ਸਮਾਣਾ ਦੀ ਫੈਕਟਰੀ ‘ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅੱਗ ਬੁਝਾਉਣ ‘ਚ ਅਸਫ਼ਲ

ਸਮਾਣਾ,(ਸੁਨੀਲ ਚਾਵਲਾ)। ਸਮਾਣਾ ਭਵਾਨੀਗੜ੍ਹ ਰੋਡ ਭੇਡਪੁਰੀ ਲਿੰਕ ਰੋਡ ‘ਤੇ ਸਥਿੱਤ ਗੋਇਲ ਸੋਲਵੈਂਟ ਫੈਕਟਰੀ ‘ਚ ਸੋਮਵਾਰ ਤੜਕ ਸਵੇਰ ਅਚਾਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਪਾਉਣ ਲਈ ਸਮਾਣਾ ਦੇ ਨਾਲ ਨਾਲ ਸੰਗਰੂਰ, ਪਟਿਆਲਾ, ਨਾਭਾ, ਚੀਕਾ ਆਦਿ ਸਟੇਸਨਾਂ ਤੋਂ ਫਾਇਰ ਬਿਗ੍ਰੇਡ ਦੀਆਂ ਦਸ ਗੱਡੀਆਂ ਨੂੰ ਅੱਗ ਬੁਝਾਉਣ ਦੇ ਇਸ ਕੰਮ ਵਿਚ ਲਾਇਆ ਗਿਆ, ਜੋ ਕਈ ਘੰਟਿਆਂ ਦੀ ਸਖ਼ਤ ਮੁਸ਼ਕਤ ਤੋਂ ਬਾਅਦ ਵੀ ਅਸਫ਼ਲ ਰਹੀ ਤੇ ਖਬਰ ਲਿਖੇ ਜਾਣ ਤੱਕ ਅੱਗ ਜਾਰੀ ਸੀ।

ਜਿੰਨੀ ਅੱਗ ਭੜਕੀ ਹੋਈ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਬੁਝਾਉਣ ਲਈ ਲੰਬਾਂ ਸਮਾਂ ਸੰਘਰਸ਼ ਕਰਨਾ ਪਵੇਗਾ। ਅੱਗ ਲੱਗਣ ਦੇ ਕਾਰਨਾਂ ਦਾ ਫ਼ਿਲਹਾਲ ਕੁਝ ਪਤਾ ਨਹੀਂ ਲਗ ਸਕਿਆ। ਮੌਕੇ ‘ਤੇ ਐਸਡੀਐਮ ਸਮਾਣਾ,ਤਹਿਸੀਲਦਾਰ ,ਪੁਲਿਸ ਅਧਿਕਾਰੀ,ਨਗਰ ਕੌਂਸਲ ਪ੍ਰਧਾਨ ਤੇ ਅਧਿਕਾਰੀ ਅਤੇ ਫਾਇਰ ਬਿਗ੍ਰੇਡ ਦੇ ਅਧਿਕਾਰੀ ਵੀ ਹਾਜ਼ਰ ਸਨ।

ਜਿਸ ਸਮੇਂ ਫੈਕਟਰੀ ਵਿਚ ਅੱਗ ਲੱਗੀ ਉਸ ਸਮੇਂ ਪਲਾਂਟ ਦੇ ਨਿੱਚੇ ਦੱਬੇ ਗਏ ਤੇਲ ਦੇ ਟੈਂਕ ਵਿਚ 60 ਹਜ਼ਾਰ ਲੀਟਰ ਦੇ ਕਰੀਬ ਪੈਟਰੋਲ ਭਰਿਆ ਹੋਇਆ ਹੈ ਤੇ ਜੇਕਰ ਅੱਗ ਉੱਥੇ ਤੱਕ ਪੁੱਜ ਜਾਂਦੀ ਤਾਂ ਇਹ ਫੈਕਟਰੀ ਦੇ ਨਾਲ-ਨਾਲ ਪੁਰੇ ਸ਼ਹਿਰ ਲਈ ਵੀ ਵੱਡਾ ਖ਼ਤਰਾ ਸਾਬਤ ਹੋ ਸਕਦੀ ਹੈ।

ਫੈਕਟਰੀ ਦੇ ਐਮਡੀ ਸੰਦੀਪ ਗੋਇਲ ਨੇ ਦੱਸਿਆ ਕਿ ਅੱਗ ਅੱਜ ਸਵੇਰੇ ਕਰੀਬ 5 ਵਜੇ ਲੱਗੀ ਪ੍ਰੰਤੂ ਉਸ ਸਮੇਂ ਫੈਕਟਰੀ ਦੀ ਲੇਬਰ ਨੇ ਆਪਣੇ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਪ੍ਰੰਤੂ ਜਦੋਂ ਉਹ ਅੱਗ ‘ਤੇ ਕਾਬੂ ਪਾਉਣ ਵਿਚ ਅਸਫ਼ਲ ਰਹੇ ਤਾਂ ਉਨ੍ਹਾਂ ਮੈਨੂੰ ਫੋਨ ਕੀਤਾ ਜਿਸ ਦੀ ਸੂਚਨਾ ਤੁਰੰਤ ਫਾਇਰ ਬਿਗ੍ਰੇਡ ਦੇ ਦਫ਼ਤਰ ਵਿਖੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਤੇਜ਼ ਸੀ ਕਿ ਸਮਾਣਾ ਦੇ ਨਾਲ-ਨਾਲ ਪਟਿਆਲਾ, ਸੰਗਰੂਰ, ਨਾਭਾ ਤੇ ਚੀਕਾ ਤੋਂ ਵੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ।

ਉਨ੍ਹਾਂ ਦੱਸਿਆ ਕਿ ਫੈਕਟਰੀ ਪਿੱਛਲੇ ਤਿੰਨ-ਚਾਰ ਦਿਨ ਤੋਂ ਬੰਦ ਪਈ ਸੀ ਤੇ ਕੱਚਾ ਮਾਲ ਕਾਫ਼ੀ ਇੱਕਠਾ ਹੋ ਗਿਆ ਸੀ ਜਿਸ ਕਾਰਨ ਅੱਜ ਫੈਕਟਰੀ ਨੂੰ ਚਲਾਉਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਫੈਕਟਰੀ ‘ਚ ਚੌਲਾਂ ਦੀ ਪਾਲਿਸ਼ ਤੋਂ ਤਿਆਰ ਤੇਲ ਵੀ ਵੱਡੀ ਮਾਤਰਾ ਵਿਚ ਫੈਕਟਰੀ ਵਿਚ ਪਿਆ ਸੀ । ਉਨ੍ਹਾਂ ਫੈਕਟਰੀ ਵਿਚ ਵੱਡੀ ਮਾਤਰਾ ਵਿਚ ਪੈਟਰੋਲ ਦੇ ਹੋਣ ਦੀ ਗੱਲ ਵੀ ਮੰਨੀ ਪ੍ਰੰਤੂ ਉਨ੍ਹਾਂ ਨਾਲ ਹੀ ਕਿਹਾ ਕਿ ਅੱਗ ਪੈਟਰੋਲ ਤੱਕ ਨਹੀਂ ਪੁੱਜੀ। ਉਨ੍ਹਾਂ ਦੱਸਿਆ ਕਿ ਇਸ ਅੱਗਜਨੀ ਦੀ ਘਟਨਾ ਦੌਰਾਨ ਕਰੀਬ 5 ਤੋਂ 7 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।

ਪਟਿਆਲਾ ਦੇ ਫਾਇਰ ਸੇਫ਼ਟੀ ਅਧਿਕਾਰੀ ਲਛਮਣ ਦਾਸ ਨੇ ਦੱਸਿਆ ਕਿ ਫੈਕਟਰੀ ਵਿੱਚ ਫਾਇਰ ਸੈਫ਼ਟੀ ਦਾ ਪੁਰਾ ਪ੍ਰਬੰਧ ਨਹੀਂ ਸੀ,ਇੱਥੋਂ ਤੱਕ ਕਿ ਫੈਕਟਰੀ ਵਿਚ ਪਾਣੀ ਵੀ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਾਣੀ ਭਰਨ ਲਈ ਨਾਲ ਦੀਆਂ ਫੈਕਟਰੀਆਂ ਦਾ ਸਹਾਰਾ ਲੈਣਾ ਪਿਆ। ਅੱਗਜਣੀ ਦੀ ਇਸ ਘਟਨਾ ਨਾਲ ਫੈਕਟਰੀ ਦੇ ਆਲੇ ਦੁਆਲੇ ਦੇ ਖੇਤ ਮਾਲਕਾਂ ਦੇ ਵੀ ਸਾਂਹ ਸੁੱਕ ਗਏ ਤੇ ਉਨ੍ਹਾਂ ਤੁਰੰਤ ਆਪਣੀਆਂ ਫਸਲਾਂ ਦੀ ਕਟਾਈ ਸ਼ੁਰੂ ਕਰਵਾ ਦਿੱਤੀ।

ਇਸ ਬਾਰੇ ਜਦੋਂ ਐਸਡੀਐਮ ਸਮਾਣਾ ਨਮਨ ਮੜਕਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਪਹਿਲ ਫੈਕਟਰੀ ਦੀ ਅੱਗ ਬੁਝਾਉਣ ਦੀ ਹੈ। ਫੈਕਟਰੀ ਵਿਚ ਵੱਡੀ ਤਾਦਾਦ ਵਿਚ ਪੈਟਰੋਲ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਫਾਇਰ ਸੇਫ਼ਟੀ ਪ੍ਰਬੰਧਾਂ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਅੱਗ ਤੇ ਕਾਬੂ ਪਾਉਣ ਤੋਂ ਬਾਅਦ ਇਸ ਬਾਰੇ ਜਾਂਚ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।