Punjab
Patiala Election News: ਪਟਿਆਲਾ ਦੇ 30 ਵਾਰਡਾਂ ਵਿੱਚ ਮੁੜ ਵੋਟਿੰਗ ਸ਼ੁਰੂ, 1.49 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਹੋ ਰਹੀ ਮੁੜ ਚੋਣ ਦੀ ਹਾਈ ਕੋਰਟ ਵੱਲੋਂ ਨਿਗਰਾਨੀ; ਸੁਰੱਖਿਆ ਦੇ ਸਖ਼ਤ ਪ੍ਰਬੰਧ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ਵਿੱਚ ਸ਼ਨੀਵਾਰ ਸਵੇਰੇ ਮੁੜ ਵੋਟਿੰਗ ਸ਼ੁਰੂ ਹੋ ਗਈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕਰਵਾਈ ਜਾ ਰਹੀ ਇਸ ਮੁੜ ਚੋਣ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਪਿਛਲੀ ਚੋਣ ਦੌਰਾਨ ਹਿੰਸਾ ਅਤੇ ਪੁਲਿਸ ਦੀ ਕਥਿਤ ਪੱਖਪਾਤੀ ਭੂਮਿਕਾ ਸਬੰਧੀ ਵਿਰੋਧੀ ਉਮੀਦਵਾਰਾਂ ਵੱਲੋਂ ਉਠਾਏ ਗਏ ਇਤਰਾਜ਼ਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਇਨ੍ਹਾਂ 30 ਵਾਰਡਾਂ ਵਿੱਚ ਕੁੱਲ 1,49,768 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਇਨ੍ਹਾਂ ਵਿੱਚ 77,419 ਪੁਰਸ਼, 72,338 ਮਹਿਲਾਵਾਂ ਅਤੇ ਤੀਜੇ ਲਿੰਗ ਦੇ 11 ਵੋਟਰ ਸ਼ਾਮਲ ਹਨ।
ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਿਛਲੀ ਵਾਰ ਵੋਟਿੰਗ ਦੌਰਾਨ ਬੂਥਾਂ ’ਤੇ ਕਬਜ਼ੇ ਅਤੇ ਜਾਣੇ-ਪਛਾਣੇ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਸੜਕਾਂ ’ਤੇ ਘੁੰਮਣ ਦੇ ਦੋਸ਼ ਲੱਗੇ ਸਨ। ਇਸ ਵਾਰ ਰਾਜ ਚੋਣ ਕਮਿਸ਼ਨ ਵੱਲੋਂ ਪੋਲਿੰਗ ਪ੍ਰਕਿਰਿਆ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਸ਼ੁਰੂਆਤੀ ਘੰਟਿਆਂ ਦੌਰਾਨ ਮੁੜ ਚੋਣ ਵਾਲੇ ਵਾਰਡਾਂ ਵਿੱਚ ਵੋਟਰਾਂ ਦੀ ਜ਼ਿਆਦਾ ਭੀੜ ਦੇਖਣ ਨੂੰ ਨਹੀਂ ਮਿਲੀ, ਹਾਲਾਂਕਿ ਦਿਨ ਚੜ੍ਹਨ ਦੇ ਨਾਲ ਵੋਟਿੰਗ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 1, 4, 6, 12, 14, 15, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ।
ਇਹ ਚੋਣ ਆਮ ਆਦਮੀ ਪਾਰਟੀ (ਆਪ) ਦੇ ਸ਼ਹਿਰੀ ਸੰਗਠਨ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੀ ਚੋਣ ਦੌਰਾਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਰਡਾਂ ਵਿੱਚ ਪਾਰਟੀ ਨੇ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਉਸ ਸਮੇਂ ਚੋਣਾਂ ਵਿੱਚ ਕਥਿਤ ਧਾਂਦਲੀ ਦੇ ਦੋਸ਼ ਵੀ ਲੱਗੇ ਸਨ।
ਦੂਜੇ ਪਾਸੇ, ਕਾਂਗਰਸ ਪਟਿਆਲਾ ਵਿੱਚ ਆਪਣੀ ਸਿਆਸੀ ਸਥਿਤੀ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਗੱਠਜੋੜ ਦੇ ਐਲਾਨ ਤੋਂ ਬਾਅਦ ਚੋਣ ਮੈਦਾਨ ਵਿੱਚ ਆਪਣੀ ਸਿਆਸੀ ਪਕੜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਇਨ੍ਹਾਂ 30 ਵਾਰਡਾਂ ਦੇ ਨਤੀਜੇ ਸ਼ਹਿਰ ਦੀ ਸਿਆਸੀ ਤਸਵੀਰ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਦੇ ਜਥੇਬੰਦਕ ਆਧਾਰ ਬਾਰੇ ਵੀ ਸੰਕੇਤ ਦੇਣਗੇ।
Read Also : ਅਸਟਰੇਲੀਆ ਦੌਰੇ ਲਈ ਨਿਊਜ਼ੀਲੈਂਡ ਨੇ ਸੱਤ ਤੇਜ਼ ਗੇਂਦਬਾਜ਼ਾਂ ਦੀ ਕੀਤੀ ਚੋਣ, ਓਰੂਰਕ ਤੇ ਮਾਈਕਲ ਰੇ ਦੀ ਵਾਪਸੀ
Comments