Punjab
Government Employees Punjab: ਗੈਰ-ਹਾਜ਼ਰ ਮੁਲਾਜ਼ਮਾਂ ਨੂੰ ਜਾਰੀ ਹੋਣਗੇ ਕਾਰਨ ਦੱਸੋ ਨੋਟਿਸ
ਕਰਮਚਾਰੀ ਬੋਲੇ, ਅਸੀਂ ਘਬਰਾਉਣ ਵਾਲੇ ਨਹੀਂ, ਇੱਕ ਨਹੀਂ, ਭਾਵੇ ਹਜ਼ਾਰ ਕਰੋ ਨੋਟਿਸ ਜਾਰੀ, ਰਾਜਾ ਵੜਿੰਗ ਵੀ ਆਏ ਕਰਮਚਾਰੀਆਂ ਦੀ ਹਮਾਇਤ ’ਚ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 27 ਅਗਸਤ ਨੂੰ ਮਹਾਂ ਹੜਤਾਲ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਹੋਰ ਸਖ਼ਤੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਇਨ੍ਹਾਂ ਆਦੇਸ਼ਾਂ ਨੂੰ ਤੁਰੰਤ ਜਾਰੀ ਕਰਨ ਦੇ ਨਾਲ ਹੀ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ।
ਦੂਜੇ ਪਾਸੇ ਕਰਮਚਾਰੀ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਸਿਰੇ ਦੀ ਸੁਣਾਉਂਦਿਆਂ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਸਰਕਾਰ ਇੱਕ ਕਾਰਨ ਦੱਸੋ ਨੋਟਿਸ ਛੱਡੋ, ਇੱਕ ਹਜ਼ਾਰ ਕਾਰਨ ਦੱਸੋ ਨੋਟਿਸ ਜਾਰੀ ਕਰ ਦੇਵੇ ਪਰ ਹੁਣ ਸਰਕਾਰੀ ਕਰਮਚਾਰੀ ਕਿਸੇ ਵੀ ਹਾਲਤ ’ਚ ਪਿੱਛੇ ਨਹੀਂ ਹਟਣ ਵਾਲੇ ਹਨ। ਪੰਜਾਬ ਸਰਕਾਰ ਤੇ ਸਰਕਾਰੀ ਕਰਮਚਾਰੀਆਂ ਨਾਲ ਚੱਲ ਰਹੀ ਇਸ ਜੰਗ ’ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਉਤਰਦੇ ਹੋਏ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਗਲਤ ਕਦਮ ਉਠਾ ਰਹੀ ਹੈ ਇਹ ਸਰਕਾਰ ਨੂੰ ਭਾਰੀ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਹਰ ਵਿਭਾਗ ’ਚ ਬਣੀ ਹੋਈ ਸਰਕਾਰੀ ਕਰਮਚਾਰੀ ਯੂਨੀਅਨਾਂ ਤੇ ਜੱਥੇਬੰਦੀਆਂ ਵੱਲੋਂ ਪਹਿਲੀ ਵਾਰ ਇੱਕ ਮੰਚ ’ਤੇ ਇਕੱਠੇ ਹੁੰਦੇ ਹੋਏ 27 ਅਗਸਤ ਨੂੰ ਆਪਣੇ ਹੱਕ ਦੇ ਮਹਿੰਗਾਈ ਭੱਤੇ ਦੀ ਬਕਾਇਆ ਕਿਸ਼ਤਾਂ ਨੂੰ ਲੈ ਕੇ ਪੰਜਾਬ ਭਰ ’ਚ ਮਹਾਂ ਹੜਤਾਲ ਕੀਤੀ ਗਈ ਸੀ। ਇਹ ਮਹਾਂ ਹੜਤਾਲ ਤੋਂ ਪਹਿਲਾਂ ਸਾਰੇ ਹੀ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਲੈਣ ਦਾ ਫੈਸਲਾ ਵੀ ਕੀਤਾ ਗਿਆ ਸੀ।
ਸਰਕਾਰੀ ਕਰਮਚਾਰੀ ਯੂਨੀਅਨਾਂ ਦੇ ਆਗੂਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿੰਨ ਲੱਖ ਤੋਂ ਜ਼ਿਆਦਾ ਨੌਕਰੀ ’ਚ ਚੱਲ ਰਹੇ ਸਰਕਾਰੀ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਲੈਂਦੇ ਹੋਏ ਰੈਲੀਆਂ ’ਚ ਭਾਗ ਲਿਆ ਗਿਆ ਸੀ ਤਾਂ ਇਸ ਤੋਂ ਵੀ ਜਿਆਦਾ ਪੈਨਸ਼ਨਰਜ਼ ਵੱਲੋਂ ਇਸ ਹੜਤਾਲ ਦਾ ਸਮਰਥਨ ਕੀਤਾ ਗਿਆ ਸੀ। ਇਸ ਮਹਾਂ ਹੜਤਾਲ ਕਰਕੇ ਸਰਕਾਰ ਨੂੰ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਹੀ ਹੁਣ ਉਨ੍ਹਾਂ ਖ਼ਿਲਾਫ਼ ਕਾਰਵਾਈ ਉਲੀਕੀ ਜਾ ਰਹੀ ਹੈ ਪਰ ਉਨ੍ਹਾਂ ਨੇ ਇਹ ਹੜਤਾਲ ਛੁੱਟੀ ਲੈ ਕੇ ਕੀਤੀ ਗਈ ਸੀ, ਜੇਕਰ ਕਿਸੇ ਵੀ ਕਰਮਚਾਰੀ ਨੇ ਗਲਤੀ ਨਾਲ ਛੁੱਟੀ ਨਹੀਂ ਲਈ ਜਾਂ ਫਿਰ ਛੁੱਟੀ ਪਾਸ ਨਹੀਂ ਹੋਈ ਤਾਂ ਉਨ੍ਹਾਂ ਖ਼ਿਲਾਫ਼ ਉਹ ਕੋਈ ਵੀ ਕਾਰਵਾਈ ਨਹੀਂ ਹੋਣ ਦੇਣਗੇ।
ਸ਼ਨਿੱਚਰਵਾਰ ਨੂੰ ਛੁੱਟੀ ਵਾਲੇ ਦਿਨ ਪੰਜਾਬ ਦੇ ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਪੰਜਾਬ ਭਰ ਦੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਿਹੜੇ ਵੀ ਸਰਕਾਰੀ ਕਰਮਚਾਰੀ 27 ਅਗਸਤ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਹਾਜ਼ਰ ਸਨ ਤਾਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਸਖ਼ਤ ਕਾਰਵਾਈ ਕੀਤੀ ਜਾ ਜਾਵੇ।
ਇਨ੍ਹਾਂ ਆਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ ਇਹ ਵੀ ਪਤਾ ਚੱਲਿਆ ਹੈ ਕਿ ਹੁਣ ਤੱਕ ਲੱਗਭੱਗ 2764 ਸਰਕਾਰੀ ਕਰਮਚਾਰੀ ਗੈਰ ਹਾਜ਼ਰ ਮਿਲੇ ਹਨ, ਜਦੋਂ ਕਾਫ਼ੀ ਵਿਭਾਗਾ ’ਚ ਲਿਸਟਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਕਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।
‘‘ਕਾਰਵਾਈ ਹੋਈ ਤਾਂ ਗੰਭੀਰ ਨਤੀਜੇ ਨਿਕਲਣਗੇ’’ : ਰਾਜਾ ਵੜਿੰਗ
ਪੰਜਾਬ ’ਚ ਹੜਤਾਲ ਕਰ ਰਹੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੀ ਅਤੇ ਸਖ਼ਤ ਚਿਤਾਵਨੀ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ ਧੱਕੇਸ਼ਾਹੀ ਜਾਂ ਜ਼ਬਰਦਸਤੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿਆਸੀ ਨਤੀਜੇ ਨਿਕਲਣਗੇ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੋਕਤੰਤਰਿਕ ਢੰਗ ਨਾਲ ਆਵਾਜ਼ ਉਠਾਉਣਾ ਮੁਲਾਜ਼ਮਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਧਮਕੀਆਂ ਦੇ ਕੇ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਰਾਜਾ ਵੜਿੰਗ ਨੇ ਮੁੱਖ ਮਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਕਾਰਵਾਈ ਕਰਕੇ ਤਾਂ ਦੇਖੋ, ਉਹ ਦਿਨ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਖਰੀ ਦਿਨ ਹੋਏਗਾ।