Children Health: ਹੀਟ ਸਟ੍ਰੋਕ ਦੇ ਲੱਛਣ ਪਛਾਣੋ, ਬੱਚਿਆਂ ਦਾ ਰੱਖੋ ਧਿਆਨ
ਦੇਸ਼ ਭਰ ’ਚ ਲਗਾਤਾਰ ਵਧ ਰਹੀ ਗਰਮੀ ਨੇ ਬੱਚਿਆਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ
Children Health: ਦੇਸ਼ ਭਰ ’ਚ ਲਗਾਤਾਰ ਵਧ ਰਹੀ ਗਰਮੀ ਨੇ ਬੱਚਿਆਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਸ਼ਹਿਰਾਂ ’ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਚੁੱਕਾ ਹੈ ਅਤੇ ਲੂ ਦੀਆਂ ਲਹਿਰਾਂ ਛੋਟੇ ਬੱਚਿਆਂ ਲਈ ਗੰਭੀਰ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਬੱਚਿਆਂ ਦਾ ਸਰੀਰ ਵੱਡਿਆਂ ਦੇ ਮੁਕਾਬਲੇ ਤੇਜ਼ੀ ਨਾਲ ਗਰਮ ਹੋ ਜਾਂਦਾ ਹੈ, ਇਸ ਲਈ ਉਨ੍ਹਾਂ ’ਚ ਡੀਹਾਈਡ੍ਰੇਸ਼ਨ ਅਤੇ ਹੀਟ ਸਟਰੋਕ ਦਾ ਖ਼ਤਰਾ ਵਧੇਰੇ ਰਹਿੰਦਾ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਮਾਹਿਰ ਮਾਪਿਆਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਥੋੜ੍ਹੀ ਜਿਹੀ ਲਾਪਰਵਾਹੀ ਬੱਚਿਆਂ ਦੀ ਸਿਹਤ ’ਤੇ ਭਾਰੀ ਪੈ ਸਕਦੀ ਹੈ, ਜਦੋਂਕਿ ਸਹੀ ਦੇਖਭਾਲ ਉਨ੍ਹਾਂ ਨੂੰ ਗਰਮੀ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਸੁਰੱਖਿਅਤ ਰੱਖ ਸਕਦੀ ਹੈ।
ਸਰੀਰ ਤੇਜ਼ੀ ਨਾਲ ਗਰਮ ਹੁੰਦਾ ਹੈ
ਗਰਮੀ ਦੇ ਮੌਸਮ ’ਚ ਬੱਚਿਆਂ ਦਾ ਸਰੀਰ ਤਾਪਮਾਨ ਨੂੰ ਕੰਟਰੋਲ ਕਰਨ ’ਚ ਓਨਾ ਸਮਰੱਥ ਨਹੀਂ ਹੁੰਦਾ ਜਿੰਨਾ ਵੱਡਿਆਂ ਦਾ ਹੁੰਦਾ ਹੈ। ਤੇਜ਼ ਧੁੱਪ, ਹੁੰਮਸ ਅਤੇ ਲਗਾਤਾਰ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਅਤੇ ਜ਼ਰੂਰੀ ਖਣਿੱਜਾਂ ਦੀ ਕਮੀ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਬੱਚੇ ਛੇਤੀ ਥੱਕ ਜਾਂਦੇ ਹਨ, ਚਿੜਚਿੜੇ ਹੋ ਜਾਂਦੇ ਹਨ ਤੇ ਕਮਜ਼ੋਰੀ ਮਹਿਸੂਸ ਕਰਨ ਲੱਗਦੇ ਹਨ। ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਹਾਲਤ ਹੀਟ ਸਟ੍ਰੋਕ ਤੱਕ ਪਹੁੰਚ ਸਕਦੀ ਹੈ, ਜੋ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਇਸ ਲਈ ਬੱਚਿਆਂ ਨੂੰ ਭਰਪੂਰ ਪਾਣੀ, ਘਰ ਬਣਾਇਆ ਠੰਢਾ ਸ਼ਰਬਤ ਤੇ ਆਰਾਮ ਦੇਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
Read Also : Iran America News: ਈਰਾਨ ਤੇ ਅਮਰੀਕਾ ਵਿਚਕਾਰ ਹੋਰਮੁਜ਼ ਜਲਡਮਰੂ ਦੇ ਆਲੇ-ਦੁਆਲੇ ਤਣਾਅ, ਗੋਲੀਬਾਰੀ, ਧਮਾਕੇ
ਲੱਛਣ ਤੁਰੰਤ ਪਛਾਣੋ | Children Health
ਹੀਟ ਸਟ੍ਰੋਕ ਦੇ ਲੱਛਣ ਅਕਸਰ ਆਮ ਥਕਾਵਟ ਵਰਗੇ ਲੱਗਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸਰੀਰ ਦਾ ਤਾਪਮਾਨ ਬਹੁਤ ਵਧ ਜਾਣਾ, ਤੇਜ਼ ਸਿਰਦਰਦ, ਲਗਾਤਾਰ ਪਸੀਨਾ ਆਉਣਾ, ਮਾਸਪੇਸ਼ੀਆਂ ’ਚ ਦਰਦ, ਤੇਜ਼ ਧੜਕਨ ਅਤੇ ਸਾਹ ਲੈਣ ’ਚ ਤਕਲੀਫ ਇਸ ਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਕਈ ਬੱਚਿਆਂ ਨੂੰ ਚੱਕਰ ਆਉਣਾ, ਉਲਟੀਆਂ, ਬੇਚੈਨੀ ਜਾਂ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਇਹ ਲੱਛਣ ਨਜ਼ਰ ਆਉਣ, ਤੁਰੰਤ ਬੱਚੇ ਨੂੰ ਧੁੱਪ ਤੋਂ ਛਾਂ ’ਚ ਲੈ ਜਾਓ ਅਤੇ ਮੁੱਢਲਾ ਇਲਾਜ ਸ਼ੁਰੂ ਕਰ ਦਿਓ ਤਾਂਕਿ ਹਾਲਤ ਗੰਭੀਰ ਨਾ ਹੋਵੇ।
ਤੁਰੰਤ ਰਾਹਤ ਪਹੁੰਚਾਓ | Children Health
ਜੇਕਰ ਬੱਚੇ ਨੂੰ ਲੂ ਲੱਗ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਠੰਢੀ ਅਤੇ ਛਾਂ ਵਾਲੀ ਥਾਂ ’ਤੇ ਲਿਜਾਣਾ ਚਾਹੀਦਾ ਹੈ। ਬੱਚੇ ਨੂੰ ਆਰਾਮ ਨਾਲ ਲਿਟਾ ਕੇ ਉਸ ਦੇ ਪੈਰਾਂ ਨੂੰ ਥੋੜ੍ਹਾ ਉੱਪਰ ਰੱਖਣ ਨਾਲ ਸਰੀਰ ’ਚ ਖੂਨ ਦਾ ਵਹਾਅ ਆਮ ਹੋਣ ’ਚ ਮੱਦਦ ਮਿਲਦੀ ਹੈ। ਜੇ ਬੱਚਾ ਹੋਸ਼ ’ਚ ਹੋਵੇ ਤਾਂ ਉਸ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ’ਚ ਪਾਣੀ, ਓਆਰਐੱਸ ਜਾਂ ਨਿੰਬੂ ਪਾਣੀ ਪਿਲਾਉਣਾ ਫਾਇਦੇਮੰਦ ਰਹਿੰਦਾ ਹੈ। ਸਰੀਰ ਨੂੰ ਠੰਢੇ ਪਾਣੀ ਨਾਲ ਸਾਫ ਕਰੋ ਜਾਂ ਸਪੰਜ ਕਰਨਾ ਵੀ ਰਾਹਤ ਦਿੰਦਾ ਹੈ। ਉੱਥੇ ਹੀ, ਜੇ ਬੱਚਾ ਬੇਹੋਸ਼ ਹੋ ਜਾਵੇ ਤਾਂ ਉਸ ਨੂੰ ਜ਼ਬਰਦਸਤੀ ਕੁਝ ਵੀ ਖੁਆਉਣ-ਪਿਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਮੱਦਦ ਲੈਣੀ ਚਾਹੀਦੀ ਹੈ।
ਸਾਵਧਾਨੀ ਸਭ ਤੋਂ ਜ਼ਰੂਰੀ
ਗਰਮੀ ਦੇ ਦਿਨਾਂ ’ਚ ਬੱਚਿਆਂ ਨੂੰ ਦੁਪਹਿਰ ਦੇ ਸਮੇਂ ਬਾਹਰ ਲਿਜਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹੀ ਸਮਾਂ ਸਭ ਤੋਂ ਵੱਧ ਗਰਮ ਹੁੰਦਾ ਹੈ। ਬਾਹਰ ਨਿੱਕਲਦੇ ਸਮੇਂ ਪਾਣੀ ਦੀ ਬੋਤਲ, ਟੋਪੀ, ਛੱਤਰੀ ਅਤੇ ਸੂਤੀ ਕੱਪੜੇ ਬੱਚਿਆਂ ਦੀ ਸੁਰੱਖਿਆ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰੀ ਤੇ ਤੰਗ ਕੱਪੜੇ ਸਰੀਰ ਦੀ ਗਰਮੀ ਵਧਾ ਸਕਦੇ ਹਨ, ਇਸ ਲਈ ਹੌਲੇ ਅਤੇ ਢਿੱਲੇ ਕੱਪੜੇ ਪਹਿਨਣਾ ਸਹੀ ਮੰਨਿਆ ਜਾਂਦਾ ਹੈ। ਘਰ ਦੇ ਅੰਦਰ ਵੀ ਬੱਚਿਆਂ ਨੂੰ ਭਰਪੂਰ ਪਾਣੀ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ। ਸਿਹਤ ਮਾਹਿਰ ਮੰਨਦੇ ਹਨ ਕਿ ਸਮੇਂ ਸਿਰ ਵਰਤੀਆਂ ਗਈਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਬੱਚਿਆਂ ਨੂੰ ਗਰਮੀ ਦੀਆਂ ਵੱਡੀਆਂ ਪਰੇਸ਼ਾਨੀਆਂ ਤੋਂ ਬਚਾ ਸਕਦੀਆਂ ਹਨ।