Natural Food Colours: ਸਿੰਥੈਟਿਕ ਫ਼ੂਡ ਕਲਰਜ਼ ਦੀ ਥਾਂ ਅਪਣਾਓ ਕੁਦਰਤੀ ਰੰਗ ਤੇ ਰਹੋ ਨਿਰੋਗ

ਸਿੰਥੈਟਿਕ ਫ਼ੂਡ ਕਲਰਜ਼ ਦੀ ਥਾਂ ਅਪਣਾਓ ਕੁਦਰਤੀ ਰੰਗ ਤੇ ਰਹੋ ਨਿਰੋਗ

Khushdeep Singh Picture
Published On

ਮਨੁੱਖੀ ਸੁਭਾਅ ਸਦਾ ਹੀ ਖ਼ੂਬਸੂਰਤ ਅਤੇ ਰੰਗੀਨ ਚੀਜ਼ਾਂ ਵੱਲ ਬੜੀ ਤੇਜ਼ੀ ਨਾਲ ਖਿੱਚਿਆ ਜਾਂਦਾ ਹੈ। ਕੱਪੜਿਆਂ ਤੇ ਕੁਦਰਤ ਦੇ ਰੰਗਾਂ ਵਾਂਗ ਹੀ ਸਾਡਾ ਖਾਣ-ਪੀਣ ਵੀ ਇਸੇ ਖਿੱਚ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ। ਪਕਵਾਨਾਂ ਦੀ ਚਮਕ-ਦਮਕ ਪਹਿਲਾਂ ਅੱਖਾਂ ਨੂੰ ਮੋਂਹਦੀ ਹੈ ਅਤੇ ਫਿਰ ਜੀਭ ਨੂੰ ਲਲਚਾਉਂਦੀ ਹੈ ਪਰ ਬਹੁਤ ਘੱਟ ਲੋਕ ਇਹ ਸੋਚਣ ਦੀ ਖੇਚਲ ਕਰਦੇ ਹਨ ਕਿ ਜਿਸ ਚਮਕੀਲੇ ਭੋਜਨ ਨੂੰ ਅਸੀਂ ਚਾਅ ਨਾਲ ਮੂੰਹ ਲਾ ਰਹੇ ਹਾਂ, ਉਹ ਅਸਲ ਵਿੱਚ ਸਰੀਰ ਲਈ ਵਰਦਾਨ ਹੈ।

ਜਾਂ ਹੌਲੀ-ਹੌਲੀ ਮਾਰਨ ਵਾਲਾ ਜ਼ਹਿਰ। ਸਦੀਆਂ ਪਹਿਲਾਂ ਖਾਣੇ ਵਿੱਚ ਪੌਦਿਆਂ ਦੇ ਪੱਤਿਆਂ, ਫੁੱਲਾਂ ਅਤੇ ਛਿੱਲਾਂ ਤੋਂ ਨਿੱਕਲੇ ਰੰਗ ਪਾਏ ਜਾਂਦੇ ਸਨ। ਪਰ 1856 ਵਿੱਚ ਤਾਰਕੋਲ (ਲੁੱਕ) ਤੋਂ ਰਸਾਇਣਕ ਰੰਗ ਬਣਾਉਣ ਦੀ ਖੋਜ ਨੇ ਸਾਰਾ ਕੁਦਰਤੀ ਸੰਤੁਲਨ ਵਿਗਾੜ ਕੇ ਰੱਖ ਦਿੱਤਾ। ਫੈਕਟਰੀਆਂ ਵਿੱਚ ਬਣਨ ਵਾਲੇ ਇਹ ਸਿੰਥੈਟਿਕ ਰੰਗ ਸਸਤੇ ਅਤੇ ਗੂੜ੍ਹੇ ਹੁੰਦੇ ਹਨ, ਜਿਸ ਕਾਰਨ ਵਪਾਰੀਆਂ ਨੇ ਖ਼ੁਰਾਕੀ ਰੰਗਾਂ ਦੀ ਥਾਂ ਘਟੀਆ ਉਦਯੋਗਿਕ ਕੈਮੀਕਲਾਂ ਨੂੰ ਧੜੱਲੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ।

ਭਾਰਤ ਦੀ ਫ਼ੂਡ ਸੇਫ਼ਟੀ ਅਥਾਰਟੀ ਨੇ ਭੋਜਨ ਲਈ ਸਿਰਫ਼ ਗਿਣਵੇਂ ਕੁਦਰਤੀ ਰੰਗਾਂ ਨੂੰ ਹੀ ਹਰੀ ਝੰਡੀ ਦਿੱਤੀ ਹੈ- ਜਿਵੇਂ ਕੇਸਰ, ਚੁਕੰਦਰ ਦਾ ਪਾਊਡਰ, ਹਲਦੀ, ਪਾਲਕ ਦਾ ਸੱਤ ਅਤੇ ਕਾਲਾ ਮੁਨੱਕਾ। ਇਹ ਕੁਦਰਤੀ ਸਰੋਤ ਸਰੀਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਭੋਜਨ ਨੂੰ ਰੰਗ ਦਿੰਦੇ ਹਨ। ਪਰ ਕੌੜੀ ਹਕੀਕਤ ਇਹ ਹੈ ਕਿ ਬਾਜ਼ਾਰ ਵਿੱਚ ਇਹ ਕੁਦਰਤੀ ਰੰਗ ਮਹਿੰਗੇ ਪੈਂਦੇ ਹਨ, ਇਸ ਲਈ ਵਪਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਸਸਤੇ ਤੇ ਘਾਤਕ ਰਸਾਇਣਾਂ ਨੂੰ ਪਹਿਲ ਦਿੰਦੇ ਹਨ।

ਸਰਕਾਰੀ ਪਾਬੰਦੀਆਂ ਦੇ ਬਾਵਜੂਦ ਅੱਜ ਰੈੱਡ-40, ਯੈਲੋ-5 (ਟਾਰਟਰਾਜ਼ੀਨ), ਸਨ-ਸੈੱਟ ਯੈਲੋ ਅਤੇ ਬ੍ਰਿਲੀਅੰਟ ਬਲਿਊ ਵਰਗੇ ਖ਼ਤਰਨਾਕ ਕੈਮੀਕਲ ਬਾਜ਼ਾਰ ਵਿੱਚ ਧੜੱਲੇ ਨਾਲ ਖਪਾਏ ਜਾ ਰਹੇ ਹਨ। ਬੱਚਿਆਂ ਦੀਆਂ ਖੱਟੀਆਂ-ਮਿੱਠੀਆਂ ਗੋਲੀਆਂ, ਲਾਲ-ਨੀਲੀਆਂ ਕੁਲਫ਼ੀਆਂ, ਬਰਫ਼ ਦੇ ਗੋਲੇ, ਪੇਸਟਰੀਆਂ ਤੇ ਰੰਗਦਾਰ ਸ਼ਰਬਤਾਂ ਵਿੱਚ ਇਹ ਕੈਮੀਕਲ ਨਿਰਧਾਰਤ ਮਾਤਰਾ ਨਾਲੋਂ ਕਈ ਗੁਣਾ ਵੱਧ ਘੋਲੇ ਜਾਂਦੇ ਹਨ, ਤਾਂ ਜੋ ਗ੍ਰਾਹਕ ਦੀ ਅੱਖ ਧੋਖਾ ਖਾ ਜਾਵੇ। ਇਨ੍ਹਾਂ ਸਿੰਥੈਟਿਕ ਰੰਗਾਂ ਦਾ ਸਭ ਤੋਂ ਵੱਧ ਖ਼ਮਿਆਜ਼ਾ ਸਾਡੇ ਛੋਟੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਡਾਕਟਰੀ ਖੋਜਾਂ ਪੁਸ਼ਟੀ ਕਰਦੀਆਂ ਹਨ।

ਕਿ ਰਸਾਇਣਕ ਰੰਗਾਂ ਵਾਲੀਆਂ ਚੀਜ਼ਾਂ ਖਾਣ ਨਾਲ ਬੱਚਿਆਂ ਵਿੱਚ ‘ਏ.ਡੀ.ਐੱਚ.ਡੀ.’ (ਧਿਆਨ ਦੀ ਕਮੀ ਅਤੇ ਅਤਿ-ਚੰਚਲਤਾ) ਦਾ ਮਾਨਸਿਕ ਰੋਗ ਪੈਦਾ ਹੁੰਦਾ ਹੈ। ਇਹ ਕੈਮੀਕਲ ਬੱਚਿਆਂ ਦੇ ਦਿਮਾਗ਼ੀ ਸੰਤੁਲਨ ਨੂੰ ਹਿਲਾ ਦਿੰਦੇ ਹਨ, ਜਿਸ ਨਾਲ ਉਹ ਚਿੜਚਿੜੇ, ਬੇਚੈਨ ਹੋ ਜਾਂਦੇ ਹਨ ਅਤੇ ਪੜ੍ਹਾਈ ਜਾਂ ਕਿਸੇ ਇੱਕ ਥਾਂ ਟਿਕ ਕੇ ਧਿਆਨ ਕੇਂਦਰਿਤ ਕਰਨ ਤੋਂ ਅਸਮਰੱਥ ਰਹਿ ਜਾਂਦੇ ਹਨ। ਸਿਰਫ਼ ਬੱਚੇ ਹੀ ਨਹੀਂ, ਸਗੋਂ ਵੱਡੀ ਉਮਰ ਦੇ ਲੋਕ ਵੀ ਇਸ ਦੀ ਮਾਰ ਹੇਠ ਹਨ। ਕੈਮੀਕਲ ਰੰਗਾਂ ਨਾਲ ਚਮੜੀ ’ਤੇ ਧੱਫੜ, ਅੱਖਾਂ ਵਿੱਚ ਜਲਣ, ਸਾਹ ਘੁਟਣਾ ਤੇ ਵਾਲ ਝੜਨਾ ਆਮ ਗੱਲਾਂ ਬਣ ਚੁੱਕੀਆਂ ਹਨ।

ਇਸ ਤੋਂ ਵੀ ਵੱਧ ਚਿੰਤਾਜਨਕ ਇਹ ਹੈ ਕਿ ਤਾਰਕੋਲ ਤੋਂ ਬਣੇ ਇਹ ਸਿੰਥੈਟਿਕ ਕਲਰਜ਼ ਹੌਲੀ-ਹੌਲੀ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਜ਼ਹਿਰੀਲੇ ਤੱਤਾਂ ਦੀ ਤਹਿ ਜਮਾਉਂਦੇ ਰਹਿੰਦੇ ਹਨ, ਜੋ ਅੱਗੇ ਚੱਲ ਕੇ ਕੈਂਸਰ ਵਰਗੇ ਲਾਇਲਾਜ ਰੋਗਾਂ ਦਾ ਵੱਡਾ ਕਾਰਨ ਬਣਦੇ ਹਨ। ਖ਼ਪਤਕਾਰਾਂ ਨੂੰ ਆਪਣੀ ਖ਼ਰੀਦਦਾਰੀ ਪ੍ਰਤੀ ਸੁਚੇਤ ਹੋਣਾ ਪਵੇਗਾ। ਜਦੋਂ ਵੀ ਬਾਜ਼ਾਰ ਵਿੱਚੋਂ ਕੋਈ ਪੈਕਟਬੰਦ ਜਾਂ ਡੱਬਾਬੰਦ ਖ਼ੁਰਾਕ ਖ਼ਰੀਦਣੀ ਹੋਵੇ, ਤਾਂ ਉਤਪਾਦ ਦੇ ਪਿੱਛੇ ਛਪੇ ਸਮੱਗਰੀ ਲੇਬਲ ਨੂੰ ਬਾਰੀਕੀ ਨਾਲ ਘੋਖਣਾ ਲਾਜ਼ਮੀ ਹੈ। Natural Food Colours

ਗੂੜ੍ਹੇ, ਭੜਕਾਊ ਅਤੇ ਚਮਕੀਲੇ ਰੰਗਾਂ ਵਾਲੇ ਉਤਪਾਦਾਂ ਨੂੰ ਸਿੱਧਾ ਨਕਾਰੋ। ਸਿਰਫ਼ ਉਨ੍ਹਾਂ ਹੀ ਚੀਜ਼ਾਂ ਨੂੰ ਤਰਜ਼ੀਹ ਦਿਓ ਜਿਨ੍ਹਾਂ ’ਤੇ ਕੋਈ ਬਨਾਉਟੀ ਰੰਗ ਨਹੀਂ ਜਾਂ ਪ੍ਰਮਾਣਿਤ ਕੁਦਰਤੀ ਰੰਗਾਂ ਦੀ ਵਰਤੋਂ ਲਿਖੀ ਹੋਵੇ। ਬਿਮਾਰੀਆਂ ਦੀ ਇਸ ਦਲਦਲ ਵਿੱਚੋਂ ਨਿੱਕਲਣ ਦਾ ਸਭ ਤੋਂ ਕਾਰਗਰ ਹੱਲ ਬਾਜ਼ਾਰ ਦੇ ਰੰਗ-ਬਰੰਗੇ ਜੰਕ ਫ਼ੂਡ ਅਤੇ ਖੁੱਲ੍ਹੀਆਂ ਮਠਿਆਈਆਂ ਦਾ ਬਾਈਕਾਟ ਕਰਨਾ ਹੈ। ਸੜਕਾਂ ਕਿਨਾਰੇ ਰੁਲਦੀਆਂ ਬਰਫ਼ ਦੀਆਂ ਰੰਗਦਾਰ ਕੁਲਫ਼ੀਆਂ ਅਤੇ ਤੇਜ਼ ਰੰਗਾਂ ਵਾਲੇ ਸ਼ਰਬਤ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਘਰ ਵਿੱਚ ਤਿਆਰ ਸਾਦੇ, ਸ਼ੁੱਧ, ਮੌਸਮੀ ਅਤੇ ਪੌਸ਼ਟਿਕ ਖਾਣੇ ਵੱਲ ਵਾਪਸ ਮੁੜਨਾ ਪਵੇਗਾ।

ਘਰੇਲੂ ਰਸੋਈ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਸਿੰਥੈਟਿਕ ਕਲਰ ਦੀ ਵਰਤੋਂ ’ਤੇ ਮੁਕੰਮਲ ਰੋਕ ਲਾਉਣੀ ਜ਼ਰੂਰੀ ਹੈ। ਅੰਤ ਵਿੱਚ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਭੋਜਨ ਦਾ ਮਕਸਦ ਸਰੀਰ ਨੂੰ ਊਰਜਾ ਅਤੇ ਪੋਸ਼ਣ ਦੇਣਾ ਹੈ, ਨਾ ਕਿ ਅੱਖਾਂ ਨੂੰ ਧੋਖਾ ਦੇ ਕੇ ਜੀਭ ਦੇ ਚਸਕੇ ਪੂਰੇ ਕਰਨਾ। ਚਮਕ-ਦਮਕ ਦੇ ਮੋਹ ਵਿੱਚ ਫਸ ਕੇ ਆਪਣੀ ਅਤੇ ਆਪਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨੂੰ ਦਾਅ ’ਤੇ ਲਾਉਣਾ ਸਰਾਸਰ ਗਲਤ ਹੈ। ਸਮਾਜਿਕ ਪੱਧਰ ’ਤੇ ਲੋਕ-ਜਾਗਰੂਕਤਾ ਦੇ ਨਾਲ-ਨਾਲ ਸਰਕਾਰੀ ਫ਼ੂਡ ਸੇਫ਼ਟੀ ਵਿਭਾਗ ਨੂੰ ਵੀ ਦਫ਼ਤਰਾਂ ’ਚੋਂ ਨਿੱਕਲ ਕੇ ਜ਼ਹਿਰ ਵੇਚਣ ਵਾਲਿਆਂ ’ਤੇ ਸਖ਼ਤ ਸ਼ਿਕੰਜਾ ਕੱਸਣਾ ਪਵੇਗਾ, ਤਾਂ ਹੀ ਸਾਡੀ ਅਗਲੀ ਪੀੜ੍ਹੀ ਨਰੋਈ ਅਤੇ ਤੰਦਰੁਸਤ ਰਹਿ ਸਕੇਗੀ।

ਡਾ. ਕ੍ਰਿਸ਼ਨ ਲਾਲ,
ਚੌੜੀ ਗਲੀ, ਬੁਢਲਾਡਾ (ਮਾਨਸਾ)

Comments

Post Your Comment

About The Author

Related Posts