Cyclone Murasu: ਆਂਧਰਾ ਪ੍ਰਦੇਸ਼ ਦੇ ਓਂਗੋਲ ’ਚ ਚੱਕਰਵਾਤੀ ਤੂਫਾਨ ‘ਮੁਰਾਸੂ’ ਤੱਟ ਨਾਲ ਟਕਰਾਇਆ, 21 ਉਡਾਣਾਂ ਰੱਦ, ਭਾਰੀ ਮੀਂਹ ਦੀ ਸੰਭਾਵਨਾ

ਆਂਧਰਾ ਪ੍ਰਦੇਸ਼ ’ਚ ਚੱਕਰਵਾਤ ‘ਮੁਰਾਸੂ’ ਨੇ ਮਚਾਈ ਤਬਾਹੀ

Khushdeep Singh Picture
Published On

ਓਂਗੋਲ (ਸੱਚ ਕਹੂੰ ਨਿਊਜ਼/ਏਜੰਸੀ)। ਆਂਧਰਾ ਪ੍ਰਦੇਸ਼ ਦੇ ਓਂਗੋਲ ਨੇੜੇ ਮੰਗਲਵਾਰ ਤੜਕੇ ਚੱਕਰਵਾਤੀ ਤੂਫਾਨ ‘ਮੁਰਾਸੂ’ ਨੇ ਤੱਟ ਨਾਲ ਟਕਰਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਤੂਫਾਨ ਦੇ ਪ੍ਰਭਾਵ ਕਾਰਨ ਕਈ ਇਲਾਕਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ’ਚ ਅਗਲੇ 12 ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ।

ਸਮੁੰਦਰ ’ਚ ਲਹਿਰਾਂ ਆਮ ਨਾਲੋਂ 1 ਤੋਂ 1.5 ਮੀਟਰ ਉੱਚੀਆਂ ਉੱਠਣ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦਾ ਖਤਰਾ ਹੈ। ਚੱਕਰਵਾਤ ਕਾਰਨ ਵਿਜੇਵਾੜਾ, ਤਿਰੂਪਤੀ ਤੇ ਵਿਸ਼ਾਖਾਪਟਨਮ ਹਵਾਈ ਅੱਡਿਆਂ ਤੋਂ ਘੱਟੋ-ਘੱਟ 21 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੇਨਈ ਤੇ ਉੱਤਰੀ ਤਾਮਿਲਨਾਡੂ ’ਚ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨੂੰ ਅਲਰਟ ਰਹਿਣ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਓਡੀਸ਼ਾ ਸਰਕਾਰ ਨੇ ਵੀ ਕਮਜ਼ੋਰ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਤੂਫਾਨ ਨਾਲ ਨਜਿੱਠਣ ਲਈ ਤਾਮਿਲਨਾਡੂ ਨੇ ਐਨਡੀਆਰਐਫ ਦੀਆਂ 3 ਟੀਮਾਂ ਤੇ ਬਿਜਲੀ ਵਿਭਾਗ ਦੇ 25 ਦਸਤੇ ਭੇਜੇ ਹਨ। ਕਰਨਾਟਕ ਨੇ ਵੀ 500 ਇਲੈਕਟ੍ਰੀਸ਼ੀਅਨਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਓਡੀਸ਼ਾ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੇ ਖਦਸ਼ੇ ਕਾਰਨ ਸਕੂਲ ਤੇ ਕਾਲਜ 3 ਨਵੰਬਰ ਤੱਕ ਬੰਦ ਰੱਖੇ ਗਏ ਹਨ।

ਇਹ ਵੀ ਪੜ੍ਹੋ : Starlink Internet: ਵਾਈ-ਫਾਈ ਤੋਂ ਸਟਾਰਲਿੰਕ ਤੱਕ, ਕਿਵੇਂ ਬਦਲ ਰਹੀ ਹੈ ਇੰਟਰਨੈੱਟ ਦੀ ਦੁਨੀਆ

Comments

Post Your Comment

About The Author

Related Posts