Sirsa Road Accident: ਸਰਸਾ ਤੋਂ ਵੱਡੀ ਖਬਰ! ਸਰਸਾ-ਐਲਨਾਬਾਦ ਰੋਡ ’ਤੇ ਭਿਆਨਕ ਹਾਦਸਾ, 3 ਮੌਤਾਂ, 20 ਜ਼ਖ਼ਮੀ
Sirsa Road Accident: ਨਰਮਾ ਚੁਗਣ ਜਾ ਰਹੇ ਸਨ ਟਰਾਲੀ ਸਵਾਰ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਹਰਿਆਣਾ ਦੇ ਸਰਸਾ ਜ਼ਿਲ੍ਹੇ ਵਿੱਚ ਸਰਸਾ-ਐਲਨਾਬਾਦ ਰੋਡ ’ਤੇ ਮੱਲੇਕਾਂ ਪਿੰਡ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਰਿਪੋਰਟਾਂ ਅਨੁਸਾਰ, ਤੇਜ਼ ਰਫ਼ਤਾਰ ਟਰੱਕ ਨੇ ਇੱਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਮੁੱਢਲੀ ਜਾਣਕਾਰੀ ਅਨੁਸਾਰ, ਟਰੈਕਟਰ-ਟਰਾਲੀ ਵਿੱਚ ਨਰਮਾ ਚੁਗਣ ਵਾਲੇ ਮਜ਼ਦੂਰ ਸਵਾਰ ਸਨ। ਇਹ ਟਰਾਲੀ ਮਜ਼ਦੂਰਾਂ ਨੂੰ ਓਟੂ ਤੋਂ ਮਲਵਾਨੀ ਵੱਲ ਲੈ ਕੇ ਜਾ ਰਹੀ ਸੀ ਜਦੋਂ ਸਰਸਾ-ਏਲਨਾਬਾਦ ਰੋਡ ’ਤੇ ਮੱਲੇਕਾਂ ਨੇੜੇ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ-ਟਰਾਲੀ ’ਤੇ ਸਵਾਰ 20 ਤੋਂ 25 ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮਲੇਕਾ ਨਿਵਾਸੀ ਲਵਪ੍ਰੀਤ (32), ਓਟੂ ਨਿਵਾਸੀ ਬਲਵੀਰ ਕੌਰ (60) ਅਤੇ ਓਟੂ ਨਿਵਾਸੀ ਕਾਕੋ (30) ਵਜੋਂ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਹਫੜਾ-ਦਫੜੀ ਮੱਚ ਗਈ ਅਤੇ ਲੋਕਾਂ ਨੇ ਮੱਦਦ ਲਈ ਚੀਕ-ਚਿਹਾੜਾ ਪਾਇਆ। ਆਸ-ਪਾਸ ਮੌਜੂਦ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਪੁਲਿਸ ਨੂੰ ਸੂਚਿਤ ਕੀਤਾ।
Read Also : ਪੀਆਰਟੀਸੀ ਦਾ ਹਾਲ, ਮੁਲਾਜ਼ਮਾਂ ਦੇ ਪੱਲੇ ਤੀਜੇ ਹਿੱਸੇ ਦੀ ਤਨਖਾਹ, ਪੂਰੀ ਤਨਖਾਹ ਨੂੰ ਤਰਸੇ
ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਤਿੰਨ ਮੌਤਾਂ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ; ਟਰੱਕ ਤੇ ਟਰੈਕਟਰ-ਟਰਾਲੀ ਵਿਚਕਾਰ ਟੱਕਰ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।


