Punjab
Mayurasana Benefits: ਮਯੂਰਾਸਨ (ਮੋਰ ਆਸਣ) ਦੇ ਰੋਜ਼ਾਨਾ ਅਭਿਆਸ ਨਾਲ ਵਧੇਗੀ ਤਾਕਤ, ਸੰਤੁਲਨ ਤੇ ਇਕਾਗਰਤਾ, ਜਾਣੋ ਇਸ ਦੇ ਫਾਇਦੇ
ਮਯੂਰਾਸਨ (ਮੋਰ ਆਸਣ) ਦੇ ਰੋਜ਼ਾਨਾ ਅਭਿਆਸ ਨਾਲ ਵਧੇਗੀ ਤਾਕਤ, ਸੰਤੁਲਨ ਤੇ ਇਕਾਗਰਤਾ, ਜਾਣੋ ਇਸ ਦੇ ਫਾਇਦੇ
ਨਵੀਂ ਦਿੱਲੀ। ਯੋਗ ਅਭਿਆਸ ’ਚ ਕੁਝ ਅਜਿਹੀਆਂ ਮੁਦਰਾਵਾਂ, ਜਿਨ੍ਹਾਂ ਨੂੰ ‘ਆਸਣ’ ਕਿਹਾ ਜਾਂਦਾ ਹੈ, ਹੁੰਦੀਆਂ ਹਨ, ਜੋ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਅਨੁਸ਼ਾਸਿਤ ਕਰਦੀਆਂ ਹਨ। ‘ਮਯੂਰਾਸਣ’ (ਮੋਰ ਵਰਗੀ ਮੁਦਰਾ) ਅਜਿਹਾ ਹੀ ਇੱਕ ਮਹੱਤਵਪੂਰਨ ਆਸਣ ਹੈ। ਇਸ ਆਸਣ ਦੇ ਨਿਯਮਤ ਅਭਿਆਸ ਨਾਲ ਸਰੀਰਕ ਸੰਤੁਲਨ ’ਚ ਸੁਧਾਰ ਹੁੰਦਾ ਹੈ ਤੇ ਗੁੱਟਾਂ, ਬਾਹਾਂ, ਮੋਢਿਆਂ ਤੇ ਸਰੀਰ ਦੇ ਕੇਂਦਰੀ ਹਿੱਸੇ (ਕੋਰ) ਦੀਆਂ ਮਾਸਪੇਸ਼ੀਆਂ ਦੀ ਤਾਕਤ ਵਧਦੀ ਹੈ। ‘ਮਯੂਰਾਸਣ’ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ‘ਮਯੂਰ’ (ਜਿਸਦਾ ਅਰਥ ਹੈ ਮੋਰ) ਤੇ ‘ਆਸਣ’ (ਜਿਸਦਾ ਅਰਥ ਹੈ ਮੁਦਰਾ ਜਾਂ ਸਥਿਤੀ)। ਇਹ ਨਾਭੀ ਕੇਂਦਰ (‘ਮਣਿਪੂਰ ਚੱਕਰ’) ਨੂੰ ਕਿਰਿਆਸ਼ੀਲ ਕਰਦਾ ਹੈ, ਜਿਸ ਨਾਲ ਵਿਅਕਤੀ ’ਚ ਆਤਮ-ਵਿਸ਼ਵਾਸ ਵਧਦਾ ਹੈ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਨੁਸਾਰ, ਮਯੂਰਾਸਣ ਇੱਕ ਅਜਿਹਾ ਆਸਣ ਹੈ ਜੋ ਤਾਕਤ, ਸੰਤੁਲਨ ਤੇ ਇਕਾਗਰਤਾ ਨੂੰ ਵਧਾਉਂਦਾ ਹੈ। ਇਹ ਪੇਟ ਦੇ ਅੰਦਰੂਨੀ ਅੰਗਾਂ ਨੂੰ ਐਕਟਿਵ ਕਰਨ, ਪਾਚਨ ਸ਼ਕਤੀ ਨੂੰ ਬਿਹਤਰ ਬਣਾਉਣ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਲਾਹੇਵੰਦ ਹੈ। ਇਸ ਆਸਣ ’ਚ, ਸਰੀਰ ਦਾ ਭਾਰ ਮੁੱਖ ਤੌਰ ’ਤੇ ਹਥੇਲੀਆਂ ਤੇ ਮੋਢਿਆਂ ’ਤੇ ਟਿਕਿਆ ਹੁੰਦਾ ਹੈ, ਜਿਸ ਨਾਲ ਗੁੱਟਾਂ, ਮੋਢਿਆਂ, ਲੱਤਾਂ ਤੇ ਪੂਰੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
ਮਯੂਰਾਸਣ ਦਾ ਨਿਯਮਤ ਅਭਿਆਸ ਮਾਨਸਿਕ ਸਥਿਰਤਾ ਨੂੰ ਵਧਾਉਂਦਾ ਹੈ। ਇਸ ਆਸਣ ਨੂੰ ਕਰਦੇ ਸਮੇਂ ਮਨ ਭਟਕ ਨਹੀਂ ਸਕਦਾ, ਜੇਕਰ ਧਿਆਨ ’ਚ ਥੋੜ੍ਹੀ ਜਿਹੀ ਵੀ ਕਮੀ ਆਉਂਦੀ ਹੈ, ਤਾਂ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਵਿਅਕਤੀ ਡਿੱਗ ਸਕਦਾ ਹੈ। ਇਸ ਲਈ, ਮਨ ਨੂੰ ਇੱਕ ਹੀ ਬਿੰਦੂ ’ਤੇ ਕੇਂਦਰਿਤ ਰੱਖਣਾ ਜ਼ਰੂਰੀ ਹੁੰਦਾ ਹੈ। ਸਮੇਂ ਦੇ ਨਾਲ, ਇਹ ਆਦਤ ਰੋਜ਼ਾਨਾ ਜੀਵਨ ’ਚ ਵੀ ਢਲ ਜਾਂਦੀ ਹੈ, ਗੁੱਸਾ, ਚਿੰਤਾ ਤੇ ਬੇਚੈਨੀ ਵਰਗੀਆਂ ਭਾਵਨਾਵਾਂ ਘੱਟ ਜਾਂਦੀਆਂ ਹਨ, ਜਿਸ ਨਾਲ ਮਨ ਸ਼ਾਂਤ ਤੇ ਸਥਿਰ ਰਹਿੰਦਾ ਹੈ। ਇਸ ਆਸਣ ਨੂੰ ਕਰਨ ਲਈ ਸਾਹ, ਸਰੀਰ ਤੇ ਨਜ਼ਰ (ਦ੍ਰਿਸ਼ਟੀ) ਦਾ ਇੱਕੋ ਸਮੇਂ ਤਾਲਮੇਲ ਹੋਣਾ ਜ਼ਰੂਰੀ ਹੈ।
ਨਜ਼ਰ ਇੱਕ ਬਿੰਦੂ ’ਤੇ ਟਿਕੀ ਹੋਣੀ ਚਾਹੀਦੀ ਹੈ, ਸਾਹ ਦੀ ਗਤੀ ਹੌਲੀ ਹੋਣੀ ਚਾਹੀਦੀ ਹੈ ਤੇ ਸਰੀਰ ਨੂੰ ਸਥਿਰ ਰੱਖਣਾ ਚਾਹੀਦਾ ਹੈ। ਰੋਜ਼ਾਨਾ 2-3 ਮਿੰਟ ਤੱਕ ਇਸ ਦਾ ਅਭਿਆਸ ਕਰਨ ਨਾਲ ਮਾਨਸਿਕ ਭਟਕਾਅ ਘੱਟ ਹੁੰਦਾ ਹੈ, ਪੜ੍ਹਾਈ ਤੇ ਕੰਮ ’ਚ ਇਕਾਗਰਤਾ ਵਧਦੀ ਹੈ, ਤੇ ਯਾਦਦਾਸ਼ਤ ਤੇਜ਼ ਹੁੰਦੀ ਹੈ। ਸ਼ੁਰੂਆਤ ਕਰਨ ਵਾਲਿਆਂ ਨੂੰ ਇਹ ਆਸਣ ਹਮੇਸ਼ਾ ਕਿਸੇ ਯੋਗ ਤੇ ਪ੍ਰਮਾਣਿਤ ਯੋਗ ਇੰਸਟਰਕਟਰ ਦੀ ਦੇਖ-ਰੇਖ ਹੇਠ ਹੀ ਸਿੱਖਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਹਰਨੀਆ, ਅਲਸਰ ਜਾਂ ਗਲਾਕੋਮਾ (ਅੱਖਾਂ ਦੀ ਬਿਮਾਰੀ) ਤੋਂ ਪੀੜਤ ਵਿਅਕਤੀਆਂ ਨੂੰ ਇਸ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਗਰਭ ਅਵਸਥਾ ਤੇ ਮਾਹਵਾਰੀ ਦੌਰਾਨ ਇਸ ਆਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : India UNSC Permanent Seat: ਮਹਾਂਸ਼ਕਤੀਆਂ ਦੀ ਸਹਿਮਤੀ ਨਾਲ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਆਸ
Comments