Punjab News: ਭੁੱਕੀ-ਅਫ਼ੀਮ ’ਤੇ ਭਖੀ ਸਿਆਸਤ, ਰਾਜਾ ਵੜਿੰਗ ਕਰ ਰਹੇ ਹਨ ‘ਵਕਾਲਤ’ ‘ਆਪ’ ਨੇ ਕੀਤੀ ਡੋਪ ਟੈਸਟ ਕਰਵਾਉਣ ਦੀ ਮੰਗ
ਸਿਰਫ਼ ਰਾਜਾ ਵੜਿੰਗ ਹੀ ਨਹੀਂ, ਸਗੋਂ ਸਾਰੀ ਕਾਂਗਰਸ ਦਾ ਕਰਵਾਓ ਡੋਪ ਟੈਸਟ : ਹਰਪਾਲ ਚੀਮਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਚਿੱਟੇ ਨੂੰ ਖ਼ਤਮ ਕਰਨ ਲਈ ਅਫ਼ੀਮ ਅਤੇ ਭੁੱਕੀ ਨੂੰ ਲੀਗਲ ਕਰਨ ਦੀ ਮੰਗ ਕਰ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਮ ਆਦਮੀ ਪਾਰਟੀ ਨੇ ਅਪਸ਼ਬਦ ਵਰਤਣ ਤੋਂ ਗੁਰੇਜ਼ ਨਾ ਕਰਦਿਆ ‘ਪਾਗਲ’ ਤੱਕ ਕਹਿ ਦਿੱਤਾ ਸਿਰਫ਼ ਰਾਜਾ ਵੜਿੰਗ ਦਾ ਹੀ ਨਹੀਂ ਸਗੋਂ ਪੂਰੀ ਕਾਂਗਰਸ ਪਾਰਟੀ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕਰ ਦਿੱਤੀ ਹੈ।
ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਭੁੱਕੀ ਅਫ਼ੀਮ ਖੋਲ੍ਹਣ ਦੀ ਮੰਗ ਕਰ ਰਹੇ ਹਨ, ਉਸ ਹਿਸਾਬ ਨਾਲ ਡੋਪ ਟੈਸਟ ਵਿੱਚ ਕਈ ਕਾਂਗਰਸੀ ਹੀ ਨਸ਼ੇੜੀ ਨਿਕਲ ਆਉਣਗੇ। ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫ਼ਤੇ ਭਰ ਤੋਂ ਸਾਬਕਾ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਅਫ਼ੀਮ ਅਤੇ ਭੁੱਕੀ ਦੀ ਵਕਾਲਤ ਕਰਦੇ ਨਜ਼ਰ ਆ ਰਹੇ ਹਨ।
ਪੰਜਾਬ ਦੀ ਮੰਡੀਆਂ ਦਾ ਦੌਰਾ ਕਰਨ ਮੌਕੇ ਉਹ ਆਮ ਜਨਤਾ ਨਾਲ ਹੀ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਕਹਿੰਦੇ ਹਨ ਕਿ ਪਰਵਾਹ ਨਾ ਕਰੋ ਭੁੱਕੀ ਤੇ ਅਫ਼ੀਮ ਨੂੰ ਲੀਗਲ ਕਰ ਦਿੱਤਾ ਜਾਏਗਾ ਤੇ ਦਾਣਾ ਮੰਡੀਆਂ ਵਿੱਚ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਭੁੱਕੀ ਜਾਂ ਫਿਰ ਅਫ਼ੀਮ ਮਿਲ ਜਾਵੇ ਤਾਂ ਕੀ ਉਹ ਨਸ਼ੇ ਦੇ ਕੈਪਸੂਲ ਖਾਣਾ ਛੱਡ ਦੇਣਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਗੱਲਬਾਤ ਹੀ ਨਹੀਂ ਕਰ ਰਹੇ ਹਨ, ਸਗੋਂ ਇਸ ਦੀ ਵੀਡੀਓ ਬਣਾ ਕੇ ਆਪਣੇ ਖ਼ੁਦ ਦੇ ਸੋਸ਼ਲ ਮੀਡੀਆ ਅਕਾਊੁਂਟ ’ਤੇ ਪੋਸਟ ਕਰਦੇ ਹਨ।
ਜਿਸ ਕਾਰਨ ਇੱਕ ਦਾਣਾ ਮੰਡੀ ਵਿੱਚ ਹੋਈ ਅਫ਼ੀਮ ਤੇ ਭੁੱਕੀ ਨੂੰ ਲੀਗਲ ਕਰਨ ਵਾਲੀ ਗੱਲਬਾਤ ਪੰਜਾਬ ਅਤੇ ਦੇਸ਼ ਵਿੱਚ ਦੇਖੀ ਜਾ ਰਹੀ ਹੈ।ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭੁੱਕੀ ਅਤੇ ਅਫ਼ੀਮ ਦੀ ਖੇਤੀ ਨੂੰ ਨਸ਼ਿਆਂ ਦੀ ਸਮੱਸਿਆ ਦਾ ਹੱਲ ਮੰਨਣ ਵਾਲੀ ਦਲੀਲ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਨੂੰ ਦੇਖਿਆ ਜਾਣਾ ਜਰੂਰੀ ਹੈ ਕਿ ਜਿਨ੍ਹਾਂ ਵੀ ਦੇਸ਼ਾਂ ਨੇ ਇਸ ਤਰੀਕੇ ਦੇ ਨਸ਼ੇ ਨੂੰ ਲੀਗਲ ਕੀਤਾ ਹੈ ਤਾਂ ਉਨ੍ਹਾਂ ਦੇਸ਼ਾਂ ਵਿੱਚ ਕਿੰਨੇ ਜ਼ਿਆਦਾ ਮਾੜੇ ਹਾਲਾਤ ਪੈਦਾ ਹੋਏ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਭੁੱਕੀ ਤੇ ਅਫ਼ੀਮ ਨਾਲ ਇੰਨਾ ਪਿਆਰ ਕਿਉਂ : ਬਲਤੇਜ ਪੰਨੂ
ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਗੱਲ ਸਮਝ ਨਹੀਂ ਆਉਂਦੀ ਹੈ ਕਿ ਉਨ੍ਹਾਂ ਦਾ ਭੁੱਕੀ ਤੇ ਅਫ਼ੀਮ ਨਾਲ ਇੰਨਾ ਜ਼ਿਆਦਾ ਪਿਆਰ ਕਿਉਂ? ਉਨ੍ਹਾਂ ਕਿਹਾ ਕਿ ਨਸ਼ੇ ਦਾ ਬਦਲ ਕਦੇ ਵੀ ਨਸ਼ਾ ਨਹੀਂ ਹੋ ਸਕਦਾ ਹੈ, ਕਿਉਂਕਿ ਇਸ ਨਾਲ ਸਭ ਤੋਂ ਮਾੜਾ ਅਸਰ ਹੀ ਹੋਣਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਇਤਿਹਾਸ ਪੜ੍ਹ ਲੈਣ ਕਿ ਚੀਨ ਵਿੱਚ ਇੱਕ ਵਾਰ ਅਫ਼ੀਮ ਨੂੰ ਲੀਗਲ ਕੀਤਾ ਗਿਆ ਸੀ ਤਾਂ ਉਥੇ ਕੀ ਹਾਲਾਤ ਪੈਦਾ ਹੋਏ ਸਨ? ਕੀ ਅਫ਼ੀਮ ਤੇ ਭੁੱਕੀ ਖਾਣ ਵਾਲੇ ਲੋਕਾਂ ਦਾ ਇਸ ਨਸ਼ੇ ਨਾਲ ਨੁਕਸਾਨ ਨਹੀਂ ਹੁੰਦਾ ਹੈ ? ਕੀ ਇਸ ਨਸ਼ੇ ਨਾਲ ਲੋਕ ਮਰਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਕਾਂਗਰਸ ਪਾਰਟੀ ਅਤੇ ਰਾਜਾ ਵੜਿੰਗ ਦੀ ਹੀ ਸਮਝ ਨਹੀਂ ਆ ਰਹੀ ਹੈ।
Read Also : ਭੂਟਾਨ ’ਚ ਗਲੇਸ਼ੀਅਰ ਝੀਲ ਫਟੀ, ਬੰਗਾਲ ਤੇ ਅਸਾਮ ’ਚ ਹੜ੍ਹ ਦਾ ਅਲਰਟ
Comments