Punjab Bus Service News: ਪੰਜਾਬ ਦੇ ਹਰ ਪਿੰਡ ਤੱਕ ਬੱਸ ਸੇਵਾ ਪਹੁੰਚਾਉਣ ਦਾ ਟੀਚਾ, ਮੁੱਖ ਮੰਤਰੀ ਮਾਨ ਨੇ 100 ਨਵੀਆਂ ਮਿੰਨੀ ਬੱਸਾਂ ਨੂੰ ਦਿਖਾਈ ਹਰੀ ਝੰਡੀ

ਅਗਲੇ ਮਹੀਨੇ 309 ਹੋਰ ਵੱਡੀਆਂ ਬੱਸਾਂ ਬੇੜੇ ਵਿੱਚ ਹੋਣਗੀਆਂ ਸ਼ਾਮਲ, ਲਗਭਗ 150 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ

Satinder Mathur  Picture
Published On

Punjab Bus Service News: ਪਟਿਆਲਾ, (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਬੇੜੇ ’ਚ ਸ਼ਾਮਲ ਕੀਤੀਆਂ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਪੰਜਾਬ ਦੇ ਹਰ ਪਿੰਡ ਨੂੰ ਸ਼ਹਿਰਾਂ ਨਾਲ ਜੋੜਨਾ ਹੈ, ਤਾਂ ਜੋ ਲੋਕਾਂ ਨੂੰ ਸਿੱਖਿਆ, ਰੋਜ਼ਗਾਰ, ਸਿਹਤ ਸੇਵਾਵਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਉਣ-ਜਾਣ ਵਿੱਚ ਸਹੂਲਤ ਮਿਲ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਲਈ ਕਦਮ ਚੁੱਕੇ ਹਨ, ਉਸੇ ਤਰ੍ਹਾਂ ਹਰ ਪਿੰਡ ਤੱਕ ਬੱਸ ਸੇਵਾ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ਸਿਰਫ਼ ਸਫ਼ਰ ਦਾ ਸਾਧਨ ਨਹੀਂ, ਸਗੋਂ ਪੇਂਡੂ ਭਾਈਚਾਰਿਆਂ ਦੀ ਜੀਵਨ ਰੇਖਾ ਹੈ। ਬਿਹਤਰ ਬੱਸ ਸੇਵਾ ਨਾਲ ਵਿਦਿਆਰਥੀਆਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ: Malerkotla Police Raid: ਮਾਲੇਰਕੋਟਲਾ ਪੁਲਿਸ ਵੱਲੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, 49 ਵਿਅਕਤੀਆਂ ਨੂੰ ਛੁਡਵਾਇਆ

29 ਸੀਟਾਂ ਵਾਲੀਆਂ ਇਹ 100 ਮਿੰਨੀ ਬੱਸਾਂ ਪੀ.ਆਰ.ਟੀ.ਸੀ. ਦੇ ਨੌਂ ਡਿਪੂਆਂ ਰਾਹੀਂ ਪੇਂਡੂ ਅਤੇ ਛੋਟੇ ਕਸਬਿਆਂ ਦੇ ਰੂਟਾਂ ’ਤੇ ਚਲਾਈਆਂ ਜਾਣਗੀਆਂ। ਇਨ੍ਹਾਂ ਨੂੰ ਪਟਿਆਲਾ, ਬਠਿੰਡਾ, ਚੰਡੀਗੜ੍ਹ, ਸੰਗਰੂਰ, ਬਰਨਾਲਾ, ਬੁਢਲਾਡਾ, ਕਪੂਰਥਲਾ, ਫ਼ਰੀਦਕੋਟ ਅਤੇ ਲੁਧਿਆਣਾ ਦੇ ਡਿਪੂਆਂ ਵਿੱਚ ਵੰਡਿਆ ਗਿਆ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਟਰਾਂਸਪੋਰਟ ਬੇੜੇ ਵਿੱਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਜਨਤਕ ਟਰਾਂਸਪੋਰਟ ਸੇਵਾਵਾਂ ਦਾ ਹੋਰ ਵਿਸਥਾਰ ਹੋਵੇਗਾ ਅਤੇ ਲੋਕਾਂ ਦਾ ਰੋਜ਼ਾਨਾ ਸਫ਼ਰ ਵਧੇਰੇ ਸੁਖਾਲਾ ਬਣੇਗਾ। ਉਨ੍ਹਾਂ ਦੱਸਿਆ ਕਿ ਨਵੀਆਂ ਮਿੰਨੀ ਬੱਸਾਂ ਦੀ ਸ਼ੁਰੂਆਤ ਨਾਲ ਲਗਭਗ 150 ਡਰਾਈਵਰਾਂ ਅਤੇ ਕੰਡਕਟਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ 15 ਨੌਜਵਾਨਾਂ ਨੂੰ ਟਰਾਂਸਪੋਰਟ ਵਿਭਾਗ ਵਿੱਚ ਨੌਕਰੀਆਂ ਦੇ ਨਿਯੁਕਤੀ ਪੱਤਰ ਵੀ ਸੌਂਪੇ ਗਏ।

ਪਿਛਲੀਆਂ ਸਰਕਾਰਾਂ ’ਤੇ ਪੇਂਡੂ ਟਰਾਂਸਪੋਰਟ ਵੱਲ ਲੋੜੀਂਦਾ ਧਿਆਨ ਨਾ ਦੇਣ ਦਾ ਦੋਸ਼ ਲਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਪਿੰਡ ਜਾਂ ਦੂਰ-ਦੁਰਾਡੇ ਇਲਾਕੇ ਵਿੱਚ ਰਹਿਣ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਬਿਹਤਰ ਬੱਸ ਸੇਵਾ ਨਾਲ ਪਿੰਡਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਦੀ ਮੰਡੀਆਂ, ਬਾਜ਼ਾਰਾਂ ਤੇ ਹੋਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਆਸਾਨ ਹੋਵੇਗੀ।

ਡਿਪੂਆਂ ਨੂੰ ਮਿਲੀਆਂ ਬੱਸਾਂ: ਪਟਿਆਲਾ ਨੂੰ 25, ਬਠਿੰਡਾ ਅਤੇ ਚੰਡੀਗੜ੍ਹ ਨੂੰ 15-15, ਸੰਗਰੂਰ ਨੂੰ 10, ਬਰਨਾਲਾ ਨੂੰ 9, ਬੁਢਲਾਡਾ ਨੂੰ 8, ਕਪੂਰਥਲਾ ਨੂੰ 7, ਫ਼ਰੀਦਕੋਟ ਨੂੰ 6 ਅਤੇ ਲੁਧਿਆਣਾ ਨੂੰ 5 ਬੱਸਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।

Comments

Post Your Comment

About The Author

Related Posts