ਬੰਗਾਲ ਪੰਚਾਇਤ ਚੋਣਾਂ ‘ਚ ਹਿੰਸਾ, 11 ਦੀ ਮੌਤ

Violence Bengal

ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ’ਚ ਪੰਚਾਇਤੀ ਚੋਣਾਂ ਦੌਰਾਨ ਹਿੰਸਾ ਹੋ ਗਈ। ਪਿਛਲੇ 24 ਘੰਟਿਆਂ ‘ਚ ਛੇ ਜ਼ਿਲ੍ਹਿਆਂ ‘ਚ ਚੋਣ ਹਿੰਸਾ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। (Violence Bengal )ਮਰਨ ਵਾਲਿਆਂ ਵਿੱਚ ਛੇ ਟੀਐਮਸੀ ਵਰਕਰ, ਇੱਕ ਕਾਂਗਰਸ ਵਰਕਰ, ਇੱਕ ਸੀਪੀਆਈ (ਐਮ) ਵਰਕਰ, ਇੱਕ ਭਾਜਪਾ ਵਰਕਰ, ਇੱਕ ਆਈਐਸਐਫ ਵਰਕਰ ਅਤੇ ਇੱਕ ਆਜ਼ਾਦ ਉਮੀਦਵਾਰ ਦਾ ਇੱਕ ਪੋਲਿੰਗ ਏਜੰਟ ਸ਼ਾਮਲ ਹੈ।ਕੇਂਦਰੀ ਬਲਾਂ ਦੀ ਤਾਇਨਾਤੀ ਤੋਂ ਬਾਅਦ ਵੀ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਬੂਥ ਲੁੱਟਣ, ਬੈਲਟ ਪੇਪਰ ਪਾੜਨ, ਬੈਲਟ ਪੇਪਰਾਂ ਨੂੰ ਸਾੜਨ ਦੀਆਂ ਘਟਨਾਵਾਂ ਕਈ ਇਲਾਕਿਆਂ ਤੋਂ ਦੇਖਣ ਨੂੰ ਮਿਲੀਆਂ। ਕੂਚ ਬਿਹਾਰ ਦੇ ਮਠਭੰਗਾ-1 ਬਲਾਕ ਦੇ ਹਜ਼ਰਹਤ ਪਿੰਡ ਵਿੱਚ ਇੱਕ ਨੌਜਵਾਨ ਬੈਲਟ ਬਾਕਸ ਲੈ ਕੇ ਭੱਜ ਗਿਆ।

ਦੱਖਣੀ 24 ਪਰਗਨਾ ਦੇ ਭਾਂਗੜ ਬਲਾਕ ਦੇ ਜਮੀਰਗਾਚੀ ਵਿੱਚ ਭਾਰਤੀ ਧਰਮ ਨਿਰਪੱਖ ਮੋਰਚਾ (ISF) ਅਤੇ TMC ਵਰਕਰਾਂ ਵਿੱਚ ਝੜਪ ਹੋ ਗਈ। ਇੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਟੀਐਮਸੀ ਦੇ ਲੋਕ ਬੋਰੀਆਂ ਵਿੱਚ ਬੰਬ ਲੈ ਕੇ ਆਏ ਸਨ। ਟੀ.ਐਮ.ਸੀ ਵਰਕਰ ਪਿੰਡ ਦੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਬਟੋਰ ਰਹੇ ਸਨ। ਉਨ੍ਹਾਂ ਨੇ ਇੰਨੇ ਬੰਬ ਸੁੱਟੇ ਕਿ ਦੋ ਘੰਟੇ ਤੱਕ ਪੋਲਿੰਗ ਰੋਕ ਦਿੱਤੀ ਗਈ। ਮੀਡੀਆ ਵਾਲਿਆਂ ਵੱਲ ਵੀ ਕੁਝ ਬੰਬ ਸੁੱਟੇ। ਫਿਲਹਾਲ ਇੱਥੇ ਕੇਂਦਰੀ ਫੋਰਸ ਤਾਇਨਾਤ ਕੀਤੀ ਗਈ ਹੈ। (Violence Bengal)

ਪੱਛਮੀ ਬੰਗਾਲ ‘ਚ ਸ਼ਨਿੱਚਰਵਾਰ ਸਵੇਰੇ 7 ਵਜੇ 73,887 ਗ੍ਰਾਮ ਪੰਚਾਇਤ ਸੀਟਾਂ ‘ਚੋਂ 64,874 ‘ਤੇ ਵੋਟਿੰਗ ਚੱਲ ਰਹੀ ਹੈ। ਬਾਕੀ 9,013 ਸੀਟਾਂ ‘ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ। ਸਭ ਤੋਂ ਵੱਧ 8,874 ਉਮੀਦਵਾਰ ਜੋ ਬਿਨਾਂ ਮੁਕਾਬਲਾ ਚੁਣੇ ਗਏ ਹਨ, ਉਹ ਤ੍ਰਿਣਮੂਲ ਕਾਂਗਰਸ ਦੇ ਹਨ। ਦੁਪਹਿਰ 3 ਵਜੇ ਤੱਕ 51 ਫੀਸਦੀ ਪੋਲਿੰਗ ਹੋ ਚੁੱਕੀ ਹੈ। ਚੋਣਾਂ ਦੇ ਨਤੀਜੇ 11 ਜੁਲਾਈ ਨੂੰ ਆਉਣਗੇ।