Punjab
India UNSC Permanent Seat: ਮਹਾਂਸ਼ਕਤੀਆਂ ਦੀ ਸਹਿਮਤੀ ਨਾਲ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਆਸ
ਮਹਾਂਸ਼ਕਤੀਆਂ ਦੀ ਸਹਿਮਤੀ ਨਾਲ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਆਸ
19 ਨਵੰਬਰ 2026 ਨੂੰ ਚੀਨ ਦੇ ਸ਼ੇਨਝੇਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੀ ਵਾਰ ਇਕੱਠੇ ਗੱਲਬਾਤ ਦੇ ਮੇਜ਼ ’ਤੇ ਬੈਠੇ। ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਮੰਚ ਦੇ ਸੰਮੇਲਨ ਦੌਰਾਨ ਹੋਈ ਇਸ ਮੁਲਾਕਾਤ ਤੋਂ ਬਾਅਦ ਤਿੰਨਾਂ ਆਗੂਆਂ ਨੇ ‘ਸ਼ਾਂਤੀ ਵੱਲ ਐਲਾਨ’ ਨਾਂਅ ਦਾ ਸਾਂਝਾ ਪੱਤਰ ਜਾਰੀ ਕੀਤਾ। ਇਸ ਵਿੱਚ ਸੰਯੁਕਤ ਰਾਸ਼ਟਰ ਵਿੱਚ ਸੁਧਾਰ, ਤੇਲ ਦੀ ਸਪਲਾਈ ਵਧਾਉਣ, ਪਰਮਾਣੂ ਜੰਗ ਦੇ ਖ਼ਤਰੇ ਨੂੰ ਘਟਾਉਣ ਅਤੇ ਕੌਮਾਂਤਰੀ ਅਪਰਾਧਿਕ ਅਦਾਲਤ ਦੇ ਅਧਿਕਾਰ ਖੇਤਰ ਨੂੰ ਸੀਮਤ ਕਰਨ ਵਰਗੇ ਮੁੱਦੇ ਸ਼ਾਮਲ ਹਨ।
ਇਸ ਪੱਤਰ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਇਸ ਵਿੱਚ ਰੂਸ-ਯੂਕਰੇਨ ਜੰਗ ਅਤੇ ਇਰਾਨ ਸੰਕਟ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਰੂਸ ਨੇ ਵੀ ਸਪੱਸ਼ਟ ਕੀਤਾ ਕਿ ਇਸ ਗੱਲਬਾਤ ਦਾ ਕੇਂਦਰ ਯੂਕਰੇਨ ਨਹੀਂ ਸੀ। ਜਦੋਂ ਦੁਨੀਆ ਕਈ ਮੋਰਚਿਆਂ ’ਤੇ ਜੰਗਾਂ ਅਤੇ ਤਣਾਅ ਦਾ ਸਾਹਮਣਾ ਕਰ ਰਹੀ ਹੋਵੇ, ਤਾਂ ਅਜਿਹਾ ਐਲਾਨ ਠੋਸ ਹੱਲ ਨਾਲੋਂ ਕਾਗਜ਼ੀ ਭਰੋਸਾ ਵਧੇਰੇ ਜਾਪਦਾ ਹੈ। ਫਿਰ ਵੀ ਇਸ ਦਾ ਇੱਕ ਅਹਿਮ ਪੱਖ ਧਿਆਨ ਖਿੱਚਦਾ ਹੈ।
ਸੁਰੱਖਿਆ ਪ੍ਰੀਸ਼ਦ ਦੇ ਤਿੰਨ ਸਥਾਈ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਵਿੱਚ ਤਬਦੀਲੀ ਦੀ ਲੋੜ ਬਾਰੇ ਇੱਕੋ ਸੁਰ ਵਿੱਚ ਗੱਲ ਕੀਤੀ ਹੈ। ਇਹ ਭਾਰਤ ਲਈ ਸ਼ੁੱਭ ਸੰਕੇਤ ਹੈ, ਕਿਉਂਕਿ ਭਾਰਤ ਲੰਮੇ ਸਮੇਂ ਤੋਂ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦੀ ਮੰਗ ਕਰਦਾ ਆ ਰਿਹਾ ਹੈ। ਹਾਲਾਂਕਿ ਸੁਧਾਰ ਕਿਵੇਂ ਹੋਣਗੇ, ਇਸ ਬਾਰੇ ਕੋਈ ਸਪੱਸ਼ਟ ਰੂਪ-ਰੇਖਾ ਨਹੀਂ ਦਿੱਤੀ ਗਈ। ਭਾਰਤ ਦੀ ਦਾਅਵੇਦਾਰੀ ਦਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖੁੱਲ੍ਹ ਕੇ ਸਮੱਰਥਨ ਕਰ ਚੁੱਕੇ ਹਨ।
ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਵੀ ਇਸ ਮੰਗ ਦੇ ਹੱਕ ਵਿੱਚ ਖੜ੍ਹੇ ਹਨ। ਇਸ ਤੋਂ ਇਲਾਵਾ ਅਫ਼ਰੀਕੀ ਸੰਘ ਦੇ 55 ਮੈਂਬਰ ਦੇਸ਼ ਵੀ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਦੇ ਹਮਾਇਤੀ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਚੀਨ ’ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸੁਰੱਖਿਆ ਪ੍ਰੀਸ਼ਦ ਵਿੱਚ ਕਿਸੇ ਵੀ ਵੱਡੀ ਤਬਦੀਲੀ ਲਈ ਸਾਰੇ ਪੰਜ ਸਥਾਈ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ। ਨਵੇਂ ਸਥਾਈ ਮੈਂਬਰਾਂ ਨੂੰ ਵੀਟੋ ਦਾ ਅਧਿਕਾਰ ਮਿਲੇਗਾ ਜਾਂ ਨਹੀਂ, ਇਹ ਵੀ ਸੁਧਾਰ ਦੀਆਂ ਸ਼ਰਤਾਂ ’ਤੇ ਨਿਰਭਰ ਕਰੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਕਹਿ ਚੁੱਕੇ ਹਨ ਕਿ ਸੁਰੱਖਿਆ ਪ੍ਰੀਸ਼ਦ ਦੀ ਮੌਜੂਦਾ ਬਣਤਰ 21ਵੀਂ ਸਦੀ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦੀ। ਇਸ ਪ੍ਰੀਸ਼ਦ ਦੀ ਸਥਾਪਨਾ 1945 ਵਿੱਚ ਹੋਈ ਸੀ ਅਤੇ 1965 ਤੋਂ ਇਸ ਵਿੱਚ 15 ਮੈਂਬਰ ਹਨ। ਇਨ੍ਹਾਂ ਵਿੱਚ ਪੰਜ ਸਥਾਈ ਮੈਂਬਰ ਰੂਸ, ਬ੍ਰਿਟੇਨ, ਚੀਨ, ਫਰਾਂਸ ਅਤੇ ਅਮਰੀਕਾ ਹਨ। ਇਨ੍ਹਾਂ ਸਾਰਿਆਂ ਕੋਲ ਕਿਸੇ ਵੀ ਅਹਿਮ ਮਤੇ ਨੂੰ ਰੋਕਣ ਦਾ ਵਿਸ਼ੇਸ਼ ਅਧਿਕਾਰ ਹੈ। ਬਾਕੀ 10 ਅਸਥਾਈ ਮੈਂਬਰ ਸੰਯੁਕਤ ਰਾਸ਼ਟਰ ਦੀ ਮਹਾਸਭਾ ਵੱਲੋਂ ਦੋ ਸਾਲਾਂ ਦੇ ਕਾਰਜਕਾਲ ਲਈ ਚੁਣੇ ਜਾਂਦੇ ਹਨ। ਭਾਰਤ ਵੀ 2021-22 ਦੌਰਾਨ ਇਸੇ ਤਰ੍ਹਾਂ ਦਾ ਅਸਥਾਈ ਮੈਂਬਰ ਰਿਹਾ ਸੀ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਵੀ ਸੁਰੱਖਿਆ ਪ੍ਰੀਸ਼ਦ ਨੂੰ ਪੁਰਾਣੀ ਵਿਵਸਥਾ ਦਾ ਪ੍ਰਤੀਕ ਦੱਸ ਚੁੱਕੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੇ ਢਾਂਚੇ ਵਿੱਚ ਤਬਦੀਲੀ ਨਾ ਕੀਤੀ ਗਈ ਤਾਂ ਦੁਨੀਆ ਦਾ ਇਸ ਸੰਸਥਾ ਤੋਂ ਭਰੋਸਾ ਉੱਠ ਸਕਦਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੁਰੱਖਿਆ ਪ੍ਰੀਸ਼ਦ ਦੀ ਸਥਾਪਨਾ ਇਸ ਸੰਕਲਪ ਨਾਲ ਕੀਤੀ ਗਈ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੰਗ ਦੀ ਭਿਆਨਕਤਾ ਤੋਂ ਬਚਾਇਆ ਜਾ ਸਕੇ।
ਪਰ ਅੱਜ ਇਸ ਦੀ ਭਰੋਸੇਯੋਗਤਾ ’ਤੇ ਸਵਾਲ ਉੱਠ ਰਹੇ ਹਨ, ਕਿਉਂਕਿ ਵੱਡੇ ਦੇਸ਼ ਆਪਣੇ ਹਿੱਤਾਂ ਦੀ ਪੂਰਤੀ ਲਈ ਵੀਟੋ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ ਤੇ ਕਈ ਜ਼ਰੂਰੀ ਫ਼ੈਸਲੇ ਲਟਕ ਜਾਂਦੇ ਹਨ। ਇਰਾਕ ਅਤੇ ਅਫ਼ਗਾਨਿਸਤਾਨ ਅੱਜ ਵੀ ਮਹਾਂਸ਼ਕਤੀਆਂ ਦੇ ਦਖ਼ਲ ਨਾਲ ਹੋਈਆਂ ਜੰਗਾਂ ਦੇ ਦਰਦ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ। ਅਫ਼ਗਾਨਿਸਤਾਨ ਵਿੱਚ ਔਰਤਾਂ ਤੇ ਵਿਰੋਧੀਆਂ ਨਾਲ ਹੋ ਰਿਹਾ ਵਿਹਾਰ ਪੂਰੀ ਦੁਨੀਆ ਦੇ ਸਾਹਮਣੇ ਹੈ।
ਦੂਜੇ ਪਾਸੇ, ਚੀਨ ਨੇ ਕਈ ਸਾਲਾਂ ਤੱਕ ਮਸੂਦ ਅਜ਼ਹਰ ਵਰਗੇ ਅੱਤਵਾਦੀ ਸਰਗਨਾ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਤੋਂ ਰੋਕੀ ਰੱਖਿਆ। ਇਹ ਰੁਕਾਵਟ ਆਖ਼ਰਕਾਰ 2019 ਵਿੱਚ ਜਾ ਕੇ ਦੂਰ ਹੋਈ। ਸੁਧਾਰ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਜਿਨ੍ਹਾਂ ਦੇਸ਼ਾਂ ਕੋਲ ਵਿਸ਼ੇਸ਼ ਅਧਿਕਾਰ ਹਨ, ਉਹ ਉਨ੍ਹਾਂ ਨੂੰ ਛੱਡਣ ਲਈ ਅਸਾਨੀ ਨਾਲ ਤਿਆਰ ਨਹੀਂ ਹੁੰਦੇ। ਇਸ ਲਈ ਸ਼ੇਨਝੇਨ ਵਿੱਚ ਬਣੀ ਸਹਿਮਤੀ ਉਦੋਂ ਹੀ ਸਾਰਥਿਕ ਹੋਵੇਗੀ।
ਜਦੋਂ ਇਸ ਦੇ ਨਾਲ ਕੋਈ ਸਮਾਂ-ਸੀਮਾ ਤੇ ਸਪੱਸ਼ਟ ਪ੍ਰਸਤਾਵ ਵੀ ਸਾਹਮਣੇ ਆਉਣਗੇ। ਭਾਰਤ ਸਮੇਤ ਹੋਰ ਦਾਅਵੇਦਾਰ ਦੇਸ਼ਾਂ ਨੂੰ ਵੀ ਆਪਣੇ ਆਪਸੀ ਮੱਤਭੇਦ ਭੁਲਾ ਕੇ ਇੱਕ ਸਾਂਝੇ ਪ੍ਰਸਤਾਵ ’ਤੇ ਦ੍ਰਿੜ੍ਹ ਰਹਿਣਾ ਹੋਵੇਗਾ। ਸੰਯੁਕਤ ਰਾਸ਼ਟਰ ਦੀ ਸਾਖ ਉਦੋਂ ਹੀ ਮੁੜ ਬਹਾਲ ਹੋ ਸਕਦੀ ਹੈ, ਜਦੋਂ ਇਸ ਦਾ ਢਾਂਚਾ ਅੱਜ ਦੀ ਦੁਨੀਆ ਦੀ ਅਸਲ ਤਸਵੀਰ ਪੇਸ਼ ਕਰੇਗਾ। ਭਾਰਤ ਦਾ ਪੱਖ ਕਈ ਨਜ਼ਰੀਆਂ ਤੋਂ ਮਜ਼ਬੂਤ ਹੈ।
ਭਾਰਤ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ, ਜਿੱਥੇ ਵਿਸ਼ਵ ਦੀ ਲਗਭਗ 18 ਫ਼ੀਸਦੀ ਅਬਾਦੀ ਵੱਸਦੀ ਹੈ। ਇਹ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਅਤੇ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਫੌਜਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਭਾਰਤ ਨੇ ਖ਼ੁਦ ਵੀ ਜੰਗਾਂ ਦਾ ਸੰਤਾਪ ਹੰਢਾਇਆ ਹੈ।
ਪਾਕਿਸਤਾਨ ਨਾਲ 1947, 1965, 1971 ਅਤੇ 1999 ਵਿੱਚ ਅਤੇ ਚੀਨ ਨਾਲ 1962 ਵਿੱਚ ਹੋਈਆਂ ਜੰਗਾਂ ਕਾਰਨ ਉਹ ਸ਼ਾਂਤੀ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਅਜਿਹੇ ਦੇਸ਼ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਥਾਂ ਨਾ ਮਿਲਣਾ ਇਸ ਸੰਸਥਾ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਹੁਣ ਦੇਖਣਾ ਇਹ ਹੈ ਕਿ ਸ਼ੇਨਝੇਨ ਵਿੱਚ ਕੀਤੇ ਗਏ ਵਾਅਦੇ ਅਮਲ ਵਿੱਚ ਬਦਲਦੇ ਹਨ ਜਾਂ ਫਿਰ ਇਹ ਸਿਰਫ਼ ਇੱਕ ਹੋਰ ਤਸਵੀਰ ਬਣ ਕੇ ਰਹਿ ਜਾਂਦੇ ਹਨ। ਭਾਰਤ ਨੂੰ ਇਸ ਮੌਕੇ ’ਤੇ ਸਬਰ, ਸਰਗਰਮ ਕੂਟਨੀਤੀ ਅਤੇ ਬਰਾਬਰ ਸੋਚ ਵਾਲੇ ਦੇਸ਼ਾਂ ਨਾਲ ਤਾਲਮੇਲ ਬਣਾ ਕੇ ਅੱਗੇ ਵਧਣਾ ਹੋਵੇਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
ਇਹ ਵੀ ਪੜ੍ਹੋ : Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਸਾਰੀਆਂ 520 ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ: ਅਮਨ ਅਰੋੜਾ
Comments