Punjab
Kotkapura News: ਕੋਟਕਪੂਰਾ ’ਚ ਏਕੇ-47 ਦੇ 82 ਕਾਰਤੂਸ ਮਿਲਣ ਨਾਲ ਹੜਕੰਪ! ਕੀ ਅੱਤਵਾਦ ਦੇ ਪੁਰਾਣੇ ਦੌਰ ਨਾਲ ਜੁੜੇ ਨੇ ਤਾਰ?
ਜੈਤੋ-ਬਠਿੰਡਾ ਬਾਈਪਾਸ ਨੇੜੇ ਲਾਵਾਰਿਸ ਹਾਲਤ ’ਚ ਮਿਲੀਆਂ ਤਿੰਨ ਮੈਗਜ਼ੀਨਾਂ, ਪੁਲਿਸ ਵੱਲੋਂ ਜਾਂਚ ਸ਼ੁਰੂ
ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਵਿਖੇ ਜੈਤੋ-ਬਠਿੰਡਾ ਬਾਈਪਾਸ ਨੇੜੇ ਏਕੇ-47 ਰਾਈਫਲ ਦੀਆਂ ਤਿੰਨ ਮੈਗਜ਼ੀਨਾਂ ਅਤੇ 82 ਕਾਰਤੂਸ ਮਿਲਣ ਨਾਲ ਪੁਲਿਸ ਮਹਿਕਮੇ ਵਿੱਚ ਹਲਚਲ ਮਚ ਗਈ। ਕਾਰਤੂਸ ਲਾਵਾਰਿਸ ਹਾਲਤ ਵਿੱਚ ਮਿਲੇ ਹਨ ਅਤੇ ਇਨ੍ਹਾਂ ਉੱਤੇ ਪੁਰਾਣੀਆਂ ਤਾਰੀਖਾਂ ਦਰਜ ਹੋਣ ਕਾਰਨ ਇਨ੍ਹਾਂ ਦੇ ਅੱਤਵਾਦ ਦੇ ਕਾਲੇ ਦੌਰ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਕਾਰਤੂਸਾਂ ਦੇ ਅਸਲ ਸਰੋਤ ਅਤੇ ਇੱਥੇ ਪਹੁੰਚਣ ਦੇ ਕਾਰਨਾਂ ਦਾ ਖ਼ੁਲਾਸਾ ਪੁਲਿਸ ਜਾਂਚ ਤੋਂ ਬਾਅਦ ਹੀ ਹੋ ਸਕੇਗਾ।
ਇਹ ਵੀ ਪੜ੍ਹੋ: War Against Drugs Punjab: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਦੀ ਵੱਡੀ ਕਾਰਵਾਈ
ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਸਿਟੀ ਕੋਟਕਪੂਰਾ ਵਿੱਚ ਤਾਇਨਾਤ ਏਐੱਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜੈਤੋ-ਬਠਿੰਡਾ ਬਾਈਪਾਸ ’ਤੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਰੱਬ ਵਾਲੇ ਖੂਹ ਨੇੜੇ ਰਜਬਾਹੇ ਦੀ ਕੱਚੀ ਪਟੜੀ ’ਤੇ ਕਾਰਤੂਸ ਲੁਕਾ ਕੇ ਰੱਖੇ ਹੋਏ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਤਲਾਸ਼ੀ ਲਈ ਤਾਂ ਉੱਥੋਂ ਤਿੰਨ ਮੈਗਜ਼ੀਨਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ 7.62 ਐੱਮਐੱਮ ਦੇ ਕੁੱਲ 82 ਕਾਰਤੂਸ ਭਰੇ ਹੋਏ ਸਨ।
ਕਾਰਤੂਸਾਂ ਉੱਤੇ ਪੁਰਾਣੀਆਂ ਤਾਰੀਖਾਂ ਦਰਜ ਹੋਣ ਕਾਰਨ ਪੁਲਿਸ ਇਨ੍ਹਾਂ ਦੇ ਪੁਰਾਣੇ ਹੋਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵਿਅਕਤੀ ਵੱਲੋਂ ਇਨ੍ਹਾਂ ਨੂੰ ਜਾਣਬੁੱਝ ਕੇ ਉੱਥੇ ਲੁਕਾਇਆ ਗਿਆ ਸੀ ਜਾਂ ਕਿਸੇ ਹੋਰ ਥਾਂ ਤੋਂ ਲਿਆ ਕੇ ਸੁੱਟਿਆ ਗਿਆ ਸੀ। ਇਸ ਸਬੰਧੀ ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬਰਾਮਦ ਹੋਏ ਕਾਰਤੂਸਾਂ ਦੇ ਪਿਛੋਕੜ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Comments