Violent Protests in Europe: ਲੋਕ-ਅਸਹਿਮਤੀ ਦਾ ਹੱਲ ਗੱਲਬਾਤ ਨਾਲ ਹੋਵੇ, ਹਿੰਸਾ ਨਾਲ ਨਹੀਂ
ਲੋਕ-ਅਸਹਿਮਤੀ ਦਾ ਹੱਲ ਗੱਲਬਾਤ ਨਾਲ ਹੋਵੇ, ਹਿੰਸਾ ਨਾਲ ਨਹੀਂ
ਲੋਕਤੰਤਰ ’ਚ ਵਿਰੋਧ ਪ੍ਰਦਰਸ਼ਨ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਜ਼ਰੀਆ ਹਨ। ਜਦੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਨੀਤੀਆਂ ਸਬੰਧੀ ਅਸੰਤੁਸ਼ਟੀ (ਬੇਭਰੋਸਗੀ) ਵਧਦੀ ਹੈ ਜਾਂ ਸਰਕਾਰ ਅਤੇ ਨਾਗਰਿਕਾਂ ਵਿਚਕਾਰ ਗੱਲਬਾਤ ਕਮਜ਼ੋਰ ਪੈ ਜਾਂਦੀ ਹੈ, ਤਾਂ ਵਿਰੋਧ ਦਾ ਸਾਹਮਣੇ ਆਉਣਾ ਸੁਭਾਵਿਕ ਹੈ। ਪਰ ਜਦੋਂ ਇਹੀ ਵਿਰੋਧ ਹਿੰਸਾ, ਸਾੜ-ਫੂਕ, ਭੰਨ੍ਹ-ਤੋੜ ਅਤੇ ਪੁਲਿਸ ਨਾਲ ਟਕਰਾਅ ’ਚ ਬਦਲ ਜਾਂਦਾ ਹੈ।
ਤਾਂ ਇਸ ਦਾ ਅਸਰ ਲੋਕਤੰਤਰੀ ਪ੍ਰਬੰਧਾਂ ਅਤੇ ਸਮਾਜਿਕ ਸ਼ਾਂਤੀ ’ਤੇ ਪੈਣ ਲੱਗਦਾ ਹੈ। ਯੂਰਪ ਦੇ ਵੱਖ-ਵੱਖ ਦੇਸ਼ਾਂ ’ਚ ਸਮੇਂ-ਸਮੇਂ ’ਤੇ ਵਾਪਰੀਆਂ ਹਿੰਸਕ ਘਟਨਾਵਾਂ ਭਾਰਤ ਲਈ ਵੀ ਕਈ ਮਹੱਤਵਪੂਰਨ ਸਬਕ ਪੇਸ਼ ਕਰਦੀਆਂ ਹਨ। ਹਾਲਾਂਕਿ ਯੂਰਪ ਦੀਆਂ ਸਾਰੀਆਂ ਘਟਨਾਵਾਂ ਨੂੰ ਇੱਕੋ ਨਜ਼ਰੀਏ ਨਾਲ ਦੇਖਣਾ ਸਹੀ ਨਹੀਂ ਹੈ। ਫਰਾਂਸ ’ਚ ਪੈਨਸ਼ਨ ਸੁਧਾਰਾਂ ਦਾ ਵਿਰੋਧ, ਕਿਸਾਨਾਂ ਦਾ ਅੰਦੋਲਨ ਅਤੇ ਬ੍ਰਿਟੇਨ ’ਚ ਹੋਏ ਦੰਗਿਆਂ ਪਿੱਛੇ ਵੱਖ-ਵੱਖ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤ ਰਹੇ ਹਨ। ਇਸ ਲਈ ਇਨ੍ਹਾਂ ਦੇ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਸਭ ਤੋਂ ਪਹਿਲਾ ਸਬਕ ਇਹ ਹੈ ਕਿ ਸਰਕਾਰਾਂ ਨੂੰ ਲੋਕਾਂ ਦੀ ਅਸੰਤੁਸ਼ਟੀ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਅਸਮਾਨਤਾ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਸਮਾਜਿਕ ਵਿਤਕਰੇ ਵਰਗੇ ਮੁੱਦੇ ਲੋਕਾਂ ’ਚ ਨਰਾਜ਼ਗੀ ਪੈਦਾ ਕਰਦੇ ਹਨ। ਜਦੋਂ ਨਾਗਰਿਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਹੈ, ਤਾਂ ਵਿਵਸਥਾ ਪ੍ਰਤੀ ਉਨ੍ਹਾਂ ਦਾ ਭਰੋਸਾ ਕਮਜ਼ੋਰ ਹੋਣ ਲੱਗਦਾ ਹੈ। ਭਾਰਤ ਵਰਗੇ ਵਿਸ਼ਾਲ ਅਤੇ ਵਿਭਿੰਨਤਾ ਭਰੇ ਦੇਸ਼ ’ਚ ਇਹ ਚੁਣੌਤੀ ਹੋਰ ਵੀ ਮਹੱਤਵਪੂਰਨ ਹੈ। ਇੱਥੇ ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਸਮਾਜਿਕ ਵਰਗਾਂ ਦੀਆਂ ਉਮੀਦਾਂ ਵੀ ਵੱਖ-ਵੱਖ ਹਨ।
ਸਰਕਾਰਾਂ ਨੂੰ ਨੀਤੀਆਂ ਬਣਾਉਂਦੇ ਸਮੇਂ ਲੋਕਾਂ ਦੀ ਸਲਾਹ ਨੂੰ ਮਹੱਤਵ ਦੇਣਾ ਚਾਹੀਦਾ ਹੈ। ਸਮੇਂ ਸਿਰ ਗੱਲਬਾਤ ਅਤੇ ਸ਼ਿਕਾਇਤਾਂ ਦਾ ਹੱਲ ਕਈ ਵਾਰ ਵਿਰੋਧ ਨੂੰ ਤਿੱਖਾ ਰੂਪ ਧਾਰਨ ਕਰਨ ਤੋਂ ਰੋਕ ਸਕਦਾ ਹੈ। ਹਾਲਾਂਕਿ ਹਰ ਹਿੰਸਕ ਘਟਨਾ ਪਿੱਛੇ ਸਰਕਾਰੀ ਨੀਤੀਆਂ ਦੀ ਨਾਕਾਮੀ ਹੀ ਜ਼ਿੰਮੇਵਾਰ ਨਹੀਂ ਹੁੰਦੀ। ਅਫ਼ਵਾਹਾਂ, ਰਾਜਨੀਤਿਕ ਉਕਸਾਵੇ, ਅਪਰਾਧਿਕ ਗਤੀਵਿਧੀਆਂ ਅਤੇ ਸਮਾਜਿਕ ਤਣਾਅ ਵੀ ਹਿੰਸਾ ਨੂੰ ਤੂਲ ਦੇ ਸਕਦੇ ਹਨ। ਲੋਕਤੰਤਰ ਨਾਗਰਿਕਾਂ ਨੂੰ ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈ। ਸ਼ਾਂਤਮਈ ਧਰਨੇ, ਪ੍ਰਦਰਸ਼ਨ ਅਤੇ ਜਨਤਕ ਬਹਿਸ ਇਸੇ ਅਧਿਕਾਰ ਦਾ ਹਿੱਸਾ ਹਨ।
ਪਰ ਵਿਰੋਧ ਦੇ ਨਾਂਅ ’ਤੇ ਦੁਕਾਨਾਂ ’ਚ ਲੁੱਟ-ਮਾਰ ਕਰਨਾ, ਵਾਹਨਾਂ ਨੂੰ ਅੱਗ ਲਾਉਣਾ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਵੀ ਅੰਦੋਲਨ ਦੀ ਜਾਇਜ਼ਤਾ ਉਸ ਦੀਆਂ ਮੰਗਾਂ ਅਤੇ ਸ਼ਾਂਤਮਈ ਵਿਹਾਰ ਨਾਲ ਤੈਅ ਹੁੰਦੀ ਹੈ, ਨਾ ਕਿ ਹਿੰਸਾ ਨਾਲ। ਯੂਰਪ ਦੀਆਂ ਘਟਨਾਵਾਂ ਇਹ ਵੀ ਦੱਸਦੀਆਂ ਹਨ ਕਿ ਹਿੰਸਕ ਪ੍ਰਦਰਸ਼ਨਾਂ ਦਾ ਸਭ ਤੋਂ ਵੱਧ ਨੁਕਸਾਨ ਆਮ ਨਾਗਰਿਕਾਂ ਨੂੰ ਝੱਲਣਾ ਪੈਂਦਾ ਹੈ। ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਜਨਤਕ ਆਵਾਜਾਈ ’ਚ ਰੁਕਾਵਟ ਪੈਂਦੀ ਹੈ ਅਤੇ ਛੋਟੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਸੰਕਟ ’ਚ ਪੈ ਜਾਂਦੀ ਹੈ।
ਜਿਨ੍ਹਾਂ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਨਾਂਅ ’ਤੇ ਅੰਦੋਲਨ ਕੀਤਾ ਜਾਂਦਾ ਹੈ, ਕਈ ਵਾਰ ਉਹੀ ਲੋਕ ਹਿੰਸਾ ਦਾ ਖ਼ਮਿਆਜ਼ਾ ਭੁਗਤਦੇ ਹਨ। ਭਾਰਤ ’ਚ ਵੀ ਅੰਦੋਲਨਾਂ ਦੀ ਸਫਲਤਾ ਦਾ ਮੁਲਾਂਕਣ ਭੀੜ ਦੇ ਆਕਾਰ ਨਾਲ ਨਹੀਂ, ਸਗੋਂ ਉਨ੍ਹਾਂ ਦੀਆਂ ਮੰਗਾਂ ਦੀ ਉਚਿੱਤਤਾ ਅਤੇ ਉਨ੍ਹਾਂ ਤੋਂ ਨਿੱਕਲੇ ਸਕਾਰਾਤਮਕ ਨਤੀਜਿਆਂ ਨਾਲ ਹੋਣਾ ਚਾਹੀਦਾ ਹੈ। ਸੂਚਨਾ ਦੇ ਪ੍ਰਸਾਰ ਦੇ ਬਦਲਦੇ ਮਾਧਿਅਮਾਂ ਨੇ ਇਸ ਚੁਣੌਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਅੱਜ ਕਿਸੇ ਘਟਨਾ ਦੀ ਵੀਡੀਓ ਕੁਝ ਹੀ ਮਿੰਟਾਂ ’ਚ ਲੱਖਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਇਸ ਨਾਲ ਜਨਤਕ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਅਤੇ ਲੋਕਾਂ ਨੂੰ ਇਕੱਠੇ ਕਰਨ ’ਚ ਮੱਦਦ ਮਿਲਦੀ ਹੈ।
ਦੂਜੇ ਪਾਸੇ, ਪੁਰਾਣੀਆਂ ਵੀਡੀਓਜ਼ ਨੂੰ ਨਵੀਂ ਘਟਨਾ ਦੱਸ ਕੇ ਪ੍ਰਸਾਰਿਤ ਕਰਨਾ, ਗੁੰਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣਾ ਅਤੇ ਲੋਕਾਂ ਨੂੰ ਭੜਕਾਉਣਾ ਵੀ ਸੌਖਾ ਹੋ ਗਿਆ ਹੈ। ਤਣਾਅਪੂਰਨ ਹਾਲਾਤਾਂ ’ਚ ਬਿਨਾਂ ਪੁਸ਼ਟੀ ਕੀਤੀਆਂ ਸੂਚਨਾਵਾਂ ਹਿੰਸਾ ਨੂੰ ਵਧਾ ਸਕਦੀਆਂ ਹਨ। ਇਸ ਲਈ ਨਾਗਰਿਕਾਂ ਨੂੰ ਕਿਸੇ ਵੀ ਖ਼ਬਰ ਜਾਂ ਵੀਡੀਓ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਨੂੰ ਵੀ ਸਮੇਂ ਸਿਰ ਸਹੀ ਜਾਣਕਾਰੀ ਦੇ ਕੇ ਅਫ਼ਵਾਹਾਂ ਦਾ ਖੰਡਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਜਾਇਜ਼ ਆਲੋਚਨਾ ਉੱਤੇ ਬੇਲੋੜੀਆਂ ਪਾਬੰਦੀਆਂ ਲਾਉਣ ਤੋਂ ਬਚਣਾ ਵੀ ਜ਼ਰੂਰੀ ਹੈ।
ਹਿੰਸਕ ਪ੍ਰਦਰਸ਼ਨਾਂ ਦੌਰਾਨ ਪੁਲਿਸ ਦੀ ਭੂਮਿਕਾ ਵੀ ਚੁਣੌਤੀ ਭਰੀ ਹੁੰਦੀ ਹੈ। ਕਾਨੂੰਨ-ਵਿਵਸਥਾ ਬਣਾਈ ਰੱਖਣਾ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਉਸ ਦੀ ਜ਼ਿੰਮੇਵਾਰੀ ਹੈ। ਹਿੰਸਾ, ਸਾੜ-ਫੂਕ ਅਤੇ ਲੁੱਟ-ਮਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਪੁਲਿਸ ਦੀ ਕਾਰਵਾਈ ਨਿਰਪੱਖ, ਸੰਜਮਪੂਰਨ ਅਤੇ ਹਾਲਾਤਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਸ਼ਾਂਤਮਈ ਪ੍ਰਦਰਸ਼ਨਕਾਰੀਆਂ ਅਤੇ ਹਿੰਸਾ ਕਰਨ ਵਾਲਿਆਂ ਵਿਚਕਾਰ ਫ਼ਰਕ ਕਰਨਾ ਬਹੁਤ ਜ਼ਰੂਰੀ ਹੈ। ਰਾਜਨੀਤਿਕ ਪਾਰਟੀਆਂ ਦੀ ਜ਼ਿੰਮੇਵਾਰੀ ਵੀ ਕਿਸੇ ਪੱਖੋਂ ਘੱਟ ਨਹੀਂ ਹੈ।
ਵਿਰੋਧੀ ਧਿਰ ਦਾ ਕੰਮ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨਾ ਅਤੇ ਲੋਕਾਂ ਦੇ ਮੁੱਦੇ ਉਠਾਉਣਾ ਹੈ, ਜਦਕਿ ਸੱਤਾਧਾਰੀ ਧਿਰ ਨੂੰ ਅਸਹਿਮਤੀ ਦਾ ਸਨਮਾਨ ਕਰਦਿਆਂ ਗੱਲਬਾਤ ਬਣਾਈ ਰੱਖਣੀ ਚਾਹੀਦੀ ਹੈ। ਰਾਜਨੀਤਿਕ ਲਾਭ ਲਈ ਵਿਵਾਦਾਂ ਨੂੰ ਭੜਕਾਉਣਾ ਜਾਂ ਹਿੰਸਾ ਕਰਨ ਵਾਲਿਆਂ ਪ੍ਰਤੀ ਪੱਖਪਾਤੀ ਰਵੱਈਆ ਅਪਣਾਉਣਾ ਲੋਕਤੰਤਰੀ ਰਵਾਇਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਾਰੀਆਂ ਪਾਰਟੀਆਂ ਨੂੰ ਆਪਣੇ ਸਮੱਰਥਕਾਂ ਤੋਂ ਸ਼ਾਂਤਮਈ ਵਿਹਾਰ ਦੀ ਉਮੀਦ ਕਰਨੀ ਚਾਹੀਦੀ ਹੈ। ਹਿੰਸਾ ਕਿਸੇ ਵੀ ਪੱਖ ਵੱਲੋਂ ਹੋਵੇ, ਉਸ ਵਿਰੁੱਧ ਇੱਕੋ-ਜਿਹੀ ਕਾਰਵਾਈ ਹੋਣੀ ਚਾਹੀਦੀ ਹੈ। ਯੂਰਪ ਦੀਆਂ ਘਟਨਾਵਾਂ ਤੋਂ ਭਾਰਤ ਲਈ ਸਭ ਤੋਂ ਵੱਡਾ ਸੁਨੇਹਾ ਇਹੀ ਹੈ ਕਿ ਲੋਕਤੰਤਰ ਦੀ ਮਜ਼ਬੂਤੀ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੁੰਦੀ।
ਇਸ ਦਾ ਆਧਾਰ ਨਾਗਰਿਕਾਂ ਦਾ ਭਰੋਸਾ, ਸੰਸਥਾਵਾਂ ਦੀ ਨਿਰਪੱਖਤਾ, ਅਸਹਿਮਤੀ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਕਾਨੂੰਨ ਦੀ ਬਰਾਬਰ ਪਾਲਣਾ ਹੈ। ਸਰਕਾਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਹੋਵੇਗਾ, ਪੁਲਿਸ ਨੂੰ ਸੰਜਮ ਅਤੇ ਨਿਰਪੱਖਤਾ ਅਪਣਾਉਣੀ ਹੋਵੇਗੀ ਅਤੇ ਨਾਗਰਿਕਾਂ ਨੂੰ ਅਫ਼ਵਾਹਾਂ ਤੇ ਉਕਸਾਵੇ ਤੋਂ ਬਚਣਾ ਹੋਵੇਗਾ। ਭਾਰਤ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਅਤੇ ਗੱਲਬਾਤ ਦੀ ਪਰੰਪਰਾ ’ਚ ਹੈ। ਅਸਹਿਮਤੀ ਨੂੰ ਸੁਣਨਾ ਅਤੇ ਕਿਸੇ ਵੀ ਹਾਲਤ ’ਚ ਹਿੰਸਾ ਨੂੰ ਜਾਇਜ਼ ਨਾ ਠਹਿਰਾਉਣਾ ਹੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਰਾਹ ਹੈ। ਕਿਸੇ ਵੀ ਅੰਦੋਲਨ ਦਾ ਮਕਸਦ ਪ੍ਰਬੰਧਾਂ ’ਚ ਸੁਧਾਰ ਲਿਆਉਣਾ ਹੋਣਾ ਚਾਹੀਦਾ ਹੈ, ਨਾ ਕਿ ਉਸ ਨੂੰ ਹਿੰਸਾ ਵੱਲ ਧੱਕਣਾ।
ਇਹ ਵੀ ਪੜ੍ਹੋ : Punjab Vigilance Bureau: ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਅਤੇ ਇੰਸਪੈਕਟਰ ਗ੍ਰਿਫ਼ਤਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਯੋਗੇਸ਼ ਕੁਮਾਰ ਸੋਨੀ
Comments