ਸਖ਼ਤ ਸੁਰੱਖਿਆ ਹੇਠ ਹੋਇਆ ਸਿੱਖਿਆ ਮੰਤਰੀ ਦਾ ਪ੍ਰੋਗਰਾਮ

Minister, Education, Severe, Security, Progress

ਸ੍ਰੀ ਮੁਕਤਸਰ ਸਾਹਿਬ ‘ਚ ਭਾਰੀ ਸੁਰੱਖਿਆ ਦਰਮਿਆਨ ਪਹੁੰਚੇ ਸਿੱਖਿਆ ਮੰਤਰੀ

  • ਸਿਸਟਮ ਖਰਾਬ ਕਰਨ ਵਾਲਿਆਂ ‘ਤੇ ਹੋਵੇਗਾ ਐਕਸ਼ਨ : ਸਿੱਖਿਆ ਮੰਤਰੀ ਸੋਨੀ
  • ਅਧਿਆਪਕਾਂ ਤੋਂ ਪਹਿਲਾਂ ਲਈ ਸਹਿਮਤੀ ਦੇ ਆਧਾਰ ‘ਤੇ ਕੀਤਾ ਸੀ ਪੱਕਾ

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੁਰੇਸ਼ ਗਰਗ)। ਰੈਗੂਲਰ ਕਰਨ ਦੇ ਨਾਂਅ ‘ਤੇ ਤਨਖਾਹਾਂ ‘ਚ ਕਟੌਤੀ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ਼ ਸੰਘਰਸ਼ ਕਰ ਰਹੇ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਕੂਲ ਵਿੱਚ ਸਮਾਰੋਹ ‘ਚ ਸਿੱਖਿਆ ਮੰਤਰੀ ਪੰਜਾਬ ਓ ਪੀ ਸੋਨੀ ਭਾਰੀ ਸੁਰੱਖਿਆ ‘ਚ ਪਹੁੰਚੇ ਜਾਣਕਾਰੀ ਅਨੁਸਾਰ ਸਥਾਨਕ ਅਕਾਲ ਅਕੈਡਮੀ ਦੇ ਸਥਾਪਨਾ ਦਿਵਸ ‘ਤੇ ਰੱਖੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸਿੱਖਿਆ ਮੰਤਰੀ ਪੰਜਾਬ ਸ੍ਰੀ ਸੋਨੀ ਪਹੁੰਚੇ ਸਨ ਇਸ ਦੌਰਾਨ ਪੁਲਿਸ ਵੱਲੋਂ ਅਕਾਲ ਅਕੈਡਮੀ ਵਿਖੇ ਸਮਾਗਮ ਦੌਰਾਨ ਅਧਿਆਪਕਾਂ ਦੇ ਕਿਸੇ ਵਿਰੋਧ ਵਿਖਾਵੇ ਕੀਤੇ ਜਾਣ ਦੇ ਖਦਸ਼ੇ ਨੂੰ ਧਿਆਨ ‘ਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਥਾਣਾ ਸਿਟੀ ਇੰਚਾਰਜ ਭੁਪਿੰਦਰ ਸਿੰਘ ਨੇ ਇਸ ਗੱਲ ਨੂੰ ਨਿਕਾਰਿਆ ਕਿ ਅਧਿਆਪਕਾਂ ਦੇ ਡਰੋਂ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ।

 ਇਸ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਤੇ ਵਾਤਾਵਰਨ ਵਿਭਾਗ ਦੇ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਵੱਖ-ਵੱਖ ਸੁਸਾਇਟੀਆਂ ‘ਚ ਤਾਇਨਾਤ ਕੀਤੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਦਾ ਫੈਸਲਾ ਇਨ੍ਹਾਂ ਅਧਿਆਪਕਾਂ ਦੀ ਰਾਏ ਲੈ ਕੇ ਹੀ ਕੀਤਾ ਗਿਆ ਸੀ ਅਤੇ 94 ਫੀਸਦੀ ਅਧਿਆਪਕਾਂ ਨੇ ਇਸ ਸਬੰਧੀ ਸਹਿਮਤੀ ਦਿੱਤੀ ਸੀ। ਇਨ੍ਹਾਂ ਅਧਿਆਪਕਾਂ ਨੇ ਤਾਂ 10300 ਰੁਪਏ ਦੀ ਬੇਸਿਕ ਤਨਖਾਹ ‘ਤੇ ਹੀ ਪੱਕੇ ਹੋਣ ਦੀ ਹਾਮੀ ਭਰੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਵਿਭਾਗ ‘ਚ ਜਜ਼ਬ ਕਰਨ ਸਮੇਂ 15000 ਰੁਪਏ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ 9000 ਅਧਿਆਪਕਾਂ ਨੂੰ ਲਾਭ ਹੋਵੇਗਾ। ਹਾਲਾਂਕਿ ਰੋਸ ਪ੍ਰਗਟ ਕਰਨ ਲਈ ਲੋਕਤੰਤਰ ਵਿੱਚ ਸਾਰਿਆਂ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਹੱਕ ਪ੍ਰਾਪਤ ਹੈ ਪਰ ਡਿਊਟੀ ਦੀ ਜਗ੍ਹਾ ‘ਤੇ ਪ੍ਰਦਰਸ਼ਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਇਹ ਗੱਲ ਸਾਫ ਕੀਤੀ ਹੈ ਕਿ ਡਿਊਟੀ ਵੇਲੇ ਧਰਨੇ ‘ਚ ਸ਼ਾਮਲ ਹੋਣਾ ਤੇ ਸਿਸਟਮ ਨੂੰ ਖਰਾਬ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਕੂਲਾਂ ‘ਚ ਬੱਚਿਆਂ ਦੀ ਪੜ੍ਹਾਈ ਕਿਸੇ ਵੀ ਕੀਮਤ ‘ਤੇ ਬਰਬਾਦ ਨਹੀਂ ਹੋਣ ਦਿੱਤੀ ਜਾਵੇਗੀ। ਪਿਛਲੇ ਦਸ ਸਾਲਾਂ ‘ਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਪਹਿਲਾਂ ਹੀ ਕਾਫੀ ਥੱਲੇ ਆ ਚੁੱਕੀ ਹੈ, ਜਿਸਨੂੰ ਉੱਚੇ ਪੱਧਰ ‘ਤੇ ਲਿਆਉਣ ਲਈ ਕੈਪਟਨ ਸਰਕਾਰ ਕਾਫੀ ਯਤਨ ਕਰ ਰਹੀ ਹੈ। ਅੰਤ ‘ਚ ਉਹਨਾਂ ਅਧਿਆਪਕਾਂ ਨੂੰ ਧਰਨਾ ਪ੍ਰਦਰਸ਼ਨ ਖਤਮ ਕਰਕੇ ਸਕੂਲਾਂ ‘ਚ ਵਾਪਸ ਆਉਣ ਦੀ ਅਪੀਲ ਕੀਤੀ ਇਸ ਮੌਕੇ ਹਰਚਰਨ ਸਿੰਘ ਸੋਥਾ, ਐਸ. ਪੀ. ਡੀ. ਰਣਬੀਰ ਸਿੰਘ, ਡੀਐੱਸਪੀ ਤਲਵਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਚਰਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ, ਖੇਮ ਸਿੰਘ ਗਿੱਲ ਆਦਿ ਹਾਜ਼ਰ ਸਨ।

ਐੱਸਡੀਐੱਮ ਨੂੰ ਵੀ ਤਾਂ ਸ਼ੁਰੂਆਤ ‘ਚ 15 ਹਜ਼ਾਰ ਹੀ ਮਿਲਦਾ

ਮਹਿੰਗਾਈ ਦੇ ਇਸ ਦੌਰ ‘ਚ 15 ਹਜ਼ਾਰ ਰੁਪਏ ਨਾਲ ਗੁਜ਼ਾਰਾ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਿੱਖਿਆ ਮੰਤਰੀ ਨੇ ਕਿਹਾ ਕਿ ਇੱਕ ਪੀਸੀਐੱਸ ਕਰਨ ਤੋਂ ਬਾਅਦ ਨਿਯੁਕਤ ਇੱਕ ਐੱਸਡੀਐੱਮ ਨੂੰ ਵੀ ਸ਼ੁਰੂਆਤ ‘ਚ 15 ਹਜ਼ਾਰ ਰੁਪਏ ਤਨਖਾਹ ਹੀ ਮਿਲਦੀ ਹੈ ਫਿਰ ਵੀ ਪੰਜਾਬ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਤਿੰਨ ਸਾਲ ‘ਚ ਪੱਕਾ ਕਰਨਾ ਦਾ ਭਰੋਸਾ ਵੀ ਦਿੱਤਾ ਹੈ।

ਤਿੰਨ ਸਾਲ ਬਾਅਦ ਲੱਗ ਜਾਵੇਗਾ ਕੋਡ, ਤਾਂ ਪੱਕੇ ਕਿਸ ਤਰ੍ਹਾਂ

ਸਿੱਖਿਆ ਮੰਤਰੀ ਨੇ ਕਿਹਾ ਕਿ ਤਿੰਨ ਸਾਲ ਬਾਅਦ ਅਧਿਆਪਕਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਤਾਂ ਤਿੰਨ ਸਾਲ ਬਾਅਦ ਚੋਣਾਂ ਹੋਣ ਕਾਰਨ ਕੋਡ ਆਫ ਕੰਡਕਟ ਲੱਗ ਜਾਵੇਗਾ ਤੇ ਤੁਹਾਡਾ ਵਾਅਦਾ ਫਿਰ ਵਾਅਦਾ ਹੀ ਬਣ ਕੇ ਰਹਿ ਜਾਵੇਗਾ। ਜਦਕਿ ਇਨ੍ਹਾਂ ਅਧਿਆਪਕਾਂ ਨੂੰ ਪਿਛਲੇ 5 ਮਹੀਨੇ ਤੋਂ ਤਨਖਾਹ ਵੀ ਨਹੀਂ ਮਿਲੀ ਹੈ। ਇਸ ‘ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਬਕਾਇਆ ਤਨਖਾਹ ਦਿੱਤੀ ਜਾਵੇਗੀ ਤੇ ਇਨ੍ਹਾਂ ਨੂੰ ਪਹਿਲਾਂ ਹੀ ਪੱਕਾ ਕਰ ਦਿੱਤਾ ਜਾਵੇਗਾ।

ਸਹਿਮਤੀ ਦਾ ਸਰਕਾਰੀ ਦਾਅਵਾ ਝੂਠਾ: ਅਧਿਆਪਕ ਆਗੂ

ਇਸ ਸਬੰਧੀ ਸਥਾਨਕ ਅਧਿਆਪਕ ਆਗੂ ਅਮਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਸਹਿਮਤੀ ਲਏ ਜਾਣ ਦੇ ਮੰਤਰੀ ਸਾਹਿਬ ਵੱਲੋਂ ਕੀਤੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ। ਸਾਰੇ 9 ਹਜ਼ਾਰ ਦੇ ਕਰੀਬ ਅਧਿਆਪਕਾਂ ‘ਚੋਂ ਸਿਰਫ ਗਿਣਤੀ ਦੇ ਅਧਿਆਪਕਾਂ ਦੀ ਸਹਿਮਤੀ ਨੂੰ ਸਾਰੇ ਟੀਚਰਾਂ ਦੀ ਸਹਿਮਤੀ ਦੱਸਿਆ ਜਾ ਰਿਹਾ ਹੈ। ਜੇਕਰ ਸਰਕਾਰ 50 ਫੀਸਦੀ ਅਧਿਆਪਕਾਂ ਦੀ ਸਹਿਮਤੀ ਵੀ ਸਾਬਤ ਕਰ ਦੇਵੇ ਤਾਂ ਅਸੀਂ ਆਪਣਾ ਸੰਘਰਸ਼ ਛੱਡ ਦੇਵਾਂਗੇ।