Heroin Seizure: ਢਿੱਲਵਾਂ ਕਲਾਂ ਨੇੜੇ ਪੁਲਿਸ ਦੀ ਵੱਡੀ ਕਾਰਵਾਈ, ਹੈਰੋਇਨ ਤੇ ਨਸ਼ੀਲੇ ਕੈਪਸੂਲਾਂ ਸਮੇਤ ਚਾਰ ਕਾਬੂ

ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ

Satinder Mathur  Picture
Published On

ਢਿੱਲਵਾਂ ਕਲਾਂ ਨੇੜਿਓਂ 202 ਗ੍ਰਾਮ ਹੈਰੋਇਨ ਤੇ 3600 ਨਸ਼ੀਲੇ ਕੈਪਸੂਲ ਸਮੇਤ ਚਾਰ ਨਸ਼ਾ ਤੜਕਰ ਗ੍ਰਿਫ਼ਤਾਰ

ਕੋਟਕਪੂਰਾ (ਅਜੈ ਮਨਚੰਦਾ)। ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਢਿੱਲਵਾਂ ਕਲਾਂ ਨੇੜਿਓਂ 202 ਗ੍ਰਾਮ ਹੈਰੋਇਨ ਅਤੇ 3600 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕੋਟਕਪੂਰਾ ਵਾਸੀ ਅਨਮੋਲ ਸਿੰਘ ਉਰਫ਼ ਗੁੰਨੂ, ਮਨਦੀਪ ਕੁਮਾਰ ਜੋਨੀ,ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਾਸੀ ਹਰਜਿੰਦਰ ਸਿੰਘ ਉਰਫ਼ ਬੱਗੋ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਵਾਸੀ ਆਕਾਸ਼ਦੀਪ ਸਿੰਘ ਉਰਫ਼ ਰੋਨੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਐਸਐਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਐਂਟੀ ਨਾਰਕੋਟਿਕਸ ਸੈੱਲ ਦੇ ਏਐਸਆਈ ਸੁਖਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ ’ਤੇ ਪਿੰਡ ਢਿੱਲਵਾਂ ਕਲਾਂ ਨੇੜੇ ਪਹੁੰਚੀ ਤਾਂ ਕੱਚੇ ਰਸਤੇ ’ਤੇ ਦੋ ਮੋਟਰਸਾਈਕਲ ਖੜ੍ਹੇ ਦਿਖਾਈ ਦਿੱਤੇ। ਇਨ੍ਹਾਂ ਕੋਲ ਚਾਰ ਨੌਜਵਾਨ ਕਿਸੇ ਸਾਮਾਨ ਦੀ ਜਾਂਚ-ਪੜਤਾਲ ਕਰ ਰਹੇ ਸਨ। ਸ਼ੱਕ ਪੈਣ ’ਤੇ ਪੁਲਿਸ ਨੇ ਚਾਰਾਂ ਨੌਜਵਾਨਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 202 ਗ੍ਰਾਮ ਹੈਰੋਇਨ ਅਤੇ 3600 ਨਸ਼ੀਲੇ ਕੈਪਸੂਲ ਬਰਾਮਦ ਹੋਏ।

ਇਸ ਸਬੰਧੀ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕੋਲੋਂ ਬਰਾਮਦ ਨਸ਼ੀਲੇ ਪਦਾਰਥਾਂ ਦੇ ਸਰੋਤ ਅਤੇ ਅੱਗੇ ਸਪਲਾਈ ਕੀਤੇ ਜਾਣ ਵਾਲੇ ਨੈੱਟਵਰਕ ਬਾਰੇ ਜਾਂਚ ਕੀਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Comments

Post Your Comment

About The Author

Related Posts