Faridkot News: ਫ਼ਰੀਦਕੋਟ ’ਚ ਮੀਂਹ ਨਾਲ ਗਰਮੀ ਤੋਂ ਰਾਹਤ, ਪਰ ਸੜਦੇ ਕੂੜੇ ਕਾਰਨ ਮਹਾਮਾਰੀ ਦਾ ਖ਼ਤਰਾ
ਲੋਕਾਂ ’ਚ ਭਾਰੀ ਰੋਸ
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹੇ ’ਚ ਮੰਗਲਵਾਰ ਨੂੰ ਹੋਈ ਝਮਾਝਮ ਬਾਰਿਸ਼ ਤੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਸੁਹਾਵਣਾ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਇਸ ਮੀਂਹ ਨੇ ਸ਼ਹਿਰ ਦੀ ਇੱਕ ਗੰਭੀਰ ਸਮੱਸਿਆ ਨੂੰ ਹੋਰ ਉਜਾਗਰ ਕਰ ਦਿੱਤਾ ਹੈ। ਪਿਛਲੇ 38 ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੇ ਮੁੱਖ ਚੌਕਾਂ, ਚੁਰਾਹਿਆਂ ਤੇ ਗਲੀਆਂ ਦੇ ਮੋੜਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਮੀਂਹ ਦੇ ਪਾਣੀ ਨਾਲ ਇਹ ਕੂੜਾ ਪੂਰੀ ਤਰ੍ਹਾਂ ਭਿੱਜ ਕੇ ਸੜਨ ਲੱਗ ਪਿਆ ਹੈ, ਜਿਸ ਕਾਰਨ ਪੂਰੇ ਸ਼ਹਿਰ ’ਚ ਬਦਬੂ ਫੈਲ ਰਹੀ ਹੈ। ਇਸ ਤੋਂ ਇਲਾਵਾ ਹੜਤਾਲ ਕਾਰਨ ਨਾਲੀਆਂ ਤੇ ਨਿਕਾਸੀ ਪ੍ਰਣਾਲੀ ਦੀ ਸਫਾਈ ਨਾ ਹੋਣ ਕਾਰਨ ਕਈ ਥਾਵਾਂ ’ਤੇ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਲੋਕਾਂ ਨੂੰ ਆਵਾਜਾਈ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਸ਼ਹਿਰ ’ਚ ਕੂੜੇ ਦੇ ਇਨ੍ਹਾਂ ਢੇਰਾਂ ’ਤੇ ਪਹਿਲਾਂ ਵੀ ਇੱਕ-ਦੋ ਵਾਰ ਮੀਂਹ ਪੈ ਚੁੱਕਾ ਹੈ, ਜਿਸ ਕਾਰਨ ਹੁਣ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਥਾਂ-ਥਾਂ ਸੜਦੇ ਕੂੜੇ ਨੂੰ ਲੈ ਕੇ ਸਥਾਨਕ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਵਸਨੀਕ ਰਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ 38 ਦਿਨਾਂ ਤੋਂ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਠੱਪ ਹਨ ਤੇ ਹਰ ਗਲੀ ਤੇ ਚੌਰਾਹੇ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੀਂਹ ਤੋਂ ਬਾਅਦ ਤਾਂ ਗਲੀਆਂ ਵਿੱਚੋਂ ਲੰਘਣਾ ਵੀ ਔਖਾ ਹੋ ਗਿਆ ਹੈ, ਪਰ ਪ੍ਰਸ਼ਾਸਨ ਹਾਲੇ ਵੀ ਹੱਥ ’ਤੇ ਹੱਥ ਧਰ ਕੇ ਬੈਠਾ ਹੈ। ਇਸੇ ਤਰ੍ਹਾਂ ਮਹਿੰਦਰ ਕੁਮਾਰ ਬਾਂਸਲ ਨੇ ਕਿਹਾ ਕਿ ਸ਼ਹਿਰ ਦੇ ਵਪਾਰਕ ਅਤੇ ਰਿਹਾਇਸ਼ੀ ਇਲਾਕਿਆਂ ’ਚ ਸੜਦੇ ਕੂੜੇ ਦੀ ਬਦਬੂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਫਾਈ ਨਾ ਕਰਵਾਈ ਗਈ ਤਾਂ ਲੋਕ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। Faridkot News
Read Also : Assam Floods: ਪ੍ਰਧਾਨ ਮੰਤਰੀ ਨੂੰ ਮਿਲੇ ਅਸਾਮ ਦੇ ਸੰਸਦ ਮੈਂਬਰ, ਹੜ੍ਹ ਦੀ ਸਥਿਤੀ ਤੋਂ ਕਰਵਾਇਆ ਜਾਣੂ
ਮੰਗਲਵਾਰ ਨੂੰ ਹੋਈ ਬਾਰਿਸ਼ ਦੌਰਾਨ ਸੜਕ ਕਿਨਾਰੇ ਪਏ ਕੂੜੇ ਦੇ ਢੇਰਾਂ ’ਚੋਂ ਕੂੜਾ ਵਹਿ ਕੇ ਸੜਕਾਂ ਤੇ ਨਾਲੀਆਂ ’ਚ ਪਹੁੰਚਦਾ ਨਜ਼ਰ ਆਇਆ। ਇਸ ਕਾਰਨ ਨਾਲੀਆਂ ਤੇ ਸੀਵਰੇਜ ਜਾਮ ਹੋਣ ਦਾ ਖ਼ਤਰਾ ਵਧ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਹੋਣ ਵਾਲੀ ਬਾਰਿਸ਼ ਦੌਰਾਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਸੜਦੇ ਕੂੜੇ ਤੇ ਖੜ੍ਹੇ ਮੀਂਹ ਦੇ ਪਾਣੀ ਕਾਰਨ ਮੱਛਰਾਂ ਤੇ ਬੈਕਟੀਰੀਆ ਦੇ ਤੇਜ਼ੀ ਨਾਲ ਪੈਦਾ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ। ਇਸ ਸਥਿਤੀ ਸਬੰਧੀ ਸਿਹਤ ਮਾਹਿਰਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਡਾ. ਚੰਦਰਸ਼ੇਖਰ ਕੱਕੜ ਨੇ ਕਿਹਾ ਕਿ ਗੰਦਗੀ ਅਤੇ ਖੜ੍ਹੇ ਪਾਣੀ ਕਾਰਨ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਇਫਾਇਡ, ਹੈਜ਼ਾ ਤੇ ਗੈਸਟਰੋਐਂਟਰਾਈਟਿਸ (ਪੇਟ ਦੇ ਇਨਫੈਕਸ਼ਨ) ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸੜਦਾ ਕੂੜਾ ਭੂ-ਜਲ ਨੂੰ ਵੀ ਪ੍ਰਦੂਸ਼ਿਤ ਕਰ ਸਕਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ’ਤੇ ਗੰਭੀਰ ਅਸਰ ਪੈ ਸਕਦਾ ਹੈ। Faridkot News