Malerkotla Police Raid: ਮਾਲੇਰਕੋਟਲਾ ਪੁਲਿਸ ਵੱਲੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, 49 ਵਿਅਕਤੀਆਂ ਨੂੰ ਛੁਡਵਾਇਆ

ਪਿੰਡ ਬਿੱਜੋਕੀ ਕਲਾਂ ਵਿਖੇ ਚੱਲ ਰਹੇ ਕੇਂਦਰ ’ਤੇ ਛਾਪਾ; ਇੱਕ ਮੁਲਜ਼ਮ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ

Satinder Mathur  Picture
Published On
ਇਲਾਜ ਦੇ ਨਾਂ ’ਤੇ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਐੱਸ.ਐੱਸ.ਪੀ. ਖੱਖ

Malerkotla Police Raid: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਜ਼ਿਲ੍ਹਾ ਮਾਲੇਰਕੋਟਲਾ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਲਗਾਤਾਰ ਦੂਜੇ ਦਿਨ ਕਾਰਵਾਈ ਕਰਦਿਆਂ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਿਜੋਕੀ ਕਲਾਂ ਵਿਖੇ ਚੱਲ ਰਹੇ ਇੱਕ ਹੋਰ ਕਥਿਤ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕੇਂਦਰ ਵਿੱਚੋਂ 49 ਵਿਅਕਤੀਆਂ ਨੂੰ ਛੁਡਵਾਇਆ ਹੈ, ਜਦਕਿ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਇਹ ਕੇਂਦਰ ‘ਨਸ਼ਾ ਮੁਕਤ ਸਮਾਜ ਵੈਲਫੇਅਰ ਸੁਸਾਇਟੀ’ ਦੇ ਨਾਂ ਹੇਠ ਚਲਾਇਆ ਜਾ ਰਿਹਾ ਸੀ। ਕੇਂਦਰ ਦੇ ਸੰਚਾਲਕਾਂ ’ਤੇ ਦੋਸ਼ ਹਨ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ, ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਜ਼ਬਰੀ ਕੰਮ ਕਰਵਾਇਆ ਜਾਂਦਾ ਸੀ। ਮੁਲਜ਼ਮਾਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਨੋਸ਼ਹਿਰਾ ਅਤੇ ਮੁਹੰਮਦ ਸਦੀਕ ਉਰਫ਼ ਸ਼ਿਕੂ ਵਾਸੀ ਕੱਚਾ ਜਮਾਲਪੁਰਾ, ਮਾਲੇਰਕੋਟਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: War Against Drugs Punjab: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਦੀ ਵੱਡੀ ਕਾਰਵਾਈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਐੱਸ.ਐੱਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਅਮਰਗੜ੍ਹ ਸੰਜੀਵ ਕਪੂਰ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਬਿਜੋਕੀ ਕਲਾਂ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਿਲੀ ਖ਼ਾਸ ਇਤਲਾਹ ਦੇ ਆਧਾਰ ’ਤੇ ਪੁਲਿਸ ਨੇ ਸਬੰਧਤ ਕੇਂਦਰ ’ਤੇ ਛਾਪਾ ਮਾਰਿਆ ਅਤੇ ਉੱਥੇ ਕਥਿਤ ਤੌਰ ’ਤੇ ਬੰਦੀ ਬਣਾ ਕੇ ਰੱਖੇ ਗਏ 49 ਵਿਅਕਤੀਆਂ ਨੂੰ ਛੁਡਵਾਇਆ।

ਇਸ ਮਾਮਲੇ ਵਿੱਚ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਮੁਲਜ਼ਮ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਮੁਲਜ਼ਮ ਮੁਹੰਮਦ ਸਦੀਕ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਨਸ਼ਾ ਛੁਡਾਉਣਾ ਡਾਕਟਰੀ ਇਲਾਜ ਅਤੇ ਮਨੁੱਖੀ ਮਾਣ-ਸਨਮਾਨ ਨਾਲ ਜੁੜਿਆ ਗੰਭੀਰ ਮਾਮਲਾ ਹੈ। ਇਸ ਦੀ ਆੜ ਵਿੱਚ ਕਿਸੇ ਵੀ ਵਿਅਕਤੀ ਦਾ ਸ਼ੋਸ਼ਣ ਕਰਨ ਜਾਂ ਉਸ ਨਾਲ ਜ਼ਬਰਦਸਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਅਜਿਹੇ ਕੇਂਦਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੁਡਾਉਣ ਲਈ ਇਲਾਜ ਸਿਰਫ਼ ਸਰਕਾਰੀ ਹਸਪਤਾਲਾਂ ਜਾਂ ਲਾਇਸੈਂਸਸ਼ੁਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੀ ਕਰਵਾਇਆ ਜਾਵੇ। ਜੇਕਰ ਕਿਸੇ ਨੂੰ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਜਾਂ ਨਸ਼ਿਆਂ ਨਾਲ ਸਬੰਧਤ ਕਿਸੇ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਆਪਣੇ ਨੇੜਲੇ ਥਾਣੇ ਨਾਲ ਸੰਪਰਕ ਕਰ ਸਕਦਾ ਹੈ। ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।

Comments

Post Your Comment

About The Author

Related Posts