Punjab
Faridkot News: 21 ਜੂਨ ਨੂੰ ਦਰਬਾਰ ਗੰਜ ਵਿਖੇ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗਾ ਦਿਵਸ
ਜੈਤੋ ਅਤੇ ਕੋਟਕਪੂਰਾ ਵਿੱਚ ਵੀ ਹੋਣਗੇ ਵਿਸ਼ੇਸ਼ ਯੋਗ ਸਮਾਗਮ
ਫ਼ਰੀਦਕੋਟ (ਗੁਰਪ੍ਰੀਤ ਪੱਕਾ): ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਯੋਗਾ ਰਾਹੀਂ ਨਿਰੋਗ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਪੱਧਰ ’ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਮੁੱਖ ਸਮਾਗਮ ਸਥਾਨਕ ਦਰਬਾਰ ਗੰਜ, ਫਰੀਦਕੋਟ ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਜੈਤੋ ਵਿਖੇ ਕਾਲੂ ਰਾਮ ਦੀ ਬਗੀਚੀ ਨੇੜੇ ਪੰਚਾਇਤੀ ਗਊਸ਼ਾਲਾ ਅਤੇ ਕੋਟਕਪੂਰਾ ਦੇ ਲਾਲਾ ਲਾਜਪਤ ਰਾਏ ਪਾਰਕ ਵਿੱਚ ਵੀ ਯੋਗਾ ਸਮਾਗਮ ਆਯੋਜਿਤ ਕੀਤੇ ਜਾਣਗੇ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਦੌਰਾਨ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਯੋਗਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਿਰੋਗ ਰੱਖਣ ਅਤੇ ਨਸ਼ਿਆਂ ਤੋਂ ਦੂਰ ਕਰਨ ਦੇ ਉਦੇਸ਼ ਨਾਲ ਯੋਗ ਗੁਰੂ ਨਿਯੁਕਤ ਕੀਤੇ ਗਏ ਹਨ, ਜੋ ਨਿਯਮਿਤ ਤੌਰ ’ਤੇ ਯੋਗਾ ਸਿਖਾ ਰਹੇ ਹਨ।
Read Also : ਅਦਾਲਤ ਦੀ ਪਾਰਕਿੰਗ ਵਿੱਚ ਖੜ੍ਹੀ ਐਕਟਿਵਾ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਯੋਗਾ ਦਿਵਸ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਯੋਗਾ ਕਲਾਸਾਂ ਲਈ 76694-00500 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ’ਤੇ ਮਿਸ ਕਾਲ ਕਰਕੇ ਆਪਣੇ ਮੁਹੱਲੇ ਜਾਂ ਕਾਲੋਨੀ ਵਿੱਚ ਯੋਗਾ ਕਲਾਸਾਂ ਲਗਵਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਲੋਕ cmdiyogsala.punjab.gov.in ’ਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹਨ। ਜੇਕਰ ਕਿਸੇ ਖੇਤਰ ਵਿੱਚ 25 ਜਾਂ ਇਸ ਤੋਂ ਵੱਧ ਲੋਕਾਂ ਦਾ ਸਮੂਹ ਹੋਵੇ ਤਾਂ ਉਨ੍ਹਾਂ ਨੂੰ ਮਾਹਿਰ ਯੋਗਾ ਟ੍ਰੇਨਰਾਂ ਵੱਲੋਂ ਪਾਰਕਾਂ ਅਤੇ ਹੋਰ ਸਰਵਜਨਿਕ ਥਾਵਾਂ ’ਤੇ ਮੁਫ਼ਤ ਯੋਗਾ ਸਿਖਲਾਈ ਦਿੱਤੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਬੇਅੰਤ ਸਿੰਘ, ਐਸ.ਡੀ.ਐਮ. ਜੈਤੋ ਵਿਕਰਮਜੀਤ ਸਿੰਘ, ਡੀ.ਐੱਮ.ਸੀ. ਵਿਸ਼ਵਦੀਪ ਗੋਇਲ, ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ, ਬੀ.ਡੀ.ਪੀ.ਓ. ਜੈਤੋ ਇਕਬਾਲ ਸਿੰਘ, ਬੀ.ਡੀ.ਪੀ.ਓ. ਕੋਟਕਪੂਰਾ ਵਿਕਾਸ ਸ਼ਰਮਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।