Baba Farid Festiva: ਬਾਬਾ ਫ਼ਰੀਦ ਪੁਰਬ ’ਤੇ ਐਵਾਰਡਾਂ ਨਾਲ ਸਨਮਾਨ

ਮਨੁੱਖਤਾ ਦੀ ਸੇਵਾ ਲਈ ‘ਬਾਬਾ ਫ਼ਰੀਦ ਐਵਾਰਡ’ ਅਤੇ ‘ਸ. ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ’ ਨਾਲ ਕੀਤਾ ਸਨਮਾਨ

Satinder Mathur  Picture
Published On

(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਾਬਾ ਸ਼ੇਖ ਫ਼ਰੀਦ ਜੀ ਦਾ 57ਵਾਂ ਆਗਮਨ ਪੁਰਬ-2026 ਪੰਜਵੇਂ ਅਤੇ ਆਖਰੀ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਆਗਮਨ ਪੁਰਬ ਦੇ ਸਮਾਪਤੀ ਸਮਾਗਮ ਦੌਰਾਨ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰਦੁਆਰਾ ਗੋਦੜੀ ਸਾਹਿਬ ਅਤੇ ਬਾਬਾ ਫ਼ਰੀਦ ਸੁਸਾਇਟੀ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਮੈਂਬਰਾਂ ਚਰਨਜੀਤ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਦੀਪਿੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਸਰਦਾਰਨੀ ਰਾਜਪਾਲ ਕੌਰ ਸੇਖੋਂ, ਡਾ. ਗੁਰਿੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਗੀਆ ਅਤੇ ਨਰਿੰਦਰ ਪਾਲ ਸਿੰਘ ਬਰਾੜ ਦੀ ਦੇਖ-ਰੇਖ ਹੇਠ 21 ਸਤੰਬਰ ਨੂੰ ਸ੍ਰੀ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਪ੍ਰਕਾਸ਼ ਕਰਵਾਏ ਗਏ।

ਸਮਾਗਮ ਮੌਕੇ ਮਨੁੱਖਤਾ ਦੀ ਸੇਵਾ ਅਤੇ ਨੌਜਵਾਨ ਪੀੜ੍ਹੀ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁੱਖ ਰੱਖਦਿਆਂ ਜਸਵਿੰਦਰ ਸਿੰਘ ਖ਼ਾਲਸਾ ਨੂੰ ‘ਬਾਬਾ ਫ਼ਰੀਦ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਹ ਯੂ.ਕੇ. ਵਿੱਚ ਆਪਣਾ ਕਾਰੋਬਾਰ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ‘ਐਜੂਕੇਸ਼ਨ ਪੰਜਾਬ ਪ੍ਰੋਜੈਕਟ’ ਤਹਿਤ ਸਕਾਲਰਸ਼ਿਪ ਪ੍ਰਦਾਨ ਕਰ ਰਹੇ ਹਨ।

ਇਸ ਤੋਂ ਇਲਾਵਾ ਬੱਚਿਆਂ ਦੇ ਸੰਪੂਰਨ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਅਤੇ ਕਰੀਅਰ ਸਬੰਧੀ ਸਹੀ ਦਿਸ਼ਾ ਦੇਣ ਲਈ ਕਰੀਅਰ ਕੌਂਸਲਿੰਗ ਵਰਕਸ਼ਾਪਾਂ, ਵਿੱਦਿਅਕ ਯਾਤਰਾਵਾਂ ਅਤੇ ਮੈਡੀਕਲ ਸਹਾਇਤਾ ਸਮੇਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨੇਕ ਕੰਮ ਲਈ ਉਨ੍ਹਾਂ ਨੂੰ ਸਿਰੋਪਾਓ, ਦੁਸ਼ਾਲਾ, ਸਾਈਟੇਸ਼ਨ ਅਤੇ 2 ਲੱਖ ਰੁਪਏ ਦੀ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਬਾਬਾ ਰਿਸ਼ੀ ਰਾਮ ਨੂੰ ‘ਸ. ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ’

ਇਸੇ ਤਰ੍ਹਾਂ ‘ਸ. ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ’ ਬਾਬਾ ਰਿਸ਼ੀ ਰਾਮ, ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕ ਨੂੰ ਪ੍ਰਦਾਨ ਕੀਤਾ ਗਿਆ। ਉਹ ਜੈਤੋ ਵਿਖੇ ਪਿਛਲੇ 25 ਸਾਲਾਂ ਤੋਂ ਅੱਖਾਂ ਦਾ ਚੈਰੀਟੇਬਲ ਹਸਪਤਾਲ ਚਲਾ ਕੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਅਤੇ ਮੁਫ਼ਤ ਜਾਂਚ ਸਮੇਤ ਹੋਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਮਾਜ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਮਨੁੱਖਤਾ ਦੀ ਸੇਵਾ ਵਿੱਚ ਪਾਏ ਯੋਗਦਾਨ ਲਈ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ, ਦੁਸ਼ਾਲਾ, ਸਾਈਟੇਸ਼ਨ ਅਤੇ 1 ਲੱਖ ਰੁਪਏ ਦੀ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਵਿਦਿਆਰਥੀਆਂ ਨੂੰ ਵੀ ਕੀਤਾ ਸਨਮਾਨਿਤ

ਆਗਮਨ ਪੁਰਬ ਮੌਕੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 10,000, 7,000 ਅਤੇ 5,000 ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਲਈ 2,100 ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਆਗਮਨ ਪੁਰਬ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਆਈ.ਏ.ਐਸ. ਨੂੰ ਵੀ ਸਨਮਾਨਿਤ ਕੀਤਾ ਗਿਆ।

About The Author

Related Posts