Parvinder Jhota Case: ਪਰਵਿੰਦਰ ਸਿੰਘ ਝੋਟਾ ਕਤਲ ਕੇਸ ’ਚ ਵੱਡੀ ਕਾਰਵਾਈ, DSP ਤੇ ਡਰੱਗ ਇੰਸਪੈਕਟਰ ਮੁਅੱਤਲ, CBI ਨੇ ਸ਼ੁਰੂ ਕੀਤੀ ਜਾਂਚ

ਪਰਵਿੰਦਰ ਝੋਟਾ ਕਤਲ ਮਾਮਲਾ: ਸਥਾਨਕ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਕੀਤੀ ਕਾਰਵਾਈ

Khushdeep Singh Picture
Published On

ਮਾਨਸਾ (ਸੁਖਜੀਤ ਮਾਨ)। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਸੀਬੀਆਈ ਦੀ ਐਂਟਰੀ ਤੋਂ ਬਾਅਦ ਸਥਾਨਕ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਵੀ ਅੱਜ ਡੀਐੱਸਪੀ ਅਤੇ ਡਰੱਗ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਭੂਮਿਕਾ ’ਤੇ 13 ਅਕਤੂਬਰ ਨੂੰ ਹੋਏ ਕਤਲ ਵਾਲੇ ਦਿਨ ਤੋਂ ਹੀ ਸਵਾਲੀਆਂ ਚਿੰਨ੍ਹ ਲੱਗ ਰਹੇ ਸਨ ਇਸ ਤੋਂ ਪਹਿਲਾਂ ਇਸ ਮਾਮਲੇ ’ਚ ਐੱਸਐੈੱਸਓ ਬੇਅੰਤ ਕੌਰ ਨੂੰ ਵੀ ਮੁਅੱਤਲ ਕੀਤਾ ਜਾ ਚੁੱਕਾ ਹੈ।

ਵੇਰਵਿਆਂ ਮੁਤਾਬਿਕ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਅੱਜ ਜਿੱਥੇ ਸੀਬੀਆਈ ਨੇ ਮਾਨਸਾ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਸਥਾਨਕ ਅਧਿਕਾਰੀਆਂ ਨੇ ਵੀ ਇਸ ਮਸਲੇ ’ਚ ਲਗਤਾਰ ੳੁੱਠ ਰਹੇ ਦੋ ਨਾਵਾਂ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਮੁਅੱਤਲ ਕਰ ਦਿੱਤਾ ਹੈ ਡੀਐੱਸਪੀ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਸੀ ਕਿ ਪਰਵਿੰਦਰ ਸਿੰਘ ਝੋਟਾ ਨੇ ਘਟਨਾ ਵਾਲੇ ਦਿਨ ਮੈਡੀਕਲ ’ਤੇ ਜਾਣ ਮੌਕੇ ਡੀਐੱਸਪੀ ਨੂੰ ਫੋਨ ਕੀਤਾ ਸੀ, ਪਰ ਉਹ ਨਹੀਂ ਪੁੱਜੇ ਡਰੱਗ ਇੰਸਪੈਕਟਰ ਦੀ ਭੂਮਿਕਾ ਇਸ ਗੱਲੋਂ ਸ਼ੱਕੀ ਸੀ।

ਕਿ ਅਸ਼ਵਨੀ ਕੁਮਾਰ ਦੇ ਮੈਡੀਕਲ ਤੋਂ ਵਾਰ-ਵਾਰ ਨਸ਼ੀਲੀਆਂ ਦਵਾਈਆਂ ਮਿਲਣ ਦੇ ਬਾਵਜ਼ੂਦ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਉਪਰੋਕਤ ਦੋਵਾਂ ਅਧਿਕਾਰੀਆਂ ਦੀ ਮੁਅੱਤਲੀ ਸਬੰਧੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ ਕਮੇਟੀ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਓਧਰ ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਜਾਂਚ ਲਈ ਸੀਬੀਆਈ ਦੀ ਟੀਮ ਲੰਘੀ ਅੱਧੀ ਰਾਤ ਨੂੰ ਹੀ ਮਾਨਸਾ ਪੁੱਜ ਗਈ। ਟੀਮ ਨੇ ਨਿਯਮਾਂ ਮੁਤਾਬਿਕ ਕੇਸ ਨਾਲ ਸਬੰਧਿਤ ਥਾਣਾ ਸਿਟੀ-2 ’ਚ ਕਾਰਵਾਈ ਪਾਉਂਦਿਆਂ ਉੱਥੋਂ ਰਿਕਾਰਡ ਵੀ ਹਾਸਲ ਕਰ ਲਿਆ ਹੈ।

ਜਾਂਚ ਟੀਮ ਨੇ ਚੰਡੀਗੜ੍ਹ ਸੀਬੀਆਈ ਦਫ਼ਤਰ ’ਚ ਪਰਚਾ ਦਰਜ਼ ਕਰਕੇ ਜਾਂਚ ਦੀ ਸ਼ੁਰੂਆਤ ’ਚ ਪੀੜਤ ਪਰਿਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਟੀਮ ਨੇ ਵਾਰਦਾਤ ਵਾਲੀ ਥਾਂ ’ਤੇ ਜਾ ਕੇ ਉੱਥੇ ਵੀ ਜਾਂਚ ਕੀਤੀ ਅਤੇ ਨੇੜਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ। ਅੱਜ ਦੀ ਜਾਂਚ ਦੌਰਾਨ ਪੁਲਿਸ ਨੇ ਸਿਰਫ਼ ਐੱਫਆਈਆਰ ਤੋਂ ਬਿਨਾਂ ਹੋਰ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ।

ਵੇਰਵਿਆਂ ਮੁਤਾਬਿਕ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੱਲ੍ਹ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਕਿਹਾ ਗਿਆ ਸੀ ਕਿ ਸੀਬੀਆਈ ਟੀਮ ਬੁੱਧਵਾਰ ਨੂੰ ਮਾਨਸਾ ਪੁੱਜ ਜਾਵੇਗੀ, ਪਰ ਟੀਮ ਨੇ ਮੰਗਲਵਾਰ ਅੱਧੀ ਰਾਤ ਨੂੰ ਹੀ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਥਾਣਾ ਸਿਟੀ-2 ’ਚੋਂ ਕੇਸ ਨਾਲ ਸਬੰਧਿਤ ਰਿਕਾਰਡ ਹਾਸਲ ਕੀਤਾ, ਜਿੱਥੇ ਡੀਐੱਸਪੀ ਮਾਨਸਾ ਪੁਸ਼ਪਿੰਦਰ ਸਿੰਘ ਨੇ ਟੀਮ ਨੂੰ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਟੀਮ ਨੂੰ ਪੁਲਿਸ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਦੁਪਹਿਰ ਕਰੀਬ 12 ਵਜੇ ਟੀਮ ਪਰਵਿੰਦਰ ਸਿੰਘ ਝੋਟਾ ਦੇ ਘਰ ਪੁੱਜੀ।

ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕਰੀਬ ਪੌਣਾ ਘੰਟਾ ਗੱਲਬਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਜਾਂਚ ਟੀਮ ਤੇ ਪਰਿਵਾਰਕ ਮੈਂਬਰਾਂ ਦਰਮਿਆਨ ਕੀ ਗੱਲਬਾਤ ਹੋਈ, ਇਸ ਦੇ ਵੇਰਵੇ ਸਾਹਮਣੇ ਨਹੀਂ ਆਏ। ਇਸ ਮੌਕੇ ਜਾਂਚ ਟੀਮ ਨੇ ਮੀਡਆ ਵੱਲੋਂ ਵਾਰ-ਵਾਰ ਪੁੱਛਣ ’ਤੇ ਸਿਰਫ ਐਨਾ ਹੀ ਦੱਸਿਆ ਕਿ ਮਾਮਲੇ ਸਬੰਧੀ ਚੰਡੀਗੜ੍ਹ ਵਿਖੇ ਐੱਫਆਈਆਰ ਦਰਜ ਹੋ ਗਈ ਹੈ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ ਨੇ ਵੀ ਸੀਬੀਆਈ ਨਾਲ ਮੀਟਿੰਗ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਥਾਂ ’ਤੇ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।

ਸੀਬੀਆਈ ਟੀਮ ਨੇ ਉੱਥੇ ਪੁੱਜ ਕੇ ਵੀ ਜਾਂਚ ਕੀਤੀ ਅਤੇ ਨੇੜਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ। ਫੋਰੈਂਸਿਕ ਟੀਮ ਨੇ ਮੈਡੀਕਲ ਵਾਲੀ ਥਾਂ ਤੋਂ ਕੁਝ ਸੈਂਪਲ ਵੀ ਲਏ ਹਨ। ਜਾਂਚ ਟੀਮ ਦੀ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਮੀਟਿੰਗ ਤੋਂ ਬਾਅਦ ਸਿਵਲ ਹਸਪਤਾਲ ਦੀ ਮੋਰਚਰੀ ਨੇੜੇ ਉਸ ਵਕਤ ਮਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ, ਜਦੋਂ ਉੱਥੇ ਇਹ ਗੱਲ ਚੱਲੀ ਕਿ ਪਰਵਿੰਦਰ ਸਿੰਘ ਝੋਟਾ ਦਾ ਚੰਡੀਗੜ੍ਹ ਪੀਜੀਆਈ ’ਚ ਪੋਸਟਮਾਰਟਮ ਹੋਵੇਗਾ। ਇਸ ਦੌਰਾਨ ਮੋੋਰਚਰੀ ਅੱਗੇ 13 ਅਕਤੂਬਰ ਘਟਨਾ ਵਾਲੇ ਦਿਨ ਤੋਂ ਹੀ ਬੈਠੇ ਸੰਘਰਸ਼ਕਾਰੀਆਂ ਨੇ ਕਿਹਾ ਕਿ ਉਹ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦੇ ਕਹੇ ਤੋਂ ਬਿਨਾਂ ਵੱਡੇ-ਛੋਟੇ ਅਧਿਕਾਰੀ ਜਾਂ ਕਿਸੇ ਨੂੰ ਵੀ ਮ੍ਰਿਤਕ ਦੇਹ ਨਹੀਂ ਚੁੱਕਣ ਦੇਣਗੇ।

ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸੰਚਾਲਕ ਅਸ਼ਵਨੀ ਕੁਮਾਰ ਨੇ ਕਥਿਤ ਤੌਰ ’ਤੇ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਉਹ ਨਸ਼ੀਲੀਆਂ ਦਵਾਈਆਂ ਨਾ ਵੇਚਣ ਲਈ ਕਹਿ ਰਿਹਾ ਸੀ। ਪਰਵਿੰਦਰ ਸਿੰਘ ਦੇ ਕਤਲ ਵਾਲੇ ਦਿਨ ਤੋਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਜਥੇਬੰਦੀਆਂ ਤੇ ਆਮ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਨੇੜੇ ਤਿਕੋਣੀ ’ਤੇ ਪੱਕਾ ਧਰਨਾ ਲਾਇਆ ਹੋਇਆ ਹੈ।

ਪੋਸਟਮਾਰਟਮ ਸਬੰਧੀ ਨਹੀਂ ਲਿਆ ਫ਼ੈਸਲਾ : ਪਰਿਵਾਰਕ ਮੈਂਬਰ

ਸੀਬੀਆਈ ਨਾਲ ਮੀਟਿੰਗ ਮਗਰੋਂ ਧਰਨੇ ਵਾਲੀ ਸਟੇਜ਼ ਤੋਂ ਸੰਬੋਧਨ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਪੋਸਟਮਾਰਟਮ ਸਬੰਧੀ ਧਰਨੇ ’ਚ ਸਾਥ ਦੇਣ ਵਾਲੇ ਲੋਕ, ਜਥੇਬੰਦੀਆਂ ਅਤੇ ਕਮੇਟੀ ਸਾਰੇ ਰਲਕੇ ਫੈਸਲਾ ਲੈਣਗੇ, ਉਸ ਅਨੁਸਾਰ ਹੀ ਅਗਲਾ ਕਦਮ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਮੈਡੀਕਲ ਵਾਲੀ ਦੁਕਾਨ ਢਾਹੁਣ ਦੇ ਹੱਕ ’ਚ ਨਹੀਂ ਸੀ ਪਰ ਦੁਕਾਨ ਢਾਹ ਕੇ ਸਬੂਤ ਮਿਟਾ ਦਿੱਤੇ ਗਏ। ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਵੀ ਦੁਹਰਾਇਆ ਕਿ ਉਨ੍ਹਾਂ ਨੇ ਪੋਸਟਮਾਰਟਮ ਸਬੰਧੀ ਕੋਈ ਸਹਿਮਤੀ ਨਹੀਂ ਦਿੱਤੀ ਕਿਉਂਕਿ ਹਾਲੇ ਮੰਗਾਂ ਪੂਰੀਆਂ ਨਹੀਂ ਹੋਈਆਂ।

ਇਹ ਵੀ ਪੜ੍ਹੋ : Indian Army Commanders Conference: ਭਾਰਤੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਸ਼ੁਰੂ, ਭਵਿੱਖ ਦੀਆਂ ਤਬਦੀਲੀਆਂ 'ਤੇ ਕੀਤੀ ਜਾਵੇਗੀ ਚਰਚਾ

About The Author

Related Posts