ਬਠਿੰਡਾ ‘ਚ ਗਰਮੀ ਨਾਲ ਦੋ ਮੌਤਾਂ, ਧੂੜ ਭਰੀ ਹਵਾ ਨਾਲ ਤਾਪਮਾਨ ਘਟਿਆ

Bathinda, Temperature, Decreased, Dust, Air

ਤੱਤੇ ਮਾਹੌਲ ‘ਚ ਤਰਬੂਜ, ਬਰਫ ਤੇ ਠੰਢਿਆਂ ਦੀ ਵਿੱਕਰੀ ਨੂੰ ਖੰਭ ਲੱਗੇ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬੁੱਧਵਾਰ ਸ਼ਾਮ ਤੋਂ ਚੱਲੀ ਧੂੜ ਭਰੀ ਹਵਾ ਕਾਰਨ ਤਾਪਮਾਨ ‘ਚ ਆਈ ਗਿਰਾਵਟ ਨੇ ਆਮ ਲੋਕਾਂ ਨੂੰ ਮਾੜੀ ਮੋਟੀ ਰਾਹਤ ਦਿੱਤੀ ਹੈ ਪਰ ਹੁੰਮਸ ਭਰੀ ਗਰਮੀ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦਰਮਿਆਨ ਬਠਿੰਡਾ ‘ਚ ਦੋ ਵਿਅਕਤੀ ਤੇਜ਼ ਹੋਏ ਪਾਰੇ ਦੀ ਭੇਂਟ ਚੜ੍ਹ ਗਏ ਜਦੋਂਕਿ ਇੱਕ ਬਜ਼ੁਰਗ ਗਰਮੀ ਕਾਰਨ ਚੱਕਰ ਆਉਣ ਨਾਲ ਬੇਹੋਸ਼ ਹੋ ਗਿਆ ਗਰਮੀ ਕਾਰਨ ਹੋਈ ਤਾਜ਼ਾ ਮੌਤ ਦਾ ਪਹਿਲਾ ਮਾਮਲਾ ਬਸੰਤ ਵਿਹਾਰ ਪਾਰਕ ਦਾ ਹੈ। ਜਿੱਥੇ ਹਰਪ੍ਰੀਤ ਸਿੰਘ ਵਾਸੀ ਗਿੱਲ ਪੱਤੀ ਨੂੰ ਗਰਮੀ ਕਾਰਨ ਬੁਖਾਰ ਹੋ ਗਿਆ। ਸੂਚਨਾ ਮਿਲਣ ‘ਤੇ ਸਹਾਰਾ ਵਰਕਰ ਮੌਕੇ ‘ਤੇ ਪੁੱਜੇ ਅਤੇ ਪੀੜਤ ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਸਹਾਰਾ ਵਲੰਟੀਅਰਾਂ ਨੇ ਪੱਟੀਆਂ ਵਗੈਰਾ ਰੱਖੀਆਂ ਤੇ ਇਲਾਜ ਵੀ ਕਰਵਾਇਆ ਪਰ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਮ੍ਰਿਤਕ ਵਿਅਕਤੀ ਡਰਾਈਵਰ ਸੀ ਜੋ ਪਾਰਕ ‘ਚ ਖਾਣਾ ਖਾਣ ਤੋਂ ਬਾਅਦ ਅਰਾਮ ਕਰਨ ਲਈ ਲੇਟ ਗਿਆ ਸੀ ।

ਇਵੇਂ ਹੀ ਗਰਮੀ ਨਾਲ ਬਠਿੰਡਾ ਦੀ ਅਨਾਜ ਮੰਡੀ ‘ਚ ਇੱਕ ਪ੍ਰਵਾਸੀ ਮਜਦੂਰ ਦੀ ਹਾਲਤ ਗੰਭੀਰ ਹੋ ਗਈ ਪਤਾ ਲੱਗਦਿਆਂ ਸਹਾਰਾ ਵਲੰਟੀਅਰ ਮੌਕੇ ਤੇ ਪੁੱਜੇ ਉਨ੍ਹਾਂ ਦੇਖਿਆ ਕਿ ਨੌਜਵਾਨ ਦਾ ਸਰੀਰ ਭੱਠ ਦੀ ਤਰ੍ਹਾਂ ਤਪ ਰਿਹਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਪ੍ਰਾਪਤ ਵੇਰਵਿਆਂ ਅਨੁਸਾਰ ਗਰਮੀ ਕਾਰਨ ਅੱਜ ਬਠਿੰਡਾ ਦੀ ਕਿਲਾ ਰੋਡ ਤੇ ਪੈਦਲ ਜਾ ਰਹੇ ਇੱਕ ਬਜ਼ੁਰਗ ਨੂੰ ਅਚਾਨਕ ਚੱਕਰ ਆ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਪਤਾ ਲੱਗਾ ਹੈ ਕਿ ਗਰਮੀ ਕਾਰਨ ਬਠਿੰਡਾ ਜਿਲ੍ਹੇ ‘ਚ ਹੁਣ ਤੱਕ ਕਰੀਬ ਇੱਕ ਦਰਜਨ ਮੌਤਾਂ ਹੋ ਚੁੱਕੀਆਂ ਹਨ।

ਮੌਸਮ ਵਿਭਾਗ ਅਨੁਸਾਰ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸ਼ੀਅਸ ਰਿਹਾ ਜਦੋਂ ਕਿ ਬੀਤੇ ਕੱਲ੍ਹ 41 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਘੱਟ ਤੋÎਂ ਘੱਟ 29.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜੋ ਕਿ ਕੱਲ੍ਹ ਦੇ 26 ਡਿਗਰੀ ਨਾਲੋਂ ਤਿੰਨ ਡਿਗਰੀ ਵਧ ਹੈ ਮੌਸਮ ਵਿਭਾਗ ਦੇ ਵਿਗਿਆਨੀ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਡੇਢ ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਉਨ੍ਹਾਂ ਦੱਸਿਆ ਕਿ ਵਾਤਾਵਰਨ ‘ਚ ਨਮੀ ਦੀ ਵੱਧ ਤੋਂ ਵੱਧ ਮਾਤਰਾ 39 ਫੀਸਦੀ ਅਤੇ ਘੱਟੋ-ਘੱਟ ਮਾਤਰਾ 35 ਫੀਸਦੀ ਦਰਜ ਕੀਤੀ ਗਈ ਹੈ ਮੌਸਮ ‘ਚ ਆਏ ਬਦਲਾਅ ਕਾਰਨ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ ਅਤੇ ਅੱਜ ਗਰਿੱਡਾਂ ਤੇ ਲੋਢ ਆਮ ਨਾਲੋਂ ਥੋੜ੍ਹਾ ਜਿਹਾ ਘੱਟ ਰਿਹਾ ।

ਠੰਢਿਆਂ ਦੀ ਵਿੱਕਰੀ ਨੂੰ ਖੰਭ ਲੱਗੇ

ਅਰੋੜਾ ਵਰਾਇਟੀ ਸਟੋਰ ਦੇ ਗੋਰਾ ਲਾਲ ਅਰੋੜਾ ਦਾ ਕਹਿਣਾ ਸੀ ਕਿ ਅਪਰੈਲ ਦੇ ਮੁਕਾਬਲੇ ਠੰਢੇ ਪਦਾਰਥਾਂ ਦੀ ਵਿੱਕਰੀ ਦੁੱਗਣੀ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਪੰਜ ਰੁਪਏ ਦਾ ਮਿੱਠੀ ਲੱਸੀ ਦਾ ਪੈਕਟ ਤੇ ਦਸ ਰੁਪਏ ਦਾ ਨਮਕੀਨ ਲੱਸੀ ਦਾ ਪੈਕਟ ਦੋਵਾਂ ਦੀ ਕੀਮਤ ਘੱਟ ਹੋਣ ਕਰਕੇ ਆਮ ਆਦਮੀ ਦੀ ਇਹ ਪਹਿਲੀ ਪਸੰਦ ਬਣੇ ਹੋਏ ਹਨ ਸ੍ਰੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਤੋਂ ਬਿਨਾਂ ਕੰਪਨੀਆਂ ਦੇ ਕੋਲਡ ਡਰਿੰਕ ਤੇ ਜੂਸ ਵਗੈਰਾ ਦੀ ਵੀ ਭਰਪੂਰ ਵਿੱਕਰੀ ਹੋ ਰਹੀ ਹੈ।

ਗਰਮੀ ਦੌਰਾਨ ਨਿਆਮਤ ਹੈ ਤਰਬੂਜ਼

ਬਠਿੰਡਾ ‘ਚ ਪੈ ਰਹੀ ਗਰਮੀ ਮੌਕੇ ਤਰਬੂਜ ਭਾਰੀ ਮਾਤਰਾ ‘ਚ ਵਿਕ ਰਿਹਾ ਹੈ ਕੌਮੀ ਸੜਕ ਮਾਰਗ ‘ਤੇ ਤਰਬੂਜ ਵੇਚ ਰਹੇ ਰਿਤੇਸ਼ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਜਿਆਦਾ ਤਪਦਾ ਹੈ ਉਸ ਦਿਨ ਪੰਜ ਕੁਇੰਟਲ ਤੱਕ ਤਰਬੂਜ ਵਿਕ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਪਾਸ਼ ਇਲਾਕਿਆਂ ਦੇ ਲੋਕ ਦੁਆਬੇ ਦੇ ਗੂੜ੍ਹੇ ਹਰੇ ਰੰਗ ਦੇ ਤਰਬੂਜ ਦੇ ਦੀਵਾਨੇ ਹਨ ਜਦੋਂਕਿ ਪੇਂਡੂ ਲੋਕਾਂ ਦੀ ਪਸੰਦ ਰਾਜਸਥਾਨੀ ਤਰਬੂਜ ਹੈ ਨਜ਼ਦੀਕ ਹੀ ਟਰਾਲੀ ਲਾਈ ਬੈਠੇ ਹੰਸ ਰਾਜ ਦਾ ਕਹਿਣਾ ਸੀ ਕਿ ਪੰਜਾਬ ਦਾ ਤਰਬੂਜ ਜਿਆਦਾ ਮਿੱਠਾ ਹੁੰਦਾ ਹੈ ਤੇ ਇਸ ਨੂੰ ਬੱਚੇ ਕਾਫੀ ਸ਼ੌਂਕ ਨਾਲ ਖਾਂਦੇ ਹਨ।

ਬਰਫ ਦੀ ਵਿੱਕਰੀ ‘ਚ ਚੋਖਾ ਵਾਧਾ

ਪਿਛਲੇ 15 ਵਰ੍ਹਿਆਂ ਤੋਂ ਬੱਸ ਅੱਡਾ ਚੌਂਕ ‘ਚ ਬਰਫ ਵੇਚ ਰਹੇ ਵਰਿਆਮ ਸਿੰਘ ਦਾ ਕਹਿਣਾ ਸੀ ਕਿ ਹੁਣ ਤਾਂ ਬਰਫ ਸਦਾਬਹਾਰ ਹੋ ਗਈ ਹੈ ਫਿਰ ਵੀ ਸੂਰਜ ਦਾ ਪਾਰਾ ਤੇਜ਼ ਹੁੰਦਿਆਂ ਵਿੱਕਰੀ ‘ਚ ਚੋਖਾ ਵਾਧਾ ਹੋ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਗਾਹਕ ਆਪਣੀ ਸਿਹਤ ਪ੍ਰਤੀ ਚੌਕਸ ਹੋ ਗਏ ਹਨ ਇਸ ਲਈ ਬਰਫ ਵੀ ਕੁਆਲਿਟੀ ਵਾਲੇ ਸਟਾਲ ਵਿਕਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਵੀ ਖਰੀਦਣ ਵੇਲੇ ਕਾਫੀ ਚੌਕਸ ਰਹਿਣਾ ਪੈਂਦਾ ਹੈ।