ਟਰੰਪ ਦਾ ਮਨਮਾਨੀ ਭਰਿਆ ਰਵੱਈਆ

ਸੱਤਾਧਾਰੀਆਂ ਦਾ ਇਹ ਫਰਜ ਹੈ ਕਿ ਆਪਣੇ ਦੇਸ਼ ਦੇ ਹਿੱਤਾਂ ਦੇ ਪ੍ਰਤੀ ਸੁਚੇਤ ਰਹਿਣ ਅਤੇ ਲੋੜ ਪੈਣ ‘ਤੇ ਲੋੜੀਂਦੇ ਅਹਿਮ ਕਦਮ ਚੁੱਕਣ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਵੱਲੋਂ ਵਿਸ਼ਵ ਪੱਧਰੀ ਹਿੱਤਾਂ ਨੂੰ ਦਾਅ ‘ਤੇ ਲਗਾਉਣ ਵਾਲੇ ਕੰਮ ਕੀਤੇ ਜਾਣ। ਬਦਕਿਸਤੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹੀ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕੀ ਹਿੱਤਾਂ ਨੂੰ ਪਹਿਲ ਦੇਣ ਦੇ ਨਾਂਅ ‘ਤੇ  ਹੋਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀ ਸਮੱਗਰੀ ‘ਤੇ ਜਿਸ ਤਰ੍ਹਾਂ ਨਾਲ ਦਰਾਮਦ ਟੈਕਸ  ਲਗਾਉਣ ਅਤੇ ਉਸ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਨਾਲ ਦੁਨੀਆਂ ਗਲੋਬਲਾਈਜੇਸ਼ਨ ਦੀ ਬਜਾਏ ਟ੍ਰੇਡ ਵਾਰ ‘ਚ ਉਲਝਦੀ ਨਜ਼ਰ ਆ ਰਹੀ ਹੈ। ਅਮਰੀਕੀ ਰਾਸ਼ਟਰਪਤੀ ਪਹਿਲਾਂ ਤਾਂ ਚੀਨ ਅਤੇ ਕੁਝ ਹੋਰ ਖਾਸ ਦੇਸ਼ਾਂ ਨੂੰ ਨਿਸ਼ਾਨੇ ‘ਤੇ ਲੈਣ ਦੀ ਗੱਲ ਕਰ ਰਹੇ ਸਨ, ਪਰ ਅਜਿਹਾ ਲੱਗਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਆਪਣੀ ਨੀਤੀ ਦੇ ਤਹਿਤ ਸਾਰੇ ਦੇਸ਼ਾਂ ਦੇ ਨਾਲ ਵਪਾਰ ਯੁੱਧ ਛੇੜਨ ਦਾ ਇਰਾਦਾ ਰੱਖਦੇ ਹਨ।

ਇਹ ਹੈਰਾਨੀਜਨਕ ਹੈ ਕਿ ਇਸ ਲੜੀ ‘ਚ ਉਹ ਆਪਣੇ ਮਿੱਤਰ ਅਤੇ ਸਹਾਇਕ ਦੇਸ਼ਾਂ ਦੇ ਪ੍ਰਤੀ ਵੀ ਨਕਾਰਾਤਮਕ ਰਵੱਈਏ ਦਾ ਸਬੂਤ ਦੇ ਰਹੇ ਹਨ। ਇਸ ‘ਤੇ ਹੈਰਾਨੀ ਨਹੀਂ ਹੈ ਕਿ ਜਵਾਬੀ ਕਾਰਵਾਈ ਦੇ ਤਹਿਤ ਹੋਰ ਦੇਸ਼ ਵੀ ਅਮਰੀਕਾ ਤੋਂ ਦਰਾਮਦ ਹੋਣ ਵਾਲੀ ਸਮੱਗਰੀ ‘ਚ ਦਰਾਮਦ ਫੀਸ ਵਧਾ ਰਹੇ ਹਨ। ਇਹ ਚੰਗਾ ਹੋਇਆ ਕਿ ਇਸ ਮਾਮਲੇ ‘ਚ ਭਾਰਤ ਨੇ ਵੀ ਅਮਰੀਕਾ ਦੇ ਨਾਲ ‘ਜੈਸੇ ਨੂੰ ਤੈਸਾ’ ਵਾਲੀ ਨੀਤੀ ਅਪਣਾਉਣ ‘ਚ ਸੰਕੋਚ ਨਹੀਂ ਕੀਤਾ। ਇਹ ਕਹਿਣਾ ਮੁਸ਼ਕਿਲ ਹੈ ਕਿ ਵਣਜ ਮੰਤਰੀ ਦੀ ਆਉਣ ਵਾਲੀ ਅਮਰੀਕੀ ਯਾਤਰਾ ਦੇ ਦੌਰਾਨ ਇਹ ਮਸਲਾ ਸੁਲਝੇਗਾ ਕਿ ਨਹੀਂ! ਜੇਕਰ ਅਮਰੀਕਾ ਆਪਣੇ ਰਵੱਈਏ ‘ਚ ਬਦਲਾਅ ਨਹੀਂ ਲਿਆਉਂਦਾ ਤਾਂ ਭਾਰਤ ਕੋਲ ਉਸੇ ਦੀ ਭਾਸ਼ਾ ਵਿਚ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਵੇਗਾ। ਇਸ ਨਾਲ ਕੁਝ ਸ਼ੁਰੂਆਤੀ ਮੁਸ਼ਕਲਾਂ ਜ਼ਰੂਰ ਪੇਸ਼ ਆ ਸਕਦੀਆਂ ਹਨ, ਪਰ ਅਮਰੀਕਾ ਦੇ ਮਨਮਾਨੇ ਵਿਵਹਾਰ ਦੇ ਸਾਹਮਣੇ ਝੁਕਣ ਦਾ ਕੋਈ ਕਾਰਨ ਹੀ ਨਹੀਂ।

ਇਸ ਤੋਂ ਵੱਡੀ ਤਰਾਸਦੀ ਹੋਰ ਕੋਈ ਨਹੀਂ ਕਿ ਹੁਣੇ ਪਿੱਛੇ ਤੱਕ ਜੋ ਅਮਰੀਕਾ ਭਾਰਤ ਸਮੇਤ ਦੁਨੀਆਂ ਦੇ ਹੋਰ ਦੇਸ਼ਾਂ ਨੂੰ ਮੁਕਤ ਵਪਾਰ ਦੇ ਪਾਠ ਪੜ੍ਹਾਉਂਦਾ ਸੀ, ਉਹ ਸੁਰੱਖਿਆਵਾਦੀ ਨੀਤੀਆਂ ‘ਤੇ ਚੱਲ ਪਿਆ ਹੈ। ਅੱਜ ਜਦੋਂ ਦੁਨੀਆਂ ਦੇ ਦੇਸ਼ ਇੱਕ-ਦੂਜੇ ‘ਤੇ ਕਿਤੇ ਜ਼ਿਆਦਾ ਨਿਰਭਰ ਹਨ। ਵਿਸ਼ਵ ਵਪਾਰ ਸੰਗਠਨ ਦਾ ਸਹਿਯੋਗੀ ਨਾ ਹੋਣ ਕਰਕੇ ਅਮਰੀਕਾ ਵਪਾਰ ਦੇ ਮਾਮਲੇ ‘ਚ ਮਨਮਰਜ਼ੀ ਨਾਲ ਫੈਸਲੇ ਤਾਂ ਲੈ ਸਕਦਾ ਹੈ, ਪਰ ਉਸ ਨੂੰ ਇਹ ਸਮਝ ਆ ਜਾਵੇ ਤਾਂ ਬਿਹਤਰ ਹੈ ਕਿ ਅਜਿਹੇ ਫੈਸਲਿਆਂ ‘ਚ ਖੁਦ ਉਸਦਾ ਹੀ ਨੁਕਸਾਨ ਹੋ ਸਕਦਾ ਹੈ। ਜੇਕਰ ਵਪਾਰ ਜੰਗ ਲੰਮੀ ਚੱਲੀ ਤਾਂ ਅਮਰੀਕਾ ਨੂੰ ਜਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਪਾਰ ਯੁੱਧ ਸ਼ੀਤ ਯੁੱਧ ਦਾ ਰੂਪ ਲੈ ਕੇ ਵਿਸ਼ਵ ਦੇ ਸਾਹਮਣੇ  ਨਵੀਆਂ ਸਮੱਸਿਆਵਾਂ ਵੀ ਖੜ੍ਹੀਆਂ ਕਰ ਸਕਦਾ ਹੈ। ਅੱਜ ਦੇ ਇਸ ਯੁੱਗ ‘ਚ ਕੋਈ ਵੀ ਦੇਸ਼ ਖੁਦ ਨੰੂੰ ਟਾਪੂ ਜਿਹੀ ਹਾਲਤ ‘ਚ ਨਹੀਂ ਰੱਖ ਸਕਦਾ।

ਦੇਸ਼ਾਂ ਨੂੰ ਦੁਨੀਆਂ ਦੇ ਨਾਲ ਮਿਲ ਕੇ ਚੱਲਣਾ ਹੋਵੇਗਾ, ਕਿਉਂਕਿ ਗਲੋਬਲ ਪਿੰਡ ਦਾ ਸੰਕਲਪ ਇੱਕ ਹਕੀਕਤ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਆਪਣੇ ਰਵੱਈਏ ‘ਚ ਹੇਰ-ਫੇਰ ਕਰਨ ਅਤੇ ਇੱਥੋਂ ਤੱਕ ਕਿ ਆਪਣੇ ਐਲਾਨਾਂ ਦੇ ਉਲਟ ਫੈਸਲੇ ਕਰਨ ਲਈ ਜਾਣੇ ਜਾਂਦੇ ਹਨ, ਪਰ ਸਹੀ ਇਹੀ ਰਹੇਗਾ ਕਿ ਭਾਰਤ ਉਲਟ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰੀ ‘ਚ ਰਹੇ। ਭਾਰਤ ਨੂੰ ਇਸ ਦੇ ਲਈ ਵੀ ਚੌਕਸ ਹੋਣਾ ਚਾਹੀਦਾ ਹੈ ਕਿ ਵਿਸ਼ਵ ਵਪਾਰ ਸੰਗਠਨ ਅਹਿਜੀਆਂ ਨੀਤੀਆਂ ਦਾ ਨਿਰਮਾਣ ਕਰੇ, ਜਿਸ ਨਾਲ ਸਾਰੇ ਦੇਸ਼ਾਂ ਦੇ ਹਿੱਤਾਂ ਦੀ ਰਾਖੀ ਹੋਵੇ।