-ਠੱਠਾ ਕਰਦੇ ਰਹਿਣਾ। ਸਾਰੇ ਜੀਆਂ ਦੇ ਮੰਜੇ ਵਿਹੜੇ ਵਿੱਚ ਕਤਾਰ ਵਿੱਚ ਡਾਹੇ ਹੁੰਦੇ। ਅੱਜ ਵਾਂਗ ਹਰੇਕ ਜੀਅ ਦਾ ਵੱਖਰਾ-ਵੱਖਰਾ ਕਮਰਾ ਨਹੀਂ ਸੀ ਹੁੰਦਾ।

ਸਵੇਰੇ ਫਿਰ ਚਿੜੀ ਚਹਿਕਦੀ ਨਾਲ ਉੱਠ ਖੜੋਣਾ ਤੇ ਮਾਂ ਨੇ ਚੁੱਲ੍ਹੇ ‘ਤੇ ਚਾਹ ਧਰ ਕੇ ਚਾਟੀ ਵਿੱਚ ਮਧਾਣੀ ਪਾ ਦੇਣੀ। ਮਧਾਣੀ ਦੀ ਆਵਾਜ਼ ਤੇ ਚਿੜੀਆਂ ਦੀ ਚਹਿਕ ਇੱਕ ਸੁਰ ਹੋ ਕੇ ਇੱਕ ਨਵਾਂ ਰਾਗ ਛੇੜ ਰਹੇ ਪ੍ਰਤੀਤ ਹੁੰਦੇ।ਉਹਨਾਂ ਸਮਿਆਂ ਵਿੱਚ ਬਲੈਕ ਐਂਡ ਵ੍ਹਾਈਟ ਟੀ. ਵੀ. ਹੁੰਦੇ ਸਨ ਅਤੇ ਟੀ. ਵੀ. ‘ਤੇ ਇਕਲੌਤਾ ਚੈਨਲ ਡੀ.ਡੀ. ਨੈਸ਼ਨਲ ਤੇ ਜਲੰਧਰ ਦੂਰਦਰਸ਼ਨ ਚਲਦਾ ਹੁੰਦਾ। ਅੱਜ ਵਾਂਗ ਹਜ਼ਾਰ-ਹਜ਼ਾਰ ਚੈਨਲ ਨਹੀਂ ਸੀ ਚਲਦੇ। ਸ਼ਨੀਵਾਰ ਅੱਧੀ ਛੁੱਟੀ ਸਾਰੀ ਹੋ ਜਾਂਦੀ ਤਾਂ ਅਸੀਂ ਸਾਰੇ ਜਣੇ ਕਿਸੇ ਇੱਕ ਆੜੀ ਦੇ ਘਰ ਬੈਠ ਕੇ ਟੈਲੀਵਿਜ਼ਨ ਵੇਖਦੇ, ਰੰਗੀਨ ਟੀ. ਵੀ. ਕਿਸੇ ਦੇ ਘਰ ਨਹੀਂ ਸੀ ਹੁੰਦਾ। ਐਤਵਾਰ ਨੂੰ ਰਮਾਇਣ, ਚੰਦਰਕਾਂਤਾ ਤੇ ਮਹਾਂਭਾਰਤ ਪ੍ਰੋਗਰਾਮ ਚਲਦੇ। ਜਲੰਧਰ ਦੂਰਦਰਸ਼ਨ ਦੇ ਲਿਸ਼ਕਾਰੇ ਦੀ ਸਾਰੇ ਟੱਬਰ ਨੂੰ ਈਦ ਦੇ ਚੰਨ ਵਾਂਗ ਉਡੀਕ ਰਹਿੰਦੀ। ਜਦੋਂ ਕਿਸੇ ਰਿਸ਼ਤੇਦਾਰ ਨੇ ਘਰ ਆ ਜਾਣਾ ਤਾਂ ਖੁਸ਼ੀ ਦੂਣੀ-ਚੌਣੀ ਹੋ ਜਾਂਦੀ।

ਮਹਿਮਾਨ ਦੇ ਆਉਣ ਦੀ ਅਗਾਊਂ ਸੂਚਨਾ ਬਨੇਰੇ ‘ਤੇ ਬੋਲਦੇ ਕਾਂ ਤੋਂ ਮਿਲਦੀ ਸੀ। ਅੱਜ ਵਾਂਗ ਮੋਬਾਇਲ ਫੋਨ ਤੋਂ ਨਹੀਂ। ਕਿਸੇ ਵਿਰਲੇ ਟਾਵੇਂ ਘਰੇ ਲੈਂਡਲਾਈਨ ਫੋਨ ਹੁੰਦਾ। ਨਾਨੀ, ਮਾਸੀ, ਮਾਮੀ, ਮਾਮੇ ਕਈ-ਕਈ ਦਿਨ ਰਹਿ ਕੇ ਜਾਂਦੇ। ਅੱਜ-ਕੱਲ੍ਹ ਤਾਂ ਜੇ ਕੋਈ ਇੱਕ ਰਾਤ ਰਹਿ ਪਵੇ ਤਾਂ ਸਾਡਾ ਰੁਟੀਨ ਤਹਿਸ-ਨਹਿਸ ਹੋ ਜਾਂਦਾ ਹੈ। ਸਾਉਣ ਦੇ ਮਹੀਨੇ ਕਈ-ਕਈ ਦਿਨ ਝੜੀ ਲੱਗੀ ਰਹਿੰਦੀ। ਬਰਸਾਤ ਦੇ ਪਾਣੀ ਵਿੱਚ ਕਿਸ਼ਤੀਆਂ ਤਾਰਨੀਆਂ, ਖੀਰ-ਪੂੜੇ ਖਾਣੇ, ਗਰਮੀਆਂ ਵਿੱਚ ਨਲਕਾ ਗੇੜ-ਗੇੜ ਕੇ ਨਹਾਉਣਾ ਤੇ ਪਸ਼ੂਆਂ ਨੂੰ ਪਾਣੀ ਪਿਆਉਣਾ। ਜਿਵੇਂ-ਜਿਵੇਂ ਨਲਕਾ ਗਿੜਦਾ, ਪਾਣੀ ਹੋਰ ਠੰਢਾ-ਠਾਰ ਹੁੰਦਾ ਜਾਂਦਾ। ਰੱਜ-ਰੱਜ ਕੇ ਨਲਕੇ ਦਾ ਪਾਣੀ ਪੀਣਾ। ਫਿਲਟਰ ਦਾ ਉਦੋਂ ਚਲਣ ਨਹੀਂ ਸੀ। ਧਰਤੀ ਹੇਠਲਾ ਪਾਣੀ ਲੋਕਾਂ ਦੇ ਮਨਾਂ ਵਾਂਗ ਹੀ ਸਾਫ ਤੇ ਸ਼ੁੱਧ ਸੀ।

ਘਰ ਕੱਚੇ ਸੀ, ਪਰ ਰਿਸ਼ਤੇ ਪੱਕੇ ਸੀ।ਹੁਣ ਜਦੋਂ ਕਦੇ ਬਚਪਨ ਦੀ ਝਾਕੀ ਅੱਖਾਂ ਅੱਗੇ ਆ ਜਾਂਦੀ ਹੈ ਤਾਂ ਮਨ ਬਚਪਨ ਵਿੱਚ ਜਾਣ ਲਈ ਵਿਆਕੁਲ ਹੋ ਉੱਠਦਾ ਹੈ। ਆਪਣੇ ਬਚਪਨ ਦੀ ਤੁਲਨਾ ਜਦੋਂ ਅੱਜ-ਕੱਲ੍ਹ ਦੇ ਬੱਚਿਆਂ ਨਾਲ ਕਰਦੇ ਹਾਂ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਬੱਚਿਆਂ ਦਾ ਬਚਪਨ ਅੰਕਾਂ ਦੀ ਹੋੜ ਨੇ ਖੋਹ ਲਿਆ ਹੋਵੇ। ਬਸਤਿਆਂ ਦੇ ਬੋਝ ਥੱਲੇ ਦੱਬਿਆ ਬਚਪਨ ਹੋਮਵਰਕ ਤੇ ਟਿਊਸ਼ਨਾਂ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ। ਸਰੀਰਕ ਖੇਡਾਂ ਖੇਡਣ ਦੀ ਤਾਂ ਬੱਚਿਆਂ ਕੋਲ ਵਿਹਲ ਹੀ ਨਹੀਂ ਹੈ। ਮੋਬਾਇਲ ਗੇਮਾਂ, ਵੀਡੀਓ ਗੇਮਾਂ ਨੇ ਅਜੋਕੇ  ਬਚਪਨ ਨੂੰ ਨਿਰਬਲ ਤੇ ਆਲਸੀ ਬਣਾ ਦਿੱਤਾ ਹੈ।

ਪੁਰਾਤਨ ਲੋਕ ਖੇਡਾਂ ਦੇ ਤਾਂ ਇਹਨਾਂ ਨੂੰ ਨਾਂਅ ਵੀ ਨਹੀਂ ਪਤਾ, ਪਰ ਮੋਬਾਈਲ ਗੇਮਾਂ ਤੇ ਕਾਰਟੂਨ ਸ਼ੋਆਂ ਦੇ ਨਾਂਅ ਇਹਨਾਂ ਨੂੰ ਸਾਰੇ ਯਾਦ ਹਨ। ਬੱਚਿਆਂ ਨੂੰ ਆਪਣਾ ਵਿਹਲਾ ਸਮਾਂ ਖੇਡ-ਮੱਲ੍ਹ ਕੇ ਤੇ ਨੱਚ-ਟੱਪ ਕੇ ਬਿਤਾਉਣਾ ਚਾਹੀਦਾ ਹੈ। ਕਿਉਂਕਿ ਇਹ ਵੇਲਾ ਦੁਬਾਰਾ ਨਹੀਂ ਮਿਲਣਾ। ਕਿਸੇ ਨੇ ਠੀਕ ਹੀ ਤਾਂ ਕਿਹਾ ਹੈ, ਬਚਪਨ ਵਰਗੀ ਮੌਜ ਨਹੀਂ ਲੱਭਣੀ ਜ਼ਿੰਦਗੀ ਸਾਰੀ ‘ਚੋਂ।