Punjab Bomb Threat: 15 ਅਗਸਤ ਤੋਂ ਪਹਿਲਾਂ ਪੰਜਾਬ ਨੂੰ ਬੰਬ ਧਮਾਕਿਆਂ ਨਾਲ ਦਹਿਲਾਉਣ ਦੀ ਈ-ਮੇਲ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਪੰਜਾਬ ’ਚ ਇੱਕ ਵਾਰ ਫਿਰ ਧਮਕੀ ਭਰੀ ਈਮੇਲ ਮਿਲੀ

Khushdeep Singh Picture
Published On

Punjab Bomb Threat: ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਆਜ਼ਾਦੀ ਦਿਵਸ (15 ਅਗਸਤ) ਤੋਂ ਪਹਿਲਾਂ ਪੰਜਾਬ ’ਚ ਇੱਕ ਵਾਰ ਫਿਰ ਧਮਕੀ ਭਰੀ ਈ-ਮੇਲ ਮਿਲਣ ਨਾਲ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਲੁਧਿਆਣਾ ਜ਼ਿਲ੍ਹਾ ਅਦਾਲਤ, ਚੰਡੀਗੜ੍ਹ ਪ੍ਰਸ਼ਾਸਨ ਤੇ ਈ-ਕੋਰਟ ਸਿਸਟਮ ਨਾਲ ਜੁੜੇ ਈ-ਮੇਲ ਪਤਿਆਂ ’ਤੇ ਇੱਕ ਧਮਕੀ ਭਰਿਆ ਈ-ਮੇਲ ਭੇਜਿਆ ਗਿਆ ਹੈ। ਇਸ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ 15 ਅਗਸਤ ਤੱਕ ਬੰਬ ਧਮਾਕੇ ’ਚ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਈ-ਮੇਲ 3 ਅਗਸਤ ਸਵੇਰੇ 8:57 ਵਜੇ ਇੱਕ ਜੀਮੇਲ ਆਈਡੀ ਤੋਂ ਭੇਜਿਆ ਗਿਆ। ਈ-ਮੇਲ ’ਚ ਖਾਲਿਸਤਾਨ ਨੈਸ਼ਨਲ ਆਰਮੀ ਤੇ ਬੱਬਰ ਖਾਲਸਾ (ਪਰਮਾਰ-ਕੈਨੇਡਾ ਗਰੁੱਪ) ਦੇ ਨਾਂਅ ’ਤੇ ਪੰਜਾਬ ’ਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਧਮਕੀ ਭਰੇ ਸੰਦੇਸ਼ ’ਚ ਲੁਧਿਆਣਾ ਜ਼ਿਲ੍ਹਾ ਅਦਾਲਤ, ਪੰਜਾਬ ਵਿਧਾਨ ਸਭਾ ਤੇ ਰਾਜਪਾਲ ਨਾਲ ਸੰਬੰਧਤ ਥਾਵਾਂ ਲਈ ਵੱਖ-ਵੱਖ ਸਮੇਂ ਦਾ ਜ਼ਿਕਰ ਕਰਦਿਆਂ ਬੰਬ ਧਮਾਕਿਆਂ ਦੀ ਗੱਲ ਲਿਖੀ ਗਈ ਹੈ। ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਗਈ ਹੈ। ਈ-ਮੇਲ ’ਚ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਸਮਾਗਮਾਂ ਤੇ ਸਕੂਲਾਂ ’ਚ ਬੱਚਿਆਂ ਨੂੰ ਨਾ ਭੇਜਣ ਦੀ ਚੇਤਾਵਨੀ ਦੇ ਕੇ ਲੋਕਾਂ ’ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ’ਚ ਫਿਰੋਜ਼ਪੁਰ ’ਚ ਵੱਡਾ ਧਮਾਕਾ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਈ-ਮੇਲ ਦੇ ਅੰਤ ’ਚ ਕੁਝ ਵਿਅਕਤੀਆਂ ਦੇ ਨਾਂਅ ਲਿਖ ਕੇ ਇਸ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਗਿਆ ਹੈ। Punjab Bomb Threat

ਇਹ ਵੀ ਪੜ੍ਹੋ : Punjab Vidhan Sabha News: ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵਿਧਾਨ ਸਭਾ ਸੈਸ਼ਨ ਤੋਂ ਆਈ ਖੁਸ਼ਖਬਰੀ!, ਹੋ ਗਿਆ ਵੱਡਾ ਐਲਾਨ

ਗੌਰਤਲਬ ਹੈ ਕਿ ਆਜ਼ਾਦੀ ਦਿਵਸ ਤੇ ਗਣਤੰਤਰ ਦਿਵਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਵਾਰ ਈ-ਮੇਲ ’ਚ ਖਾਸ ਥਾਵਾਂ ਤੇ ਸਮੇਂ ਦਾ ਜ਼ਿਕਰ ਹੋਣ ਕਾਰਨ ਪੁਲਿਸ ਤੇ ਖੁਫੀਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਲੁਧਿਆਣਾ ਜ਼ਿਲ੍ਹਾ ਅਦਾਲਤ ਸਮੇਤ ਸੂਬੇ ਦੇ ਹੋਰ ਅਹਿਮ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਈਬਰ ਸੈੱਲ ਵੱਲੋਂ ਈ-ਮੇਲ ਦੇ ਸਰੋਤ ਤੇ ਆਈਪੀ ਐਡਰੈੱਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ, ਘਬਰਾਉਣ ਦੀ ਬਜਾਏ ਚੌਕਸ ਰਹਿਣ ਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦੀ ਤੁਰੰਤ ਸੂਚਨਾ ਪ੍ਰਸ਼ਾਸਨ ਨੂੰ ਦੇਣ ਦੀ ਅਪੀਲ ਕੀਤੀ ਹੈ।

About The Author

Related Posts