Punjab Weather Alert: ਪੰਜਾਬ ਲਈ ਮੌਸਮ ਵਿਭਾਗ ਦਾ ਵੱਡਾ ਅਲਰਟ! ਪੜ੍ਹੋ ਪੂਰੀ ਖਬਰ

ਅਗਲੇ 6 ਦਿਨ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ

Khushdeep Singh Picture
Published On

Punjab Weather Alert: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ’ਚ ਆਖਿਰਕਾਰ ਮਾਨਸੂਨ ਦੀ ਐਂਟਰੀ ਹੋਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 2 ਜੁਲਾਈ ਤੋਂ ਅਗਲੇ ਛੇ ਦਿਨਾਂ ਲਈ ਪੰਜਾਬ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ, ਗਰਜ-ਚਮਕ, ਬਿਜਲੀ ਡਿੱਗਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 3.3 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ।

ਬਠਿੰਡਾ ’ਚ ਸਭ ਤੋਂ ਵੱਧ 41.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ, ਜਦਕਿ ਚੰਡੀਗੜ੍ਹ ਦਾ ਤਾਪਮਾਨ 5.8 ਡਿਗਰੀ ਦੀ ਗਿਰਾਵਟ ਨਾਲ 29.7 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ ਤੇ ਐੱਸਏਐੱਸ ਨਗਰ (ਮੋਹਾਲੀ) ’ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ’ਚ ਗਰਜ-ਚਮਕ, ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਉੱਪਰ ਹਵਾ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। Punjab Weather Alert

Read Also : Earthquake: ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਇਸ ਦੇ ਨਾਲ ਹੀ ਉੱਤਰੀ ਭਾਰਤ ’ਚ ਇੱਕ ਨਵਾਂ ਪੱਛਮੀ ਵਿਗਾੜ (ਵੈਸਟਰਨ ਡਿਸਟਰਬੈਂਸ) ਸਰਗਰਮ ਹੈ ਤੇ ਪੰਜਾਬ ਤੋਂ ਬੰਗਾਲ ਦੀ ਖਾੜੀ ਤੱਕ ਮਾਨਸੂਨ ਦੀ ਟਰਫ਼ ਲਾਈਨ ਬਣੀ ਹੋਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਮੀਂਹ ਦੀਆਂ ਗਤੀਵਿਧੀਆਂ ’ਚ ਹੋਰ ਤੇਜ਼ੀ ਆ ਸਕਦੀ ਹੈ। ਸਾਲ 2026 ’ਚ ਮਾਨਸੂਨ ਨੇ 1 ਜੁਲਾਈ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਦਸਤਕ ਦਿੱਤੀ, ਜੋ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ’ਚ 9 ਦਿਨ ਤੇ ਚੰਡੀਗੜ੍ਹ ਵਿੱਚ 7 ਦਿਨ ਦੇਰੀ ਨਾਲ ਪਹੁੰਚਿਆ। ਪਿਛਲੇ 25 ਸਾਲਾਂ ਦੇ ਰਿਕਾਰਡ ਅਨੁਸਾਰ ਪੰਜਾਬ ’ਚ ਸਭ ਤੋਂ ਜਲਦੀ ਮਾਨਸੂਨ 13 ਜੂਨ 2008 ਨੂੰ ਪਹੁੰਚਿਆ ਸੀ, ਜਦਕਿ ਸਭ ਤੋਂ ਵੱਧ ਦੇਰੀ 2002 ’ਚ ਹੋਈ ਸੀ, ਜਦੋਂ ਮਾਨਸੂਨ 15 ਅਗਸਤ ਤੱਕ ਪੂਰੇ ਸੂਬੇ ਵਿੱਚ ਫੈਲਿਆ ਸੀ। ਹਾਲਾਂਕਿ ਮਾਨਸੂਨ ਦੀ ਸ਼ੁਰੂਆਤ ਇਸ ਵਾਰ ਹੌਲੀ ਰਹੀ ਹੈ। 1 ਜੁਲਾਈ ਨੂੰ ਪੰਜਾਬ ’ਚ ਔਸਤ ਸਿਰਫ਼ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।È

ਜੋ ਆਮ ਨਾਲੋਂ 66 ਫ਼ੀਸਦੀ ਘੱਟ ਹੈ। ਸਭ ਤੋਂ ਵੱਧ 60.4 ਮਿਲੀਮੀਟਰ ਮੀਂਹ ਪਠਾਨਕੋਟ ’ਚ ਪਿਆ। 1 ਜੂਨ ਤੋਂ 1 ਜੁਲਾਈ ਤੱਕ ਪੰਜਾਬ ’ਚ ਕੁੱਲ 30.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 47 ਫ਼ੀਸਦੀ ਘੱਟ ਹੈ। ਪਠਾਨਕੋਟ, ਤਰਨਤਾਰਨ ਅਤੇ ਅੰਮ੍ਰਿਤਸਰ ’ਚ ਆਮ ਨਾਲੋਂ ਜਿਆਦਾ ਮੀਂਹ ਦਰਜ ਕੀਤਾ ਗਿਆ, ਜਦਕਿ ਬਰਨਾਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਮੋਹਾਲੀ ’ਚ 79 ਤੋਂ 91 ਫ਼ੀਸਦੀ ਤੱਕ ਘੱਟ ਵਰਖਾ ਰਿਕਾਰਡ ਕੀਤੀ ਗਈ। ਮੌਸਮ ਵਿਭਾਗ ਨੇ 3 ਤੋਂ 5 ਜੁਲਾਈ ਤੱਕ ਵੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। 3 ਤੇ 4 ਜੁਲਾਈ ਨੂੰ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ, ਗਰਜ-ਚਮਕ, ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਦਾ ਅਲਰਟ ਰਹੇਗਾ, ਜਦਕਿ 5 ਜੁਲਾਈ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਤੇ ਲੋੜ ਪੈਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। Punjab Weather Alert

About The Author

Related Posts