Ludhiana News: ਲੁਧਿਆਣਾ ’ਚ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਮੌਤ, ਕਮਰੇ ’ਚ ਲਟਕਦੀ ਮਿਲੀ ਲਾਸ਼

ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ, ਪੁਲਿਸ ਨੇ ਪੋਸਟਮਾਰਟਮ ਰਿਪੋਰਟ ਤੱਕ ਜਾਂਚ ਜਾਰੀ ਰੱਖੀ

Khushdeep Singh Picture
Published On

Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਢੋਲੇਵਾਲ ਸਥਿਤ ਪ੍ਰਭਾਤ ਨਗਰ ’ਚ ਇੱਕ ਡਰਾਈਵਰ ਦੀ ਕਮਰੇ ’ਚ ਫਾਹੇ ਨਾਲ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਮਨੋਜ ਵਜੋਂ ਹੋਈ ਹੈ। ਪੁਲਿਸ ਮੁੱਢਲੀ ਜਾਂਚ ’ਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ, ਜਦਕਿ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਮ੍ਰਿਤਕ ਦੇ ਮਾਮਾ ਸੁਨੀਲ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਮਨੋਜ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ, ‘ਮਾਮਾ ਜਲਦੀ ਆ ਜਾਓ, ਇੱਥੇ ਲਫੜਾ ਹੋ ਗਿਆ ਹੈ।’ ਉਹ ਤੁਰੰਤ ਮੌਕੇ ’ਤੇ ਪਹੁੰਚੇ, ਪਰ ਕਮਰੇ ਦਾ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਈ ਵਾਰ ਫੋਨ ਵੀ ਕੀਤਾ, ਪਰ ਮਨੋਜ ਨੇ ਕਾਲ ਨਹੀਂ ਚੁੱਕੀ।

ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਉਹ ਵਾਪਸ ਚਲੇ ਗਏ। ਅਗਲੇ ਦਿਨ ਜਦੋਂ ਉਨ੍ਹਾਂ ਨੇ ਮੁੜ ਫੋਨ ਕੀਤਾ ਤਾਂ ਮੋਬਾਈਲ ਬੰਦ ਸੀ। ਬਾਅਦ ’ਚ ਉਨ੍ਹਾਂ ਨੂੰ ਮਨੋਜ ਦੀ ਮੌਤ ਦੀ ਸੂਚਨਾ ਮਿਲੀ। ਸੁਨੀਲ ਨੇ ਦੋਸ਼ ਲਾਇਆ ਕਿ ਜਦੋਂ ਉਹ ਦੁਬਾਰਾ ਮੌਕੇ ’ਤੇ ਪਹੁੰਚੇ ਤਾਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਮਨੋਜ ਦੀ ਲਾਸ਼ ਬੈੱਡ ’ਤੇ ਪਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਮਕਾਨ ਮਾਲਕ ਨੇ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰ ਦਿੱਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮਨੋਜ ਦੇ ਗਲੇ ’ਤੇ ਫਾਹੇ ਦੇ ਨਿਸ਼ਾਨ ਸਨ, ਜਦਕਿ ਦੋਵੇਂ ਪੈਰਾਂ ’ਤੇ ਗੰਭੀਰ ਸੱਟਾਂ ਤੇ ਰਗੜ ਦੇ ਨਿਸ਼ਾਨ ਵੀ ਮਿਲੇ ਹਨ। ਮ੍ਰਿਤਕ ਦੀ ਮਾਂ ਸੰਗੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ’ਚ ਨੇਪਾਲ ਦਾ ਰਹਿਣ ਵਾਲਾ ਹੈ। Ludhiana News

;ਮਨੋਜ ਦੇ ਵਿਆਹ ਨੂੰ ਕਰੀਬ ਇੱਕ ਸਾਲ ਹੋਇਆ ਸੀ ਤੇ ਉਸ ਦੀ ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੈ। ਉਹ ਰੋਜ਼ੀ-ਰੋਟੀ ਲਈ ਲੁਧਿਆਣਾ ’ਚ ਇਕੱਲਾ ਰਹਿ ਕੇ ਡਰਾਈਵਰੀ ਕਰਦਾ ਸੀ। ਸੰਗੀਤਾ ਨੇ ਦੋਸ਼ ਲਾਇਆ ਕਿ ਮਨੋਜ ਦਾ ਕੁਝ ਦਿਨ ਪਹਿਲਾਂ ਇੱਕ ਹੋਰ ਕਿਰਾਏਦਾਰ ਨਾਲ ਵਿਵਾਦ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਮਰੇ ’ਚ ਖੂਨ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਮਨੋਜ ਦਾ ਕਤਲ ਕਰਕੇ ਉਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੇ ਤੱਥਾਂ ਅਨੁਸਾਰ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ, ਪਰ ਕਤਲ ਦੀ ਸੰਭਾਵਨਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਪੋਸਟਮਾਰਟਮ ਤੇ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। Ludhiana News

Read Also : Punjab Education News: ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਵਿਚਕਾਰ ਸ਼ੁਤਰਾਣਾ ਦੇ ਸਧਾਰਨਪੁਰ ਸਕੂਲ ’ਚ ਅਧਿਆਪਕ ਹੀ ਨਹੀਂ

About The Author

Related Posts