Healthy Eating Tips: ਟੀਵੀ ਵੇਖਦਿਆਂ ਖਾਣਾ ਖਾਂਦੇ ਹੋ? ਇਹ ਆਦਤਾਂ ਬਦਲੋ, ਸੁਧਰੇਗਾ ਖਾਣ-ਪੀਣ 

ਟੀਵੀ ਵੇਖਦਿਆਂ ਖਾਣਾ ਖਾਂਦੇ ਹੋ? ਇਹ ਆਦਤਾਂ ਬਦਲੋ, ਸੁਧਰੇਗਾ ਖਾਣ-ਪੀਣ 

Khushdeep Singh Picture
Published On

ਅੱਜ-ਕੱਲ੍ਹ ਰੁਝੇਵਿਆਂ ਭਰੇ ਰੁਟੀਨ ’ਚ ਕਈ ਲੋਕ ਟੀਵੀ ਵੇਖਦਿਆਂ, ਮੋਬਾਇਲ ਚਲਾਉਂਦਿਆਂ ਜਾਂ ਆਫਿਸ ਦਾ ਕੰਮ ਕਰਦਿਆਂ ਖਾਣਾ ਖਾ ਲੈਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਧਿਆਨ ਖਾਣੇ ’ਤੇ ਨਹੀਂ ਰਹਿੰਦਾ ਅਤੇ ਕਈ ਵਾਰੀ ਉਹ ਲੋੜ ਤੋਂ ਵੱਧ ਖਾ ਲੈਂਦੇ ਹਨ। ਆਯੁਰਵੇਦ ਵਿੱਚ ਖਾਣਾ ਸ਼ਾਂਤ ਮਾਹੌਲ ਵਿੱਚ ਬੈਠ ਕੇ ਅਤੇ ਧਿਆਨ ਨਾਲ ਖਾਣ ਦੀ ਸਲਾਹ ਦਿੱਤੀ ਗਈ ਹੈ। ਖਾਣੇ ਦਾ ਸਵਾਦ ਮਹਿਸੂਸ ਕਰਨਾ, ਹਰ ਬੁਰਕੀ ਚੰਗੀ ਤਰ੍ਹਾਂ ਚਬਾਉਣੀ ਤੇ ਭੁੱਖ ਅਨੁਸਾਰ ਖਾਣਾ ਖਾਣਾ ਸਿਹਤਮੰਦ ਆਦਤਾਂ ਹਨ। ਖਾਣਾ ਖਾਂਦਿਆਂ ਜ਼ਲਦਬਾਜ਼ੀ ਤੇ ਲਗਾਤਾਰ ਸਕ੍ਰੀਨ ਵੇਖਣ ਨਾਲ ਖਾਣੇ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਖਾਣਾ ਖਾਂਦਿਆਂ ਟੀਵੀ ਅਤੇ ਮੋਬਾਇਲ ਬੰਦ ਰੱਖੋ। ਖਾਣੇ ਨੂੰ ਲੋੜੀਂਦਾ ਸਮਾਂ ਦਿਓ ਅਤੇ ਸਰੀਰ ਦੀ ਭੁੱਖ ਤੇ ਢਿੱਡ ਭਰਨ ਦੇ ਸੰਕੇਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਛੇ ਰਸ: ਥਾਲੀ ’ਚ ਰੱਖੋ ਸਵਾਦ ਤੇ ਪੋਸ਼ਣ ਦਾ ਸੰਤੁਲਨ

ਆਯੁਰਵੇਦ ਵਿੱਚ ਖਾਣੇ ਦੇ ਛੇ ਰਸ ਦੱਸੇ ਗਏ ਹਨ-ਮਿੱਠਾ, ਖੱਟਾ, ਨਮਕੀਨ, ਤਿੱਖਾ, ਕੌੜਾ ਅਤੇ ਕਸੈਲ਼ਾ। ਰਿਵਾਇਤੀ ਖੁਰਾਕ ਵਿਧੀ ਵਿੱਚ ਇਨ੍ਹਾਂ ਸਾਰੇ ਸਵਾਦਾਂ ਨੂੰ ਖਾਣੇ ਵਿੱਚ ਉਚਿਤ ਮਾਤਰਾ ਵਿੱਚ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਵੱਖ-ਵੱਖ ਸਵਾਦ ਵਾਲੀਆਂ ਚੀਜ਼ਾਂ ਖਾਣ ਨਾਲ ਖਾਣੇ ਵਿੱਚ ਵਿਭਿੰਨਤਾ ਆਉਂਦੀ ਹੈ। ਫਲ, ਸਬਜ਼ੀਆਂ, ਦਾਲਾਂ, ਸਾਬਤ ਅਨਾਜ ਅਤੇ ਹੋਰ ਪੌਸ਼ਟਿਕ ਚੀਜ਼ਾਂ ਨੂੰ ਥਾਲੀ ਵਿੱਚ ਥਾਂ ਦੇਣਾ ਫਾਇਦੇਮੰਦ ਹੈ। ਹਾਲਾਂਕਿ, ਛੇ ਦੇ ਛੇ ਰਸ ਹਰ ਖਾਣੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਨਹੀਂ ਹੈ। ਖਾਣੇ ਦੀ ਚੋਣ ਸਰੀਰ ਦੀ ਲੋੜ, ਸਿਹਤ ਦੀ ਹਾਲਤ ਅਤੇ ਪੋਸ਼ਣ ਸਬੰਧੀ ਲੋੜਾਂ ਅਨੁਸਾਰ ਕਰਨੀ ਚਾਹੀਦੀ ਹੈ। ਸਿਰਫ਼ ਸਵਾਦ ਦੀ ਬਜਾਏ ਖਾਣੇ ਦੀ ਗੁਣਵੱਤਾ ਅਤੇ ਸੰਤੁਲਨ ’ਤੇ ਵੀ ਧਿਆਨ ਦਿਓ।

ਪਾਣੀ ਪੀਣ ਦਾ ਤਰੀਕਾ: ਤੇਹ ਦੇ ਅਨੁਸਾਰ ਪੀਓ ਪਾਣੀ

ਆਯੁਰਵੇਦ ਵਿੱਚ ਖਾਣੇ ਦੌਰਾਨ ਲੋੜ ਅਨੁਸਾਰ ਥੋੜ੍ਹੀ ਮਾਤਰਾ ਵਿੱਚ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਸਰੀਰ ਨੂੰ ਲੋੜੀਂਦਾ ਪਾਣੀ ਮਿਲਣਾ ਜ਼ਰੂਰੀ ਹੈ। ਬਹੁਤ ਜ਼ਿਆਦਾ ਪਾਣੀ ਇੱਕ ਵਾਰੀ ਵਿੱਚ ਪੀਣ ਦੀ ਬਜਾਏ ਦਿਨ ਭਰ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ। ਗਰਮੀ, ਸਰੀਰਕ ਸਰਗਰਮੀ ਅਤੇ ਸਿਹਤ ਦੀ ਹਾਲਤ ਅਨੁਸਾਰ ਪਾਣੀ ਦੀ ਲੋੜ ਬਦਲ ਸਕਦੀ ਹੈ। ਤ੍ਰੇਹ ਲੱਗਣ ’ਤੇ ਪਾਣੀ ਪੀਣ ਤੋਂ ਪਰਹੇਜ਼ ਨਾ ਕਰੋ।

ਰਾਤ ਦਾ ਖਾਣਾ: ਸੌਣ ਤੋਂ ਪਹਿਲਾਂ ਰੱਖੋ ਲੋੜੀਂਦਾ ਫਰਕ

ਦਿਨ ਭਰ ਦੀ ਤੁਲਨਾ ਵਿੱਚ ਰਾਤ ਦਾ ਖਾਣਾ ਹੌਲਾ ਅਤੇ ਸੰਤੁਲਿਤ ਰੱਖਣਾ ਬਿਹਤਰ ਮੰਨਿਆ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਸੌਣ ਤੋਂ ਲਗਭਗ 2 ਤੋਂ 3 ਘੰਟੇ ਪਹਿਲਾਂ ਖਾਣਾ ਖਾ ਲਓ, ਤਾਂ ਜੋ ਸੌਣ ਤੋਂ ਪਹਿਲਾਂ ਖਾਣਾ ਪਚਣ ਲਈ ਲੋੜੀਂਦਾ ਸਮਾਂ ਮਿਲ ਸਕੇ। ਰਾਤ ਨੂੰ ਬਹੁਤ ਜ਼ਿਆਦਾ ਤਲਿਆ-ਭੁੰਨਿ੍ਹਆ ਜਾਂ ਭਾਰੀ ਖਾਣਾ ਖਾਣ ਨਾਲ ਕੁਝ ਲੋਕਾਂ ਨੂੰ ਐਸੀਡਿਟੀ ਅਤੇ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਸਕਦਾ ਹੈ। ਖਾਣੇ ਤੋਂ ਤੁਰੰਤ ਬਾਅਦ ਬਿਸਤਰੇ ’ਤੇ ਲੇਟਣ ਦੀ ਬਜਾਏ ਕੁਝ ਦੇਰ ਹਲਕੀ ਸੈਰ ਕਰਨਾ ਲਾਭਦਾਇਕ ਹੋ ਸਕਦਾ ਹੈ। ਖਾਣੇ ਤੋਂ ਤੁਰੰਤ ਬਾਅਦ ਜਿੰਮ ਜਾਣਾ, ਭਾਰੀ ਵਜ਼ਨ ਚੁੱਕਣਾ ਜਾਂ ਸਖ਼ਤ ਕਸਰਤ ਕਰਨ ਤੋਂ ਬਚੋ। ਸਰੀਰ ਨੂੰ ਆਰਾਮ ਦੇਣ ਦੇ ਨਾਲ ਲਗਾਤਾਰ ਰੁਟੀਨ ਬਣਾਈ ਰੱਖਣਾ ਵੀ ਜ਼ਰੂਰੀ ਹੈ।

ਸਹੀ ਖਾਣ-ਪੀਣ: ਅਪਣਾਓ ਇਹ 5 ਚੰਗੀਆਂ ਆਦਤਾਂ
  • ਖਾਣਾ ਖਾਂਦਿਆਂ ਟੀਵੀ, ਮੋਬਾਇਲ ਅਤੇ ਲੈਪਟਾਪ ਬੰਦ ਰੱਖੋ। ਖਾਣੇ ’ਤੇ ਪੂਰਾ ਧਿਆਨ ਦਿਓ।
  • ਹਰ ਬੁਰਕੀ ਚੰਗੀ ਤਰ੍ਹਾਂ ਚਬਾਓ। ਕਾਹਲੀ ਵਿੱਚ ਖਾਣਾ ਖਾਣ ਤੋਂ ਬਚੋ।
  • ਥਾਲੀ ਵਿੱਚ ਦਾਲ, ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਵਰਗੀਆਂ ਪੌਸ਼ਟਿਕ ਚੀਜ਼ਾਂ ਸ਼ਾਮਲ ਕਰੋ।
  • ਦਿਨ ਭਰ ਲੋੜੀਂਦਾ ਪਾਣੀ ਪੀਓ। ਖਾਣੇ ਦੌਰਾਨ ਵੀ ਤ੍ਰੇਹ ਅਨੁਸਾਰ ਪਾਣੀ ਲੈ ਸਕਦੇ ਹੋ।
  • ਰਾਤ ਦਾ ਖਾਣਾ ਸੌਣ ਤੋਂ 2-3 ਘੰਟੇ ਪਹਿਲਾਂ ਖਾਓ ਅਤੇ ਖਾਣੇ ਤੋਂ ਬਾਅਦ ਹਲਕੀ ਸੈਰ ਕਰੋ।

ਇਹ ਵੀ ਪੜ੍ਹੋ :Natural Food Colours: ਸਿੰਥੈਟਿਕ ਫ਼ੂਡ ਕਲਰਜ਼ ਦੀ ਥਾਂ ਅਪਣਾਓ ਕੁਦਰਤੀ ਰੰਗ ਤੇ ਰਹੋ ਨਿਰੋਗ

Comments

Post Your Comment

About The Author

Related Posts